ਭੋਲਾ ਸਿੰਘ ਮਾਨ, ਮੌੜ ਮੰਡੀ :ਦੇਸ਼ ਦੀ ਰੱਖਿਆ ਕਰਦੇ ਹੋਏ ਜੰਮੂ ਕਸ਼ਮੀਰ ਵਿਖੇ ਸ਼ਹੀਦੀ ਜਾਮ ਪੀਣ ਵਾਲੇ ਫੌਜੀ ਜਵਾਨਾਂ ਨੂੰ ਅਤੇ ਯੂਪੀ ਦੇ ਲਖੀਮਪੁਰ ਵਿਖੇ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਖ਼ਿਲਾਫ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਹਲਕਾ ਸੇਵਾਦਾਰ ਭੁਪਿੰਦਰ ਸਿੰਘ ਗੋਰਾ ਦੀ ਅਗਵਾਈ ਹੇਠ ਸੈਕੜਿਆਂ ਦੀ ਤਦਾਦ 'ਚ ਸ਼ਹਿਰ ਵਾਸੀਆਂ ਨੇ ਕੈਂਡਲ ਮਾਰਚ ਕੱਿਢਆ। ਇਸ ਮੌਕੇ ਭੁਪਿੰਦਰ ਸਿੰਘ ਗੋਰਾ ਨੇ ਕਿਹਾ ਕਿ ਇਕ ਪਾਸੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਬੁਰੀ ਤਰ੍ਹਾਂ ਕੁਚਲ ਕੇ ਸ਼ਹੀਦ ਕੀਤਾ ਗਿਆ, ਦੂਜੇ ਪਾਸੇ ਦੇਸ਼ ਦੀ ਰਾਖੀ ਕਰਨ ਵਾਲੇ ਫੌਜੀ ਜਵਾਨ ਸਰਹੱਦਾਂ 'ਤੇ ਸ਼ਹੀਦ ਹੋ ਰਹੇ ਹਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸੱਤਾ ਦੇ ਨਸ਼ੇ 'ਚ ਚੂਰ ਹੋਈ ਮੋਦੀ ਸਰਕਾਰ ਨੂੰ ਨਾ ਤਾਂ ਕਿਸਾਨ ਦੀਆਂ ਸ਼ਹੀਦੀਆਂ ਦਿਖਾਈ ਦੇ ਰਹੀਆਂ ਹਨ ਅਤੇ ਨਾ ਹੀ ਬਾਰਡਰਾਂ 'ਤੇ ਫੌਜੀ ਜਵਾਨਾਂ ਦੀਆਂ ਸ਼ਹੀਦੀਆਂ ਦਿਖਾਈ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਆਪਣਾ ਅੜੀਅਲ ਰਵੱਈਆ ਛੱਡ ਕੇ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ ਅਤੇ ਦੇਸ਼ ਦੇ ਜਵਾਨਾਂ ਦੀ ਰੱਖਿਆ ਲਈ ਠੋਸ ਫੈਸਲੇ ਲਵੇ, ਤਾਂ ਜੋ ਦੇਸ਼ ਦੀਆ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਇਸ ਮੌਕੇ ਪਰਮਜੀਤ ਸਿੰਘ ਸ਼ੰਮੀ ਜੈਲਦਾਰ, ਸੂਬਾ ਮੀਤ ਪ੍ਰਧਾਨ ਤੀਰਥ ਰਾਮ ਸਿੰਗਲਾ, ਬਬਲੂ ਸ਼ਰਮਾ, ਰਾਜ ਕੁਮਾਰ ਸਾਬਕਾ ਕੌਂਸਲਰ, ਅੰਗਰੇਜ਼ ਫੌਜੀ, ਚੌਦਰੀ ਪੰਮਾ, ਲਛਮਣ ਸਿੰਘ ਬਲਿਆਂਵਾਲੀ, ਜਗਦੀਪ ਸਿੰਘ ਨੰਦਗੜ, ਲਾਭ ਸਿੰਘ ਸਾਬਕਾ ਸਰਪੰਚ, ਗੁਰਚਰਨ ਸਿੰਘ ਸਾਬਕਾ ਸਰਪੰਚ ਤੋਂ ਇਲਾਵਾ ਕਾਂਗਰਸੀ ਵਰਕਰ ਮੌਜੂਦ ਸਨ।