v> ਗੁਰਤੇਜ ਸਿੰਘ ਸਿੱਧੂ, ਲਹਿਰਾ ਮੁਹੱਬਤ (ਬਠਿੰਡਾ) : ਜੀਐੱਚਟੀਪੀ ਕੰਟਰੈਕਟ ਵਰਕਰਜ਼ ਯੂਨੀਅਨ ਨਾਲ ਸਬੰਧਿਤ ਤਿੰਨ ਕਾਮੇ ਤਨਖਾਹਾਂ ਕੱਟੇ ਜਾਣ ਦੇ ਰੋਸ ਵਜੋਂ ਲਹਿਰਾ ਮੁਹੱਬਤ ਥਰਮਲ ਦੇ ਨਾਲ ਲੱਗਦੇ ਮੋਬਾਈਲ ਟਾਵਰ ਉੱਪਰ ਚੜ੍ਹ ਗਏ। ਕੱਚੇ ਮੁਲਾਜ਼ਮਾਂ ਦੇ ਟਾਵਰ ਉੱਪਰ ਚੜ੍ਹ ਜਾਣ ਦਾ ਪਤਾ ਲੱਗਦਿਆਂ ਹੀ ਲਹਿਰਾ ਮੁਹੱਬਤ ਥਰਮਲ ਦੇ ਅਧਿਕਾਰੀਆਂ ਵਿਚ ਹੜਕੰਪ ਮਚ ਗਿਆ। ਕੱਚੇ ਕਾਮਿਆਂ ਨੇ ਥਰਮਲ ਦੀ ਚਿਮਨੀ ਕੋਲ ਧਰਨਾ ਵੀ ਲਗਾ ਦਿੱਤਾ ਹੈ। ਮੁਲਾਜ਼ਮਾਂ ਦੇ ਟਾਵਰ ’ਤੇ ਚੜ੍ਹ ਜਾਣ ਦਾ ਪਤਾ ਲੱਗਦਿਆਂ ਹੀ ਥਾਣਾ ਨਥਾਣਾ ਦੇ ਐੱਸਐੱਚਓ ਰਾਜਿੰਦਰ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਜੀਐੱਚਟੀਪੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਜਗਰੂਪ ਸਿੰਘ ਤੇ ਜਰਨਲ ਸਕੱਤਰ ਜਗਸੀਰ ਸਿੰਘ ਭੰਗੂ ਨੇ ਕਿਹਾ ਹੈ ਕਿ ਕੋਰੋਨਾ ਮਹਾਮਾਰੀ ਦੇ ਕਾਰਨ ਸਿਵਲ ਸਰਕਲ ਸੈੱਲ (ਐੱਮਐੱਮ 1) ਦੇ ਐੱਸਡੀਓ ਵੱਲੋਂ ਕੱਚੇ ਕਾਮਿਆਂ ਨੂੰ ਪੂਰੇ ਮਹੀਨੇ ਦੀ ਤਨਖਾਹ ਦੇਣ ਦਾ ਵਾਅਦਾ ਕਰਕੇ ਲਾਕਡਾਊਨ ਦੌਰਾਨ 50 ਕੱਚੇ ਕਾਮਿਆਂ ਨੂੰ ਹੀ ਡਿਊਟੀ ਆਉਣ ਲਈ ਕਿਹਾ ਸੀ ਪਰ ਫਰਮ ਵੱਲੋਂ ਅਪ੍ਰੈਲ ਮਹੀਨੇ ਦੀ ਅੱਧੀ ਤਨਖਾਹ ਹੀ ਕੱਚੇ ਕਾਮਿਆਂ ਦੇ ਖਾਤਿਆਂ ਵਿੱਚ ਪਾਈ ਹੈ। ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਪਟਿਆਲਾ ਦੇ ਆਦੇਸ਼ਾਂ ਮੁਤਾਬਿਕ ਕੋਵਿਡ-19 ਮਹਾਮਾਰੀ ਦੌਰਾਨ ਕਿਸੇ ਵੀ ਕੱਚੇ ਕਾਮੇ ਦੀ ਤਨਖ਼ਾਹ ਨਾ ਕੱਟਣ ਦੀ ਹਦਾਇਤ ਕੀਤੀ ਹੋਈ ਹੈ ਪਰ ਉਕਤ ਐੱਸਡੀਓ ਅਤੇ ਫਰਮ ਵੱਲੋਂ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਪਟਿਆਲਾ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਕੱਚੇ ਕਾਮਿਆਂ ਨੂੰ ਅੱਧੀ ਤਨਖਾਹ ਹੀ ਦਿੱਤੀ ਗਈ ਹੈ। ਜਥੇਬੰਦੀ ਵੱਲੋਂ ਥਰਮਲ ਮੈਨੇਜਮੈਂਟ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ 12 ਮਈ ਨੂੰ ਮੰਗ-ਪੱਤਰ ਦੇ ਕੇ ਤਨਖਾਹ ਪੂਰਤੀ ਦੀ ਮੰਗ ਕੀਤੀ ਸੀ ਪਰ ਅੱਜ ਵੀਹ ਦਿਨ ਬੀਤ ਜਾਣ ਦੇ ਬਾਵਜੂਦ ਥਰਮਲ ਮੈਨੇਜਮੈਂਟ ਵੱਲੋਂ ਤਨਖ਼ਾਹ ਕਟੌਤੀ ਦੇ ਮਸਲੇ ਨੂੰ ਲੈ ਕੇ ਕੋਈ ਵੀ ਸੰਜੀਦਾ ਕਦਮ ਨਹੀਂ ਚੁੱਕਿਆ ਗਿਆ, ਜਿਸ ਦੇ ਰੋਸ ਵਜੋਂ ਅੱਜ ਤਿੰਨ ਕਾਮੇ ਮੋਬਾਈਲ ਟਾਵਰ ਉੱਪਰ ਚੜ ਗਏ ਹਨ।

Posted By: Susheel Khanna