ਦੀਪਕ ਸ਼ਰਮਾ, ਬਠਿੰਡਾ : ਬਠਿੰਡਾ ਪੁਲਿਸ ਨੇ ਨਾਜਾਇਜ਼ ਸ਼ਰਾਬ ਦੀ ਤਸਕਰੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਹੋਇਆਂ 385 ਲੀਟਰ ਲਾਹਣ ਅਤੇ 54 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਨੌਂ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਇਸ ਦੌਰਾਨ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਜਦ ਕਿ ਛੇ ਵਿਅਕਤੀਆਂ ਦੀ ਗਿ੍ਫਤਾਰੀ ਹੋਣੀ ਅਜੇ ਬਾਕੀ ਹੈ। ਜਾਣਕਾਰੀ ਅਨੁਸਾਰ ਸੀਆਈਏ ਵਿੰਗ-2 ਦੀ ਪੁਲਿਸ ਨੇ ਬੀੜ ਤਲਾਬ ਤੋਂ ਨਾਜਾਇਜ਼ ਸ਼ਰਾਬ ਤੇ ਲਾਹਣ ਬਰਾਮਦ ਕਰ ਕੇ ਦੋ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰਕੇ ਇਕ ਵਿਅਕਤੀ ਨੂੰ ਗਿ੍ਫਤਾਰ ਕਰ ਲਿਆ ਹੈ। ਇਸ ਸਬੰਧੀ ਹੌਲਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਬੂਟਾ ਸਿੰਘ ਅਤੇ ਸਤਨਾਮ ਸਿੰਘ ਵਾਸੀ ਬੀੜ ਤਲਾਬ ਨਾਜਾਇਜ਼ ਸ਼ਰਾਬ ਬਣਾ ਕੇ ਵੇਚਦੇ ਹਨ। ਇਸ ਅਧਾਰ 'ਤੇ ਕਾਰਵਾਈ ਕਰਦਿਆਂ ਹੋਇਆਂ ਕਥਿਤ ਦੋਸ਼ੀ ਬੂਟਾ ਸਿੰਘ ਨੂੰ ਗਿ੍ਫ਼ਤਾਰ ਕਰ ਕੇ 20 ਲੀਟਰ ਨਾਜਾਇਜ਼ ਸ਼ਰਾਬ ਅਤੇ 150 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ। ਇਸ ਦੌਰਾਨ ਕਥਿਤ ਦੋਸ਼ੀ ਸਤਨਾਮ ਸਿੰਘ ਮੌਕੇ ਤੋਂ ਭੱਜਣ 'ਚ ਸਫਲ ਹੋ ਗਿਆ। ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਸਦਰ ਬਠਿੰਡਾ ਵਿਖੇ ਪਰਚਾ ਦਰਜ ਕਰ ਲਿਆ ਹੈ। ਸਬ ਇੰਸਪੈਕਟਰ ਦਰਸ਼ਨ ਸਿੰਘ ਨੇ ਦੱਸਿਆ ਕਿ ਪਿੰਡ ਬੀੜ ਤਲਾਬ ਤੋਂ ਡੇਢ ਲੀਟਰ ਨਾਜਾਇਜ਼ ਸ਼ਰਾਬ ਅਤੇ 70 ਲੀਟਰ ਲਾਹਣ ਬਰਾਮਦ ਕਰਕੇ ਮੁਖਤਿਆਰ ਸਿੰਘ ਵਾਸੀ ਬੀੜ ਤਲਾਬ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਕਥਿੱਤ ਦੋਸ਼ੀ ਦੀ ਗਿ੍ਫ਼ਤਾਰੀ ਹੋਣੀ ਅਜੇ ਬਾਕੀ ਹੈ।

ਇਸੇ ਤਰ੍ਹਾਂ ਥਾਣਾ ਨੇਹੀਆਂਵਾਲਾ ਦੇ ਏਐੱਸਆਈ ਸਵਰਨ ਸਿੰਘ ਨੇ ਦੱਸਿਆ ਕਿ ਪਿੰਡ ਕੋਇਰ ਸਿੰਘ ਵਾਲਾ ਤੋਂ 45 ਕਿੱਲੋ ਲਾਹਣ ਬਰਾਮਦ ਕਰਕੇ ਪ੍ਰਗਟ ਸਿੰਘ ਵਾਸੀ ਕੋਠੇ ਕੋਇਰ ਸਿੰਘ ਵਾਲਾ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਕਥਿਤ ਦੋਸ਼ੀ ਦੀ ਗਿ੍ਫਤਾਰੀ ਹੋਣੀ ਅਜੇ ਬਾਕੀ ਹੈ। ਥਾਣਾ ਨਥਾਣਾ ਦੇ ਏਐੱਸਆਈ ਗੁਰਜੰਟ ਸਿੰਘ ਨੇ ਦੱਸਿਆ ਕਿ ਪਿੰਡ ਪੁੂਹਲਾ ਤੋਂ ਚਾਲੂ ਭੱਠੀ ਦਾ ਸਾਮਾਨ ਬਰਾਮਦ ਕਰ ਕੇ ਕੇਵਲ ਸਿੰਘ ਵਾਸੀ ਪੂਹਲਾ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਥਾਣਾ ਦਿਆਲਪੁਰਾ ਦੇ ਏਐੱਸਆਈ ਲਛਮਣ ਸਿੰਘ ਨੇ ਦੱਸਿਆ ਕਿ ਭੀਮ ਸਿੰਘ ਵਾਸੀ ਪਿੰਡ ਹਾਕਮ ਸਿੰਘ ਵਾਲਾ ਨੂੰ ਗਿ੍ਫਤਾਰ ਕਰ ਕੇ 100 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ। ਥਾਣਾ ਸਦਰ ਰਾਮਪੁਰਾ ਦੇ ਹੌਲਦਾਰ ਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਜੇਠੂਕੇ ਤੋਂ 20 ਲੀਟਰ ਲਾਹਣ ਬਰਾਮਦ ਕਰ ਕੇ ਸੰਦੀਪ ਸਿੰਘ ਵਾਸੀ ਜੇਠੂਕੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਕਥਿਤ ਦੋਸ਼ੀ ਦੀ ਗਿ੍ਫਤਾਰੀ ਹੋਣੀ ਅਜੇ ਬਾਕੀ ਹੈ। ਇਸੇ ਤਰ੍ਹਾਂ ਥਾਣਾ ਕੋਟਫੱਤਾ ਦੇ ਏਐਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਚਨਾਰਥਲ ਕੋਲ ਲਾਏ ਨਾਕੇ ਦੌਰਾਨ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 36 ਬੋਤਲਾਂ ਨਾਜਾਇਜ ਸ਼ਰਾਬ ਬਰਾਮਦ ਕੀਤੀ ਗਈ। ਇਸ ਅਧਾਰ 'ਤੇ ਕਥਿਤ ਦੋਸ਼ੀ ਗੁਰਸੇਵਕ ਸਿੰਘ ਵਾਸੀ ਚਨਾਰਥਲ ਨੂੰ ਗਿ੍ਫ਼ਤਾਰ ਕਰਕੇ ਪਰਚਾ ਦਰਜ ਕੀਤਾ ਗਿਆ। ਥਾਣਾ ਸੰਗਤ ਦੇ ਏਐੱਸਆਈ ਅਰਜਨ ਸਿੰਘ ਨੇ ਦੱਸਿਆ ਕਿ ਪਿੰਡ ਪੱਕਾ ਕਲਾਂ ਤੋਂ 18 ਬੋਤਲਾ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਸੁਖਵਿੰਦਰ ਸਿੰਘ ਵਾਸੀ ਪੱਕਾ ਕਲਾਂ ਖਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਕਥਿੱਤ ਦੋਸ਼ੀ ਮੌਕੇ ਤੋਂ ਭੱਜਣ ਵਿਚ ਸਫ਼ਲ ਹੋ ਗਿਆ।