ਗੁਰਤੇਜ ਸਿੰਘ ਸਿੱਧੂ, ਬਠਿੰਡਾ : ਗ੍ਰਿਫ਼ਤਾਰ ਕੀਤੇ ਗਏ ਸ਼ਰਾਬ ਤਸਕਰਾਂ ਦੀ ਆਓ-ਭਗਤ ਕਰਨੀ ਥਾਣਾ ਤਲਵੰਡੀ ਸਾਬੋ ਦੇ ਦੋ ਥਾਣੇਦਾਰਾਂ ਤੇ ਹੌਲਦਾਰ ਨੂੰ ਮਹਿੰਗੀ ਪੈ ਗਈ। ਇਸ ਮਾਮਲੇ ਵਿਚ ਐੱਸਐੱਸਪੀ ਬਠਿੰਡਾ ਡਾ. ਨਾਨਕ ਸਿੰਘ ਨੇ ਸੋਮਵਾਰ ਨੂੰ ਥਾਣਾ ਤਲਵੰਡੀ ਸਾਬੋ ਦੇ ਦੋ ਥਾਣੇਦਾਰਾਂ ਤੇ ਇਕ ਹੌਲਦਾਰ ਨੂੰ ਮੁਅੱਤਲ ਕਰ ਦਿੱਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਕੁੱਝ ਸ਼ਰਾਬ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਰਾਤ ਸਮੇਂ ਥਾਣਾ ਤਲਵੰਡੀ ਸਾਬੋ ਦੇ ਐੱਸਐੱਚਓ ਜਦੋਂ ਡਿਊਟੀ ਤੋਂ ਚਲੇ ਗਏ ਤਾਂ ਏਐੱਸਆਈ ਧਰਮਵੀਰ ਸਿੰਘ, ਏਐੱਸਆਈ ਗੁਰਦਾਸ ਸਿੰਘ ਤੇ ਹੌਲਦਾਰ ਕੁਲਦੀਪ ਸਿੰਘ ਨੇ ਸ਼ਰਾਬ ਤਸਕਰਾਂ ਨੂੰ ਹਵਾਲਾਤ ਵਿੱਚੋਂ ਬਾਹਰ ਕੱਢ ਲਿਆ।

ਉਨ੍ਹਾਂ ਦੀ ਆਓ-ਭਗਤ ਕਰਦਿਆਂ ਚੰਗਾ ਖਾਣਾ ਖਵਾਇਆ ਗਿਆ। ਇਸਦਾ ਪਤਾ ਸਵੇਰੇ ਐੱਸਐੱਚਓ ਸੁਨੀਲ ਕੁਮਾਰ ਨੂੰ ਲੱਗਾ ਤਾਂ ਉਨ੍ਹਾਂ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਐੱਸਐੱਸਪੀ ਬਠਿੰਡਾ ਡਾ. ਨਾਨਕ ਸਿੰਘ ਜਾਣੂ ਕਰਵਾਉਦਿਆਂ ਇਸਦੀ ਸ਼ਿਕਾਇਤ ਕੀਤੀ।

ਇਸ ਮਾਮਲੇ ਦੀ ਕਾਰਵਾਈ ਗਈ ਜਾਂਚ ਬਾਅਦ ਪਾਇਆ ਗਿਆ ਕਿ ਤਿੰਨਾਂ ਨੇ ਆਪਣੀ ਡਿਊਟੀ ਵਿਚ ਕੁਤਾਹੀ ਵਰਤੀ ਹੈ। ਐੱਸਐੱਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਦੋ ਥਾਣੇਦਾਰਾਂ ਤੇ ਹੌਲਦਾਰ ਖਿਲਾਫ਼ ਅਨੁਸਾਸ਼ਨੀ ਕਾਰਵਾਈ ਕਰਦਿਆਂ ਤਿੰਨਾਂ ਨੂੰ ਮੁਅੱਤਲ ਕੀਤਾ ਗਿਆ ਹੈ।

Posted By: Jagjit Singh