ਰਾਮਪੁਰਾ ਫੂਲ : ਜੀਐੱਚਟੀਪੀ ਕੰਟਰੈਕਟ ਵਰਕਰਜ਼ ਯੂਨੀਅਨ ਆਜ਼ਾਦ ਲਹਿਰਾ ਮੁਹੱਬਤ ਵੱਲੋਂ ਥਰਮਲ ਪਲਾਂਟ ਲਹਿਰਾ ਵਿਖੇ ਦੁਪਹਿਰ 2 ਤੋਂ ਸ਼ਾਮ 5 ਵਜੇ ਤਕ ਰੋਸ ਧਰਨਾ ਦਿੱਤਾ।

ਧਰਨੇ ਨੂੰ ਸੰਬੋਧਨ ਕਰਦਿਆਂ ਜਗਸੀਰ ਸਿੰਘ ਭੰਗੂ ਨੇ ਪੰਜਾਬ ਸਰਕਾਰ ਦੇ ਮਜ਼ਦੂਰ-ਮੁਲਾਜ਼ਮ ਮਾਰੂ ਰਵੱਈਏ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਕਿਹਾ ਕਿ ਥਰਮਲ ਕਾਮੇ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਸਬੰਧੀ ਸੰਘਰਸ਼ ਕਰਦੇ ਆ ਰਹੇ ਹਨ ਪਰ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵੱਲੋ ਥਰਮਲ ਕਾਮਿਆਂ ਦੇ ਸੰਘਰਸ਼ਾਂ ਨੂੰ ਲਗਾਤਾਰ ਅਣਗੌਲਿਆਂ ਕੀਤਾ ਜਾ ਰਿਹਾ ਹੈ।

ਥਰਮਲ ਮੈਨੇਜਮੈਂਟ ਵੱਲੋਂ ਬੀਤੀ 27 ਜਨਵਰੀ ਨੂੰ ਪਿੰਡ ਮਹਿਰਾਜ ਵਿਖੇ ਜਥੇਬੰਦੀ ਦੀ ਮੀਟਿੰਗ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨਾਲ਼ ਕਰਵਾਈ ਗਈ ਜਿਸ ਦੌਰਾਨ ਬਿਜਲੀ ਮੰਤਰੀ ਵੱਲੋਂ ਇਕ ਹਫਤੇ ਬਾਅਦ ਪਾਵਰਕਾਮ ਮੈਨੇਜਮੈਂਟ ਪਟਿਆਲਾ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਪੈਨਲ ਮੀਟਿੰਗ ਕਰਵਾਕੇ ਮੰਗਾਂ ਮਸਲਿਆਂ ਦਾ ਜਲਦੀ ਹੱਲ ਕਰਵਾਉਣ ਦਾ ਜਥੇਬੰਦੀ ਨੂੰ ਭਰੋਸਾ ਦਿਵਾਇਆ ਸੀ ਪਰ ਅੱਜ ਦੋ ਹਫ਼ਤੇ ਬੀਤ ਜਾਣ ਦੇ ਬਾਵਜੂਦ ਵੀ ਮੰਗਾਂ ਮਸਲਿਆਂ ਦਾ ਕੋਈ ਹੱਲ ਨਹੀਂ ਕੀਤਾ ਗਿਆ।

ਇਸੇ ਰੋਸ ਵਜੋਂ ਅਤੇ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਜਿਵੇਂ ਕਿ ਥਰਮਲ ਪਲਾਂਟ ਦੇ ਕੱਚੇ ਕਾਮਿਆਂ ਨੂੰ ਵੈੱਲਫੇਅਰ ਐਕਟ 2016 ਅਧੀਨ ਲਿਆਕੇ ਪਾਵਰਕਾਮ ਵਿੱਚ ਸਿੱਧਾ ਭਰਤੀ ਕਰਨ ਮਹਿੰਗਾਈ ਦਰ ਦੇ ਹਿਸਾਬ ਨਾਲ਼ ਥਰਮਲ ਕਾਮਿਆਂ ਦੀਆਂ ਤਨਖਾਹਾਂ ਵਿੱਚ ਵਾਧਾ ਕਰਨ, ਥਰਮਲ ਦੇ ਸਮੂਹ ਅਨ-ਸਕਿਲਡ ਕਾਮਿਆਂ ਨੂੰ ਪਦ-ਉੱਨਤ ਕਰਨ, ਖਾਲੀ ਪਏ ਕੁਵਾਟਰ ਲੋੜਵੰਦ ਕਾਮਿਆਂ ਨੂੰ ਮੁਹਈਆ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਤੇ ਜਾ ਰਹੇ ਧਰਨੇ 'ਚ ਅਗਲੇ ਸੰਘਰਸ਼ ਦਾ ਐਲਾਨ ਕਰਦੇ ਹੋਏ ਕਿਹਾ ਕਿ ਜੇਕਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵੱਲੋਂ ਥਰਮਲ ਕਾਮਿਆਂ ਦੀਆਂ ਮੰਗਾਂ ਦਾ ਜਲਦੀ ਕੋਈ ਸਾਰਥਕ ਹੱਲ ਨਾ ਕੀਤਾ ਤਾਂ ਥਰਮਲ ਕਾਮਿਆਂ ਵੱਲੋਂ ਪਹਿਲੀ ਮਾਰਚ ਨੂੰ ਪਰਿਵਾਰਾਂ ਸਮੇਤ 'ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ' ਦੇ ਬੈਨਰ ਹੇਠ ਬਿਜਲੀ ਮੰਤਰੀ ਦੇ ਹਲਕੇ ਦੇ ਪਿੰਡਾਂ-ਸ਼ਹਿਰਾਂ ਵਿਚ ਰੋਸ਼ ਮਾਰਚ ਕਰਦੇ ਹੋਏ ਬਿਜਲੀ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।

ਇਸ ਸਮੇਂ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ ਪੰਨੂੰ ਪ੍ਧਾਨ, ਜਨਰਲ ਸਕੱਤਰ ਖੁਸ਼ਦੀਪ ਸਿੰਘ, ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਬਠਿੰਡਾ ਤੋਂ ਇਲਾਵਾ ਜਥੇਬੰਦੀ ਦੇ ਆਗੂ ਬਾਦਲ ਸਿੰਘ ਭੁੱਲਰ, ਬਲਜਿੰਦਰ ਸਿੰਘ ਮਾਨ, ਖੋਮਪਾਲ ਸ਼ਰਮਾ, ਕੁਲਦੀਪ ਸਿੰਘ ਸਹੋਤਾ, ਪਰਮਜੀਤ ਸਿੰਘ, ਸੁਖਜੀਤ ਲਹਿਰਾ, ਗੁਰਪ੍ਰੀਤ ਸਿੰਘ ਮਹਿਰਾਜ, ਗੁਰਪ੍ਰੀਤ ਲਹਿਰਾ, ਨਾਇਬ ਸਿੰਘ, ਦੁੱਲਾ ਸਿੰਘ, ਲਖਵੀਰ ਲਹਿਰਾ, ਜਸਵਿੰਦਰ ਭੁੱਚੋ, ਹੀਰਾ ਲਾਲ, ਹਰਪ੍ਰੀਤ ਸਿੰਘ, ਦੌਲਤ ਰਾਮ ਆਦਿ ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਅਧਿਆਪਕਾਂ ਕੀਤੇ ਅੰਨ੍ਹੇਵਾਹ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ।