ਭਗਤਾ/ਸਹੋਤਾ/ਛੱਤਿਆਣਾ, ਭਗਤਾ ਭਾਈਕਾ/ਭੀਖੀ/ਗਿੱਦੜਬਾਹਾ : ਕਰਜ਼ੇ ਦੇ ਮੱਕੜ ਜਾਲ ਵਿਚ ਫਸੇ ਕੇ ਸੂਬੇ ਦੇ ਕਿਸਾਨ ਰੋਜ਼ਾਨਾ ਹੀ ਖ਼ੁਦਕੁਸ਼ੀਆਂ ਕਰ ਰਹੇ ਹਨ। ਇਸ ਸਬੰਧ ਵਿਚ ਪੰਜਾਬ ਸਰਕਾਰ ਨੂੰ ਉਚਿਤ ਕਦਮ ਚੁੱਕਣੇ ਚਾਹੀਦੇ ਹਨ। ਸ਼ਨਿੱਚਰਵਾਰ ਨੂੰ ਸੂਬੇ ਵਿਚ ਕਰਜ਼ੇ ਦੇ ਸਤਾਏ ਤਿੰਨ ਕਿਸਾਨਾਂ ਨੇ ਖ਼ੁਦਕੁਸ਼ੀ ਕਰ ਲਈ।

ਪਹਿਲੇ ਮਾਮਲੇ 'ਚ ਭਗਤਾ ਭਾਈਕਾ ਦੇ ਨੇੜਲੇ ਪਿੰਡ ਸਲਾਬਤਪੁਰਾ ਵਿਚ ਕਰਜ਼ੇ ਕਾਰਨ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਕਿਸਾਨ ਆਗੂ ਬਸੰਤ ਸਿੰਘ ਕੋਠਾ ਨੇ ਦੱਸਿਆ ਕਿ ਪਿੰਡ ਸਲਾਬਤਪੁਰਾ ਵਿਖੇ ਕਰਜ਼ੇ ਦਾ ਸਤਾਇਆ ਕਿਸਾਨ ਖ਼ੁਦਕੁਸ਼ੀ ਕਰ ਗਿਆ ਹੈ। ਸਾਢੇ ਤਿੰਨ ਏਕੜ ਜ਼ਮੀਨ ਵਿਚ ਖੇਤੀ ਕਰਨ ਵਾਲੇ ਕਿਸਾਨ ਗੁਰਮੇਲ ਸਿੰਘ (54) ਦੇ ਸਿਰ 9 ਲੱਖ ਰੁਪਏ ਦਾ ਕਰਜ਼ਾ ਹੈ। ਕਿਸਾਨ ਸਿਰ 6 ਲੱਖ ਦੀ ਲਿਮਟ, 1 ਲੱਖ ਸੁਸਾਇਟੀ ਦਾ ਕਰਜ਼ਾ ਅਤੇ 2 ਲੱਖ ਆੜ੍ਹਤੀਏ ਦਾ ਕਰਜ਼ਾ ਸੀ। ਕਰਜ਼ੇ ਦੇ ਮੱਕੜ ਜਾਲ ਤੋਂ ਮੁਕਤੀ ਪਾਉਣ ਲਈ ਗੁਰਮੇਲ ਸਿੰਘ ਕਿਸਾਨੀ ਸੰਘਰਸ਼ਾਂ ਵਿਚ ਯੋਗਦਾਨ ਪਾਉਂਦਾ ਰਿਹਾ ਹੈ। ਅੰਤ ਕਰਜ਼ੇ ਕਾਰਨ ਨਿਰਾਸ਼ਤਾ ਦਾ ਸ਼ਿਕਾਰ ਹੋ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਗਿਆ। ਇਸ ਮੌਕੇ ਪਿੰਡ ਵਾਸੀਆਂ ਤੇ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕਿਸਾਨ ਮਜ਼ਦੂਰ ਖ਼ੁਦਕਸ਼ੀਆਂ ਰੋਕਣ ਲਈ, ਕਿਸਾਨੀ ਨੂੰ ਕਰਜ਼ੇ ਦੇ ਚੁੰਗਲ 'ਚੋਂ ਬਾਹਰ ਕੱਢਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਫੌਰੀ ਕਦਮ ਚੁੱਕਦਿਆਂ ਠੋਸ ਲੋਕ ਪੱਖੀ ਖੇਤੀ ਤੇ ਕਰਜ਼ ਨੀਤੀ ਬਣਾਵੇ। ਉਨ੍ਹਾਂ ਮੰਗ ਕੀਤੀ ਕਿ ਮਿ੍ਤਕ ਕਿਸਾਨ ਦੇ ਪਰਿਵਾਰ ਨੂੰ ਤੁਰੰਤ 5 ਲੱਖ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ ਤੇ ਉਸ ਦਾ ਸਾਰਾ ਕਰਜ਼ਾ ਖ਼ਤਮ ਕੀਤਾ ਜਾਵੇ।ਓਧਰ ਭੀਖੀ ਦੇ ਨੇੜਲੇ ਪਿੰਡ ਸਮਾਉਂ ਦੇ ਕਿਸਾਨ ਚੂਹੜ ਸਿੰਘ (50) ਨੇ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਕਿਸਾਨ ਆਗੂ ਭੋਲਾ ਸਿੰਘ ਸਮਾਓਂ ਤੇ ਗੋਰਾ ਸਿੰਘ ਨੰਬਰਦਾਰ ਨੇ ਦੱਸਿਆ ਕਿ ਮਿ੍ਤਕ ਦੇ ਸਿਰ ਚਾਰ ਲੱਖ ਦਾ ਕਰਜ਼ਾ ਸੀ ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ। ਥਾਣਾ ਭੀਖੀ ਨੇ ਇਸ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਏਐੱਸਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਮਿ੍ਤਕ ਦੀ ਪਤਨੀ ਜਸਵਿੰਦਰ ਕੌਰ ਦੇ ਬਿਆਨਾਂ 'ਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

ਇਸੇ ਤਰ੍ਹਾਂ ਗਿੱਦੜਬਾਹਾ ਦੇ ਨੇੜਲੇ ਪਿੰਡ ਗੁਰੂਸਰ ਵਿਚ ਵੀ ਵਿੱਤੀ ਤੰਗੀ ਕਾਰਨ ਕਿਸਾਨ ਸੁਖਮੰਦਰ ਸਿੰਘ (55) ਨੇ ਖ਼ੁਦਕੁਸ਼ੀ ਕਰ ਲਈ। ਮਿ੍ਤਕ ਕਿਸਾਨ ਦੇ ਭਰਾ ਛਿੰਦਰਪਾਲ ਸਿੰਘ ਤੇ ਪੁੱਤਰ ਜਸਵੰਤ ਸਿੰਘ ਨੇ ਦੱਸਿਆ ਕਿ ਮਰਹੂਮ ਕਿਸਾਨ 'ਤੇ 9-10 ਲੱਖ ਰੁਪਏ ਦਾ ਕਰਜ਼ਾ ਸੀ। ਦੂਜੇ ਪਾਸੇ ਇਸ ਵਾਰ ਕਣਕ ਦਾ ਝਾੜ ਘੱਟ ਹੋਣ ਕਾਰਨ ਵੀ ਸੁਖਮੰਦਰ ਸਿੰਘ ਬਹੁਤ ਪਰੇਸ਼ਾਨ ਰਹਿੰਦਾ ਸੀ। 10 ਮਈ ਨੂੰ ਉਨ੍ਹਾਂ ਜ਼ਹਿਰ ਨਿਗਲ ਲਈ ਸੀ। ਗੰਭੀਰ ਹਾਲਤ 'ਚ ਉਨ੍ਹਾਂ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ ਸੀ ਜਿੱਥੇ ਸ਼ੁੱਕਰਵਾਰ ਦੇਰ ਰਾਤ ਉਨ੍ਹਾਂ ਦੀ ਮੌਤ ਹੋ ਗਈ। ਵਰਣਨਯੋਗ ਹੈ ਮਿ੍ਤਕ ਕਿਸਾਨ ਸੁਖਮੰਦਰ ਸਿੰਘ ਦਾ ਪੁੱਤਰ ਜਸਵੰਤ ਸਿੰਘ ਅਪਾਹਜ ਹੈ ਤੇ ਹੁਣ ਘਰ ਦੀ ਜ਼ਿੰਮੇਵਾਰੀ ਉਸੇ 'ਤੇ ਆ ਗਈ ਹੈ। ਪਿੰਡ ਦੇ ਸਰਪੰਚ ਬੇਅੰਤ ਸਿੰਘ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨ ਪਰਿਵਾਰ ਦੀ ਵਿੱਤੀ ਮਦਦ ਕੀਤੀ ਜਾਵੇ।