ਭੋਲਾ ਸਿੰਘ ਮਾਨ, ਮੌੜ ਮੰਡੀ : ਪਿੰਡ ਥੰਮਣਗੜ੍ਹ ਵਿਖੇ ਚੱਲ ਰਹੇ ਕ੍ਰਿਕਟ ਟੂਰਨਾਮੈਂਟ 'ਚ ਦੋ ਚਚੇਰੇ ਭਰਾਵਾਂ ਵਿਚਕਾਰ ਚੱਲੀ ਗੋਲੀ 'ਚ ਕਾਂਗਰਸੀ ਆਗੂ ਤਰਨਪਾਲ ਸਿੰਘ ਦੀ ਮੌਤ ਹੋਣ ਤੋਂ ਬਾਅਦ ਥਾਣਾ ਮੌੜ ਦੀ ਪੁਲਿਸ ਨੇ ਮਿ੍ਤਕ ਦੇ ਭਰਾ ਮਨਜਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਥੰਮਣਗੜ੍ਹ ਦੇ ਬਿਆਨਾ ਦੇ ਆਧਾਰ 'ਤੇ ਚਚੇਰੇ ਭਾਈ ਗੁਰਜੀਤ ਸਿੰਘ ਉਰਫ ਗੱਗੀ ਵਾਸੀ ਥੰਮਣਗੜ੍ਹ ਹਾਲਅਬਾਦ ਤਲਵੰਡੀ ਸਾਬੋ ਤੋਂ ਇਲਾਵਾ ਦੋ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਹੈ। ਦੂਜੇ ਪਾਸੇ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਗੁਰਜੀਤ ਸਿੰਘ ਉਰਫ ਗੱਗੀ ਨੂੰ ਪਹਿਲਾਂ ਤਾਂ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ ਤੇ ਬਾਅਦ ਵਿਚ ਉਸਨੂੰ ਕਾਸਮੋ ਸੁਪਰ ਸਪੈਸ਼ਲਿਸਟ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ, ਜਿੱਥੇ ਉਹ ਜੇਰੇ ਇਲਾਜ ਹੈ। ਦੱਸਣਾ ਬਣਦਾ ਹੈ ਕਰੀਬ 10 ਸਾਲ ਪਹਿਲਾਂ ਇਨ੍ਹਾਂ ਦੋਵਾਂ ਪਰਿਵਾਰਾਂ 'ਚ ਜ਼ਮੀਨੀ ਝਗੜਾ ਚੱਲਦਾ ਸੀ, ਭਾਵੇਂ ਪਿੰਡ ਦੇ ਮੋਹਤਬਰ ਵਿਅਕਤੀਆਂ ਅਤੇ ਪੰਚਾਇਤ ਨੇ ਜ਼ਮੀਨੀ ਵਿਵਾਦ ਨੂੰ ਤਾਂ ਸੁਲਝਾ ਦਿੱਤਾ ਸੀ। ਇਸੇ ਰੰਜ਼ਿਸ ਅਧੀਨ ਕਰੀਬ ਦੋ ਹਫਤੇ ਪਹਿਲਾਂ ਪਿੰਡ ਥੰਮਣਗੜ੍ਹ ਵਿਖੇ ਮੈਡੀਕਲ ਕੈਂਪ ਲਾਇਆ ਗਿਆ ਸੀ, ਜਿਸ ਵਿਚ ਇਨ੍ਹਾਂ ਦੋਵਾਂ ਨੇ ਸ਼ਮੂਲੀਅਤ ਕੀਤੀ ਸੀ। ਇਸ ਕੈਂਪ ਦੌਰਾਨ ਵੀ ਇਨ੍ਹਾਂ ਵਿਚ ਟਕਰਾ ਵਾਲੀ ਸਥਿਤੀ ਬਣ ਗਈ ਸੀ, ਪ੍ਰੰਤੂ ਉਸ ਸਮੇਂ ਪਿੰਡ ਵਾਸੀਆਂ ਦੀ ਸੂਝ ਬੂਝ ਸਦਕਾ ਇਕ ਵਾਰ ਤਾਂ ਮਹੌਲ ਸ਼ਾਂਤ ਹੋ ਗਿਆ ਸੀ। ਸੋਮਵਾਰ ਨੂੰ ਜਦੋਂ ਬਾਬਾ ਪਰਮਾਨੰਦ ਜੀ ਤੇ ਸਮੂਹ ਥੰਮਣਗੜ੍ਹ ਵਾਸੀਆਂ ਵੱਲੋਂ ਪਿੰਡ ਅੰਦਰ ਕਰਵਾਏ ਜਾ ਰਹੇ ਛੇਵਾਂ ਕਾਸਕੋ ਟੂਰਨਾਮੈਂਟ ਦਾ ਇਨਾਮ ਵੰਡ ਸਮਾਰੋਹ ਸੀ, ਤਾਂ ਇਹ ਦੋਵੇਂ ਚਚੇਰੇ ਭਾਈ ਇਕੋ ਸਟੇਜ 'ਤੇ ਇਕੱਠੇ ਹੋ ਗਏ। ਇਸ ਟੂਰਨਾਮੈਂਟ 'ਚ ਇਨ੍ਹਾਂ ਦੋਵੇਂ ਚਚੇਰੇ ਭਰਾਵਾਂ ਨੇ ਬਤੌਰ ਮਹਿਮਾਨ ਸ਼ਮੂਲੀਅਤ ਕੀਤੀ ਸੀ, ਪ੍ਰੰਤੂ ਇਨ੍ਹਾਂ ਦੀ ਸਟੇਜ 'ਤੇ ਬੈਠਿਆਂ ਦੀ ਕਿਸੇ ਗੱਲ ਨੂੰ ਲੈ ਕੇ ਤਕਰਾਰਬਾਜ਼ੀ ਹੋ ਗਈ ਤੇ ਦੋਵਾਂ ਵਿਅਕਤੀਆਂ ਨੇ ਆਪਣੇ ਰਿਵਾਲਵਰਾਂ ਨਾਲ ਇਕ ਦੂਜੇ 'ਤੇ ਗੋਲੀ ਚਲਾ ਦਿੱਤੀ, ਜਿਸ ਵਿਚ ਤਰਨਪਾਲ ਸਿੰਘ ਦੀ ਮੌਤ ਹੋ ਗਈ, ਜਦੋਂ ਕਿ ਗੁਰਜੀਤ ਸਿੰਘ ਜ਼ਖ਼ਮੀ ਹੋ ਗਿਆ।

ਦੱਸਣਾ ਬਣਦਾ ਹੈ ਕਿ ਮਿ੍ਤਕ ਤਰਨਪਾਲ ਸਿੰਘ ਨੇ ਲੰਘੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਛੱਡ ਕੇ ਤਿ੍ਣਮੂਲ ਕਾਂਗਰਸ ਪਾਰਟੀ 'ਚ ਸ਼ਮੂਲੀਅਤ ਕਰ ਲਈ ਸੀ ਅਤੇ ਤਿ੍ਣਮੂਲ ਕਾਂਗਰਸ ਦੀ ਟਿਕਟ 'ਤੇ ਹਲਕਾ ਮੌੜ ਤੋਂ ਚੋਣ ਮੈਦਾਨ 'ਚ ਉਤਰਿਆ ਸੀ, ਪ੍ਰੰਤੂ ਚੋਣ ਦੌਰਾਨ ਹੀ ਇਸ ਨੇ ਕਾਂਗਰਸ ਪਾਰਟੀ ਨੂੰ ਸਮਰਥਨ ਦੇ ਦਿੱਤਾ ਸੀ। ਮੌੜ ਵਿਖੇ ਵਾਪਰੇ ਬੰਬ ਕਾਂਡ ਦੌਰਾਨ ਵੀ ਇਹ ਵਾਲ ਵਾਲ ਬਚ ਗਿਆ ਸੀ।

ਇਸ ਮਾਮਲੇ ਸਬੰਧੀ ਥਾਣਾ ਮੌੜ ਦੇ ਐਸਐਚਓ ਹਰਵਿੰਦਰ ਸਿੰਘ ਸਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਿ੍ਤਕ ਦੇ ਭਾਈ ਦੇ ਬਿਆਨਾਂ ਦੇ ਅਧਾਰ 'ਤੇ ਗੁਰਜੀਤ ਸਿੰਘ ਉਰਫ ਗੱਗੀ ਤੇ ਦੋ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ਼ ਕਰ ਦਿੱਤਾ ਹੈ, ਜਦੋਂ ਕਿ ਡਾਕਟਰ ਵੱਲੋਂ ਜਖ਼ਮੀ ਗੁਰਜੀਤ ਸਿੰਘ ਨੂੰ ਅਣਫਿਟ ਕਰਾਰ ਦਿੱਤਾ ਗਿਆ ਹੈ ਅਤੇ ਬਿਆਨਾਂ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।