ਦੀਪਕ ਸ਼ਰਮਾ, ਬਠਿੰਡਾ : ਸਿਰ ਚੜ੍ਹੇ ਕਰਜ਼ੇ ਦੀ ਪੰਡ ਦਾ ਬੋਝ ਨਾ ਝੱਲਦਿਆਂ ਹੋਇਆਂ ਦੋ ਵਿਅਕਤੀਆਂ ਵੱਲੋਂ ਫਾਹਾ ਲਗਾ ਕੇ ਖ਼ੁਦਕੁਸ਼ੀ ਕਰਨ ਅਤੇ ਇਕ ਨਾਬਾਲਗ ਨੌਜਵਾਨ ਵੱਲੋਂ ਘਰੇਲੂ ਝਗੜੇ ਤੋਂ ਤੰਗ ਆ ਕੇ ਆਪਣੀ ਜੀਵਨ ਕਹਾਣੀ ਖ਼ਤਮ ਕਰਨ ਲਈ ਸੂਚਨਾ ਪ੍ਰਾਪਤ ਹੋਈ ਹੈ। ਕਰਜ਼ੇ ਕਾਰਨ ਖ਼ੁਦਕੁਸ਼ੀ ਕਰਨ ਵਾਲੇ ਵਿਅਕਤੀ ਗਰੀਬ ਪਰਿਵਾਰਾਂ ਨਾਲ ਸਬੰਧਤ ਸਨ ਅਤੇ ਉਨ੍ਹਾਂ ਸਿਰ ਲੱਖਾਂ ਰੁਪਏ ਦਾ ਕਰਜ਼ਾ ਸੀ ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪਰੇਸ਼ਾਨ ਚੱਲ ਰਹੇ ਸਨ।

ਜਾਣਕਾਰੀ ਅਨੁਸਾਰ ਥਾਣਾ ਤਲਵੰਡੀ ਸਾਬੋ ਦੇ ਪਿੰਡ ਜਗਾ ਰਾਮ ਤੀਰਥ ਦੇ ਵਸਨੀਕ ਮਹਿੰਦਰ ਸਿੰਘ 45 ਸਾਲਾ ਨੇ ਸਵੇਰੇ 8 ਵਜੇ ਦੇ ਕਰੀਬ ਖੇਤ ਵਿਚ ਜਾ ਕੇ ਦਰੱਖਤਾਂ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਸੂਚਨਾ ਮਿਲਣ ’ਤੇ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਤਲਵੰਡੀ ਸਾਬੋ ਦੇ ਸਰਕਾਰੀ ਹਸਪਤਾਲ ਵਿਚ ਪਹੁੰਚਾਇਆ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਮਹਿੰਦਰ ਸਿੰਘ ਨੇ ਪ੍ਰਾਈਵੇਟ ਕਮਿਸ਼ਨ ਏਜੰਟ ਕੋਲੋਂ ਲੱਖ ਰੁਪਇਆ ਕਰਜ਼ਾ ਲਿਆ ਹੋਇਆ ਸੀ ਜਿਸ ਕਾਰਨ ਉਹ ਕਾਫ਼ੀ ਦਿਨਾਂ ਤੋਂ ਪਰੇਸ਼ਾਨ ਚੱਲ ਰਿਹਾ ਸੀ। ਇਸੇ ਤਰ੍ਹਂ ਥਾਣਾ ਸੰਗਤ ਦੇ ਪਿੰਡ ਪੱਕਾ ਕਲਾਂ ਦੇ ਵਸਨੀਕ ਸਤੀਸ਼ ਕੁਮਾਰ ਨੇ ਸਵੇਰੇ 7 ਵਜੇ ਦੇ ਕਰੀਬ ਖੇਤ ਵਿਚ ਜਾ ਕੇ ਦਰੱਖਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਸਤੀਸ਼ ਕੁਮਾਰ ਸਿਰ ਚੜ੍ਹੇ ਕਰਜ਼ੇ ਕਾਰਨ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦਾ ਸੀ ਜਿਸ ਕਾਰਨ ਉਸ ਨੇ ਖ਼ੁਦਕੁਸ਼ੀ ਕੀਤੀ ਹੈ।

ਇਸੇ ਤਰ੍ਹਾਂ ਥਾਣਾ ਤਲਵੰਡੀ ਸਾਬੋ ਦੇ ਪਿੰਡ ਬਹਿਮਣ ਜੱਸਾ ਸਿੰਘ ਦੇ ਵਸਨੀਕ ਅਰਸ਼ਦੀਪ ਸਿੰਘ 16 ਸਾਲਾ ਨੇ ਬਾਅਦ ਦੁਪਹਿਰ ਸਾਢੇ 3 ਵਜੇ ਦੇ ਕਰੀਬ ਆਪਣੇ ਘਰ ਵਿਚ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਉਕਤ ਨੌਜਵਾਨ ਘਰੇਲੂੂ ਝਗੜੇ ਕਾਰਨ ਮਾਨਸਿਕ ਤੌਰ ’ਤੇ ਪਰੇਸ਼ਾਨ ਚੱਲ ਰਿਹਾ ਸੀ ਜਿਸ ਕਾਰਨ ਉਸ ਨੇ ਆਤਮ ਹੱਤਿਆ ਦਾ ਰਾਹ ਅਖਤਿਆਰ ਕੀਤਾ। ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਤਲਵੰਡੀ ਸਾਬੋ ਦੇ ਹਸਪਤਾਲ ਵਿਚ ਪਹੁੰਚਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Posted By: Jagjit Singh