ਦੀਪਕ ਸ਼ਰਮਾ, ਬਠਿੰਡਾ : 30 ਜਨਵਰੀ ਦੀ ਰਾਤ ਨੂੰ ਸ਼ਹਿਰ ਦੀ ਦਾਣਾ ਮੰਡੀ 'ਚ ਇਕ ਦੁਕਾਨਦਾਰ ਤੋਂ ਅਣਪਛਾਤੇ ਲੁਟੇਰਿਆਂ ਨੇ ਸਾਢੇ ਚਾਰ ਲੱਖ ਰੁਪਏ ਲੁੱਟ ਲਏ ਗਏ ਸਨ, ਜਿਸ ਦੀ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ। ਪਰ ਲੁਟੇਰੇ ਨਾ ਫੜੇ ਜਾਣ ਦੇ ਵਿਰੋਧ 'ਚ ਦੁਕਾਨਦਾਰਾਂ ਨੇ ਮੁਲਤਾਨੀਆ ਰੋਡ 'ਤੇ ਧਰਨਾ ਲਗਾ ਕੇ ਸੜਕ ਜਾਮ ਕਰ ਦਿੱਤੀ। ਇਸ ਦੌਰਾਨ ਧਰਨਾਕਾਰੀਆਂ ਦੀ ਡੀਐੱਸਪੀ ਵਿਸ਼ਵਜੀਤ ਸਿੰਘ ਮਾਨ ਦਰਮਿਆਨ ਕਾਫ਼ੀ ਬਹਿਸਬਾਜ਼ੀ ਹੋਈ। ਜਦੋਂ ਲੋਕਾਂ ਨੇ ਲੁਟੇਰੇ ਨੂੰ ਫੜਨ ਦੀ ਗੱਲ ਕੀਤੀ ਤਾਂ ਡੀਐੱਸਪੀ ਨੇ ਕਿਹਾ ਕਿ ਤੁਸੀਂ ਦੱਸੋ ਕਿਸ ਨੇ ਲੁੱਟ ਕੀਤੀ ਹੈ, ਅਸੀਂ ਉਨਾਂ੍ਹ ਨੂੰ ਫੜ ਲਵਾਂਗੇ। ਇਸ 'ਤੇ ਦੁਕਾਨਦਾਰਾਂ ਭੜਕ ਉੱਠੇ ਤੇ ਉਨਾਂ੍ਹ ਕਿਹਾ ਕਿ ਇਹ ਕੰਮ ਦੁਕਾਨਦਾਰਾਂ ਦਾ ਨਹੀਂ ਸਗੋਂ ਪੁਲਿਸ ਦਾ ਹੈ। ਉਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਅਧਿਕਾਰੀ ਆਪਸ ਵਿਚ ਬਹਿਸ ਪਏ ਅਤੇ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਾਅਦ ਡੀਐੱਸਪੀ ਨੇ ਪੰਜ ਦਿਨਾਂ ਵਿਚ ਲੁਟੇਰਿਆਂ ਨੂੰ ਫੜਨ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਧਰਨਾਕਾਰੀ ਸ਼ਾਂਤ ਹੋਏ। ਜਾਣਕਾਰੀ ਅਨੁਸਾਰ ਦੀਪਕ ਬਾਂਸਲ ਦੀ ਦਾਣਾ ਮੰਡੀ ਵਿਚ ਮੁੱਖ ਸੜਕ 'ਤੇ ਬਾਂਸਲ ਫੋਟੋ ਸਟੇਟ ਅਤੇ ਮੋਬਾਈਲ ਦੀ ਦੁਕਾਨ ਹੈ। 30 ਜਨਵਰੀ ਦੀ ਰਾਤ ਨੂੰ ਜਦੋਂ ਉਹ ਦੁਕਾਨ ਬੰਦ ਕਰਕੇ ਘਰ ਜਾ ਰਿਹਾ ਸੀ ਤਾਂ ਤਿੰਨ ਨੌਜਵਾਨ ਉਸ ਦਾ ਬੈਗ ਖੋਹ ਕੇ ਫ਼ਰਾਰ ਹੋ ਗਏ, ਜਿਸ ਵਿੱਚ 3 ਲੱਖ ਰੁਪਏ ਦੀ ਨਕਦੀ ਅਤੇ ਡੇਢ ਲੱਖ ਰੁਪਏ ਦੇ 11 ਮੋਬਾਈਲ ਫੋਨ ਸਨ। ਦੀਪਕ ਬਾਂਸਲ ਨੇ ਦੱਸਿਆ ਕਿ ਮੋਟਰਸਾਈਕਲ 'ਤੇ ਦੋ ਨੌਜਵਾਨ ਬੈਠੇ ਸਨ ਅਤੇ ਇਕ ਪੈਦਲ ਆ ਰਿਹਾ ਸੀ। ਜਦੋਂ ਉਹ ਦੁਕਾਨ ਤੋਂ ਬਾਹਰ ਨਿਕਲਿਆ ਤਾਂ ਪੈਦਲ ਜਾ ਰਹੇ ਵਿਅਕਤੀ ਨੇ ਉਸਦਾ ਬੈਗ ਖੋਹ ਲਿਆ, ਜਿਸ ਤੋਂ ਬਾਅਦ ਉਹ ਮੋਟਰਸਾਈਕਲ 'ਤੇ ਬੈਠ ਕੇ ਫ਼ਰਾਰ ਹੋ ਗਿਆ। ਹਾਲਾਂਕਿ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ। ਪਰ ਅਜੇ ਤਕ ਕੋਈ ਵੀ ਲੁਟੇਰਾ ਫੜਿ੍ਹਆ ਨਹੀਂ ਗਿਆ ਹੈ। ਇਸ ਕਾਰਨ ਉਨਾਂ੍ਹ ਨੂੰ ਮਜਬੂਰੀ ਵੱਸ ਧਰਨਾ ਦੇਣਾ ਪਿਆ। ਇਸ ਦੌਰਾਨ ਦੁਕਾਨਦਾਰਾਂ ਨੇ ਇਹ ਵੀ ਦੋਸ਼ ਲਾਇਆ ਕਿ ਪਹਿਲਾਂ ਵੀ ਦਾਣਾ ਮੰਡੀ ਵਿਚ ਕਈ ਦੁਕਾਨਾਂ ਵਿੱਚ ਚੋਰੀਆਂ ਹੋ ਚੁੱਕੀਆਂ ਹਨ, ਪਰ ਹੁਣ ਤੱਕ ਪੁਲਿਸ ਇਨਾਂ੍ਹ ਚੋਰੀਆਂ ਨੂੰ ਰੋਕ ਨਹੀਂ ਸਕੀ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਸ਼ਹਿਰ ਵਿਚ ਲੁੱਟ ਖੋਹ ਤੇ ਚੋਰੀਆਂ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਆਮ ਲੋਕ ਡਰ ਤੇ ਸਹਿਮ ਦੇ ਮਾਹੌਲ ਵਿਚ ਹਨ।

ਦੁਕਾਨਦਾਰਾਂ ਨੇ ਡੀਐੱਸਪੀ ਅੱਗੇ ਇਹ ਮੁੱਦਾ ਵੀ ਉਠਾਇਆ ਕਿ ਦਾਣਾ ਮੰਡੀ ਦੇ ਰਾਮਬਾਗ ਰੋਡ 'ਤੇ ਰਾਤ ਸਮੇਂ ਕਈ ਲੋਕ ਸ਼ਰਾਬ ਪੀਂਦੇ ਹਨ, ਜਿਸ ਕਾਰਨ ਅਕਸਰ ਹੀ ਕੋਈ ਘਟਨਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਜੇਕਰ ਕੋਈ ਪੀਸੀਆਰ ਮੁਲਾਜ਼ਮ ਵੀ ਆਉਂਦੇ ਹਨ ਤਾਂ ਉਹ ਸ਼ਰਾਬੀਆਂ ਨੂੰ ਫੜ੍ਹਨ ਦੀ ਬਜਾਏ ਆਪਣੇ ਮੋਟਰਸਾਈਕਲ ਦਾ ਹੂਟਰ ਵਜਾ ਦਿੰਦੇ ਹਨ, ਜਿਸ ਤੋਂ ਬਾਅਦ ਸੂਚਨਾ ਮਿਲਣ 'ਤੇ ਦੋਸ਼ੀ ਫਰਾਰ ਹੋ ਜਾਂਦੇ ਹਨ। ਜਦੋਂਕਿ ਪੁਲਿਸ ਨੂੰ ਇੱਥੇ ਸਿਵਲ ਵਰਦੀ ਵਿਚ ਮੁਲਾਜ਼ਮ ਤਾਇਨਾਤ ਕਰਨੇ ਚਾਹੀਦੇ ਸਨ। ਇਸ ਦੇ ਨਾਲ ਹੀ ਸ਼ੱਕੀ ਵਾਹਨਾਂ 'ਤੇ ਨਜ਼ਰ ਰੱਖਣ ਲਈ ਕਾਰਵਾਈ ਕੀਤੀ ਜਾਵੇ। ਇਸ ਮੌਕੇ ਡੀਐਸਪੀ ਮਾਨ ਨੇ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਕਿ ਸ਼ਰਾਬ ਪੀਣ ਵਾਲਿਆਂ ਨੂੰ ਹਟਾਉਣ ਲਈ ਪੁਲਿਸ ਦੀ ਗਸ਼ਤ ਵਧਾਈ ਜਾਵੇਗੀ। ਇਸ ਦੇ ਨਾਲ ਹੀ ਸਿਵਲ ਕੱਪੜਿਆਂ ਵਿਚ ਵੀ ਪੁਲਿਸ ਮੁਲਾਜ਼ਮ ਤਾਇਨਾਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬਿਨਾਂ ਨੰਬਰ ਪਲੇਟ ਵਾਲੇ ਵਾਹਨਾਂ 'ਤੇ ਕਾਰਵਾਈ ਕਰਨ ਲਈ ਪੁਲਿਸ ਨੇ ਮੌਕੇ 'ਤੇ ਵਾਹਨਾਂ ਨੂੰ ਰੋਕ ਕੇ ਤਲਾਸ਼ੀ ਸ਼ੁਰੂ ਕਰ ਦਿੱਤੀ।