ਹਰਕ੍ਰਿਸ਼ਨ ਸ਼ਰਮਾ,ਬਠਿੰਡਾ :

ਆਮ ਆਦਮੀ ਪਾਰਟੀ (ਆਪ)ਪੋ੍ ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ (ਦੋਵੇਂ ਐਮ ਐਲ ਏ) ਅਤੇ ਜ਼ਿਲ੍ਹਾ ਪ੍ਰਧਾਨ ਨੀਲ ਗਰਗ ਨੇ ਕਿਹਾ ਕਿ ਕੋਰੋਨਾ ਕਾਲ ''ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਲੋਕਾਂ ਨੂੰ ਚੰਗਾ ਇਲਾਜ ਪ੍ਰਦਾਨ ਕਰਨ ਵਿੱਚ ਫ਼ੇਲ ਹੋਈ ਹੈ, ਜਿਸ ਕਾਰਨ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ ਹਸਪਤਾਲਾਂ ''ਚ ਇਲਾਜ ਪ੍ਰਰਾਪਤ ਨਾ ਹੋਣ ਕਾਰਨ ਹੁੱਣ ਰੱਬ ਸਹਾਰੇ ਦਿਨ ਕੱਟਣ ਲਈ ਮਜਬੂਰ ਹਨ।

ਐਤਵਾਰ ਨੂੰ ਪੋ੍ ਬਲਜਿੰਦਰ ਕੌਰ/ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਬਠਿੰਡਾ ਦੇ ਕੈਂਸਰ ਹਸਪਤਾਲ, ਜਿਸ ਵਿੱਚ ਹਰ ਰੋਜ਼ ਬਠਿੰਡਾ - ਮਾਨਸਾ ਤੇ ਇਥੋਂ ਤਕ ਹਰਿਆਣਾ ਤੇ ਰਾਜਸਥਾਨ ਦੇ 300 ਤੋਂ ਵੱਧ ਮਰੀਜ਼ ਇਲਾਜ ਕਰਵਾਉਣ ਲਈ ਆਉਂਦੇ ਸਨ, ਉਸ ਨੂੰ ਕੋਵਿਡ ਕੇਅਰ ਸੈਂਟਰ ਵਿੱਚ ਤਬਦੀਲ ਕਰਨਾ, ਮਰੀਜ਼ਾਂ ਨੂੰ ਰੱਬ ਆਸਰੇ ਛੱਡਣਾ ਹੈ। ਕੈਪਟਨ ਸਰਕਾਰ ਨੇ ਪਿਛਲੇ ਚਾਰ ਸਾਲਾਂ ਦੇ ਆਪਣੇ ਰਾਜਕਾਲ ਦੌਰਨ ਸਿਹਤ ਸੇਵਾਵਾਂ ਲਈ ਕੁੱਝ ਨਹੀਂ ਕੀਤਾ। ਇੱਥੋ ਤੱਕ ਕਿ ਕੋਰੋਨਾ ਮਹਾਮਾਰੀ ਨੂੰ ਦੇਖ ਕੇ ਵੀ ਨਾ ਕੋਈ ਨਵਾਂ ਹਸਪਤਾਲ ਬਣਾਇਆ ਹੈ ਅਤੇ ਨਾ ਹੀ ਡਾਕਟਰਾਂ ਸਮੇਤ ਪੈਰਾ ਮੈਡੀਕਲ ਸਟਾਫ਼ ਦੀ ਭਰਤੀ ਕੀਤੀ ਹੈ। ਉਨਾਂ੍ਹ ਕਿਹਾ ਕਿ ਜਿਸ ਹਸਪਤਾਲ ਵਿਚ ਹਰ ਰੋਜ਼ 8 ਤੋਂ ਵੱਧ ਸਰਜਰੀ ਹੁੰਦੀਆਂ ਸੀ, ਹੁਣ ਹਸਪਤਾਲ ਬੰਦ ਹੋਣ ਤੇ ਉਹ ਮਰੀਜ਼ ਕਿਥੇ ਜਾਣਗੇ।

ਕੋਰੋਨਾ ਦੀ ਦੂਜੀ ਲਹਿਰ ਦੇ ਚੱਲਦਿਆਂ ਸੂਬੇ ''ਚ ਕੋਰੋਨਾ ਪੀੜਤਾਂ ਦੀ ਗਿਣਤੀ ਅਤੇ ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕੈਪਟਨ ਸਰਕਾਰ ਨੇ ਕੋਰੋਨਾ ਪੀੜਤਾਂ ਦੇ ਇਲਾਜ ਦੇ ਨਾਂ ''ਤੇ ਸਰਕਾਰੀ ਹਸਪਤਾਲਾਂ ਦੀਆਂ ਓ.ਪੀ.ਡੀਜ਼ ਅਤੇ ਹੋਰ ਗੰਭੀਰ ਬਿਮਾਰੀਆਂ ਦੇ ਇਲਾਜ ਬੰਦ ਕਰ ਦਿੱਤੇ ਹਨ। ਜਿਸ ਕਾਰਨ ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤ ਇਲਾਜ ਤੋਂ ਬਿਨਾਂ ਤੜਪ ਰਹੇ ਹਨ, ਉਹ ਇਲਾਜ ਕਰਾਉਣ ਲਈ ਕਿਥੇ ਜਾਣ। ਵਿਧਾਇਕਾ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਸੂਬੇ ਦੇ ਬੰਦ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਹਾਤਿਆਂ ਨੂੰ ਕੋਰੋਨਾ ਪੀੜਤਾਂ ਦੇ ਇਲਾਜ ਲਈ ਕੋਵਿਡ ਸੈਂਟਰਾਂ ਵਜੋਂ ਵਰਤੋਂ ਵਿੱਚ ਲਿਆਂਉਂਦੀ।

ਜ਼ਿਲ੍ਹਾ ਪ੍ਰਧਾਨ ਨੀਲ ਗਰਗ ਨੇ ਕੈਪਟਨ ਸਰਕਾਰ ''ਤੇ ਦੋਸ਼ ਲਾਇਆ ਕਿ ਸੂਬੇ 'ਚ ਸਿਹਤ ਸੇਵਾਵਾਂ ਦਾ ਢਾਂਚਾ ਵਿਕਸਤ ਕਰਨ ਦੀ ਥਾਂ ਸਰਕਾਰ ਨੇ ਹੋਰ ਗੰਭੀਰ ਬਿਮਾਰੀਆਂ ਦਾ ਇਲਾਜ ਹੀ ਬੰਦ ਕਰ ਦਿੱਤਾ ਹੈ। ਇਸ ਦੀ ਉਦਾਹਰਨ ਬਠਿੰਡਾ ਦੇ ਕੈਂਸਰ ਹਸਪਤਾਲ ਤੋਂ ਮਿਲਦੀ ਹੈ, ਜਿਥੇ ਕੈਂਸਰ ਪੀੜਤਾਂ ਦਾ ਇਲਾਜ ਬੰਦ ਕਰਕੇ ਇਥੇ ਕੋਵਿਡ ਸੈਂਟਰ ਬਣਾ ਦਿੱਤਾ ਗਿਆ ਹੈ। ਉਨਾਂ੍ਹ ਕਿਹਾ ਕਿ ਸੂਬੇ ''ਚ ਹੋ ਰਹੀ ਇਲਾਜ ਦੀ ਘਾਟ ਨੇ ਕੈਪਟਨ ਸਰਕਾਰ ਦੀ ਅਸਫ਼ਲਤਾ ਅਤੇ ਸਿਹਤ ਢਾਂਚੇ ਦੀ ਮਾੜੀ ਹਾਲਤ ਨੂੰ ਨੰਗਾ ਕਰ ਦਿੱਤਾ ਹੈ। ਹਸਪਤਾਲਾਂ ਦੀਆਂ ਓ.ਪੀ.ਡੀਜ਼ ਬੰਦ ਹੋਣ ਕਾਰਨ ਹੁਣ ਕੈਂਸਰ, ਦਿਲ ਦੀਆਂ ਬਿਮਾਰੀਆਂ,ਕਿਡਨੀਆਂ, ਸ਼ੂਗਰ ਆਦਿ ਤੋਂ ਪੀੜਤ ਆਪਣਾ ਇਲਾਜ ਕਰਾਉਣ ਲਈ ਕਿੱਥੇ ਜਾਣ। ਦੂਜੇ ਪਾਸੇ ਸੂਬੇ ਦੇ ਨਿੱਜੀ ਹਸਪਤਾਲਾਂ ਵਿੱਚ ਲੋਕਾਂ ਦੀ ਇਲਾਜ ਦੇ ਨਾਂ ''ਤੇ ਆਰਥਿਕ ਲੁੱਟ ਹੋ ਰਹੀ ਹੈ। ਉਨਾਂ੍ਹ ਕਿਹਾ ਕਿ ਕੈਪਟਨ ਸਰਕਾਰ ਨੇ ਹੋਰ ਬਿਮਾਰੀਆਂ ਤੋਂ ਪੀੜਤ ਮਰੀਜਾਂ ਨੂੰ ਰੱਬ ਆਸਰੇ ਛੱਡ ਦਿੱਤਾ ਹੈ।

ਆਪ ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਗੰਭੀਰ ਬਿਮਾਰੀਆਂ ਤੋਂ ਪੀੜਤਾਂ ਦਾ ਇਲਾਜ ਨਾ ਰੋਕਿਆ ਜਾਵੇ ਤੇ ਕੋਵਿਡ ਦੇ ਇਲਾਜ ਲਈ ਸਕੂਲ, ਕਾਲਜ ਅਤੇ ਹੋਰ ਇਮਾਰਤਾਂ ਵਿੱਚ ਅਸਥਾਈ ਕਵਿਡ ਸੈਂਟਰ ਬਣਾਏ ਜਾਣ। ਸਰਕਾਰ ਸੂਬੇ ਵਿੱਚ ਸਿਹਤ ਸੇਵਾਵਾਂ ਦਾ ਸੁਚੱਜਾ ਢਾਂਚਾ ਕਾਇਮ ਕਰੇ ਤਾਂ ਜੋ ਲੋਕਾਂ ਨੂੰ ਮੌਤ ਦੇ ਮੂੰਹ ਜਾਣ ਤੋਂ ਬਚਾਇਆ ਜਾ ਸਕੇ।