ਦੀਪਕ ਸ਼ਰਮਾ, ਬਠਿੰਡਾ : ਪੁਲਿਸ ਦੇ ਵਿਸ਼ੇਸ਼ ਦਸਤੇ ਨੇ ਤਿੰਨ ਨੌਜਵਾਨਾਂ ਨੂੰ ਨਾਜਾਇਜ਼ ਅਸਲੇ ਸਮੇਤ ਗਿ੍ਫ਼ਤਾਰ ਕੀਤਾ ਹੈ। ਉਕਤ ਨੌਜਵਾਨਾਂ ਕੋਲੋਂ 32 ਬੋਰ ਤੇ 12 ਬੋਰ ਦੇ ਦੋ ਦੇਸੀ ਪਿਸਤੌਲ ਤੇ 8 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੀ ਪਛਾਣ ਲੱਕੀ ਖੋਖਰ ਉਰਫ ਡੈਨਿਸ ਵਾਸੀ ਬਸਤੀ ਨੰਬਰ 6 ਬੀੜ ਤਲਾਬ ਮੁਲਤਾਨੀਆ ਰੋਡ, ਪੁਨੀਤ ਵਰਮਾ ਵਾਸੀ ਪਰਸਰਾਮ ਨਗਰ ਤੇ ਬਿਕਰਮਜੀਤ ਸਿੰਘ ਵਾਸੀ ਨਾਮਦੇਵ ਰੋਡ ਵਜੋਂ ਹੋਈ ਹੈ। ਮੁਲਜ਼ਮ ਲੱਕੀ ਖਿਲਾਫ ਇਸ ਤੋਂ ਪਹਿਲਾਂ ਵੀ ਵੱਖ-ਵੱਖ ਥਾਣਿਆਂ 'ਚ ਨਸ਼ਾ ਤਸਕਰੀ, ਕੁੱਟਮਾਰ ਤੇ ਨਾਜਾਇਜ਼ ਅਸਲਾ ਰੱਖਣ ਦੇ ਦੋਸ਼ ਹੇਠ ਪੰਜ ਮੁਕੱਦਮੇ ਦਰਜ ਹਨ। ਇਸੇ ਤਰਾਂ੍ਹ ਬਿਕਰਮਜੀਤ ਸਿੰਘ ਖਿਲਾਫ਼ ਥਾਣਾ ਸਿਵਲ ਲਾਈਨ ਵਿਖੇ ਐੱਨਡੀਪੀਐੱਸ ਐਕਟ ਅਧੀਨ ਪਰਚਾ ਦਰਜ ਹੈ। ਇਸ ਸਬੰਧੀ ਸਪੈਸ਼ਲ ਸਟਾਫ ਦੇ ਇੰਚਾਰਜ ਐੱਸਆਈ ਤਰਜਿੰਦਰ ਸਿੰਘ ਨੇ ਦੱਸਿਆ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਤਿੰਨ ਨੌਜਵਾਨ ਨਾਜਾਇਜ਼ ਅਸਲਾ ਲੈ ਕੇ ਸਥਾਨਕ ਥਰਮਲ ਪਲਾਂਟ ਦੇ ਕੋਲ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਘੁੰਮ ਰਹੇ ਹਨ। ਇਸ 'ਤੇ ਕਾਰਵਾਈ ਕਰਦਿਆਂ ਉਕਤ ਇਲਾਕੇ ਵਿਚ ਸਖਤ ਨਾਕਾਬੰਦੀ ਕਰ ਦਿੱਤੀ ਗਈ। ਇਸ ਦੌਰਾਨ ਏਐੱਸਆਈ ਹਰਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਥਰਮਲ ਪਲਾਂਟ ਕੋਲੋਂ ਉਕਤ ਮੁਲਜ਼ਮਾਂ ਨੂੰ ਕਾਬੂ ਕੀਤਾ।