ਪੱਤਰ ਪੇ੍ਰਰਕ, ਰਾਮਾਂ ਮੰਡੀ : ਰਾਮਾਂ-ਕਣਕਵਾਲ ਰੇਲਵੇ ਸਟੇਸ਼ਨਾਂ ਦੇ ਵਿਚਕਾਰੋ ਕਰੀਬ 18 ਦਿਨ ਪਹਿਲਾ ਚੋਰੀ ਹੋਏ ਰੇਲਵੇ ਦੇ ਸਮਾਨ ਸਮੇਤ ਦੋ ਨੌਜਵਾਨਾਂ ਨੂੰ ਚੋਰੀ ਕੀਤੇ ਸਮਾਨ ਸਮੇਤ ਕਾਬੂ ਕਰਨ ਵਿਚ ਰੇਲਵੇ ਪੁਲਿਸ ਦੇ ਮੁਲਾਜ਼ਮਾਂ ਨੇ ਸਫਲਤਾ ਹਾਸਲ ਕੀਤੀ ਹੈ। ਇਹ ਨੌਜਵਾਨ ਨਸ਼ਿਆਂ ਦੀ ਪੂਰਤੀ ਲਈ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ। ਜਦਕਿ ਸਮਾਨ ਖਰੀਦਣ ਵਾਲੇ ਕਬਾੜੀਏ ਨੂੰ ਪਹਿਲਾਂ ਹੀ ਕਾਬੂ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਾ ਚੁੱਕਿਆ ਹੈ। ਜਾਣਕਾਰੀ ਅਨੁਸਾਰ ਲੰਘੀ 1 ਮਈ ਨੂੰ ਦੋ ਨੌਜਵਾਨ ਰਾਮਾਂ-ਕਣਕਵਾਲ ਰੇਲਵੇ ਸਟੇਸ਼ਨ ਦੇ ਵਿਚਕਾਰ ਬਣੇ ਆਰਯੂਬੀ ਦੇ ਉੱਪਰੋਂ ਇਕ ਲੋਹੇ ਦੀ ਪਾਈਪ ਅਤੇ ਸਿਗਨਲ ਦੀ ਕੇਬਲ ਕੱਟ ਕੇ ਚੋਰੀ ਕਰਕੇ ਲੈ ਗਏ ਸਨ। ਇਸ ਮਾਮਲੇ ਵਿਚ ਆਰਪੀਐਫ ਰੇਲਵੇ ਚੌਂਕੀ ਦੇ ਇੰਚਾਰਜ ਰਵੀਕੇਸ ਦੀ ਅਗਵਾਈ ਹੇਠ ਰਾਜਕੁਮਾਰ ਏਐਸਆਈ ਅਤੇ ਮਹਿੰਦਰ ਹੈੱਡ ਕਾਂਸਟੇਬਲ ਵੱਲੋਂ ਬੀਤੇ ਦਿਨੀਂ ਤਰਸੇਮ ਸਿੰਘ ਅਤੇ ਗੁਰਦੀਪ ਸਿੰਘ ਵਾਸੀ ਰਾਮਾਂ ਮੰਡੀ ਨੂੰ ਕਾਬੂ ਕਰਕੇ ਚੋਰੀ ਦਾ ਸਮਾਨ ਵੀ ਬਰਾਮਦ ਕਰ ਲਿਆ ਹੈ। ਪੁਲਿਸ ਰਿਮਾਂਡ ਦੌਰਾਨ ਉਕਤ ਦੋਵਾਂ ਦੋਸ਼ੀਆਂ ਨੇ ਆਪਣਾ ਜੁਰਮ ਮੰਨਦੇ ਹੋਏ ਪੁਲਿਸ ਨੂੰ ਦੱਸਿਆ ਕਿ ਉਨਾਂ੍ਹ ਚੋਰੀ ਕੀਤਾ ਸਮਾਨ ਕਵਾੜੀਏ ਨੂੰ ਵੇੇਚਿਆ ਸੀ। ਉਕਤ ਦੋਵੇਂ ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਪਰਚਾ ਦਰਜ ਕਰ ਲਿਆ ਹੈ।