ਗੁਰਤੇਜ ਸਿੰਘ ਸਿੱਧੂ, ਬਠਿੰਡਾ : ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਪੂਰੀ ਦੁਨੀਆ ਦੇ ਲੋਕ ਗਮਗੀਨ ਹਨ, ਪਰ ਦੂਜੇ ਪਾਸੇ ਵਿੱਤ ਮੰਤਰੀ ਮਨਪ੍ਰਰੀਤ ਸਿੰਘ ਬਾਦਲ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਖੁਸ਼ੀ ਮਨਾਉਣ ਜਾ ਰਹੀ ਹੈ। ਕਾਂਗਰਸ ਵੱਲੋਂ 28 ਦਸੰਬਰ ਨੂੰ ਸ਼ਹੀਦੀ ਦਿਹਾੜੇ ਵਾਲੇ ਦਿਨ ਰਾਤ ਸਮੇਂ ਸਿਵਲ ਲਾਇਨ ਕਲੱਬ 'ਚ ਅਖਾੜਾ ਲਗਾਇਆ ਜਾ ਰਿਹਾ ਹੈ, ਜਿਥੇ ਮਨਾਹੀ ਹੋਣ ਦੇ ਬਾਵਜੂਦ ਮੁਰਗ ਮੁਸੱਲਮ ਦੀ ਵਰਤੋਂ ਖੁੱਲ੍ਹ ਕੇ ਹੋਵੇਗੀ। ਇਹ ਦੋਸ਼ ਤਖਤ ਸ੍ਰੀ ਦਮਦਮਾ ਸਾਹਿਬ ਦੇ ਮਤਵਾਜ਼ੀ ਜਥੇਦਾਰ ਤੇ ਸ੍ਰੀ ਗੁਰੂ ਨਾਨਕ ਦੇਵ ਲਾਇਬ੍ਰੇਰੀ ਤੇ ਸਿਵਲ ਲਾਇਨ ਕਲੱਬ ਦੇ ਸਰਪ੍ਰਸਤ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਸ਼ੁੱਕਰਵਾਰ ਨੂੰ ਇਕ ਪ੍ਰਰੈੱਸ ਕਾਨਫ਼ਰੰਸ ਦੌਰਾਨ ਲਾਏ। ਉਨ੍ਹਾਂ ਕਿਹਾ ਕਿ 28 ਦਸੰਬਰ ਨੂੰ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਸਰਹੰਦ ਦੀ ਧਰਤੀ 'ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਹਨ ਪਰ ਦੂਜੇ ਪਾਸੇ ਵਿੱਤ ਮੰਤਰੀ ਦੀ ਅਗਵਾਈ 'ਚ ਇਸ ਦਿਨ ਜਸ਼ਨ ਮਨਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਬਾਦਲ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹਨ। ਦਾਦੂਵਾਲ ਨੇ ਕਿਹਾ ਕਿ 8 ਜੂਨ ਤੋਂ ਗੁਰੂ ਨਾਨਕ ਹਾਲ ਤੇ ਲਾਇਬ੍ਰੇਰੀ ਕਮੇਟੀ ਵੱਲੋਂ ਸਿਵਲ ਲਾਇਨ ਕਲੱਬ 'ਚ ਮੀਟ ਤੇ ਸ਼ਰਾਬ ਦੀ ਵਰਤੋਂ 'ਤੇ ਰੋਕ ਲਗਾਈ ਹੋਈ ਹੈ ਪਰ ਵਿੱਤ ਮੰਤਰੀ ਡੰਡੇ ਦੇ ਜ਼ੋਰ 'ਤੇ ਗਾਇਕ 'ਅਖ਼ਤਰ ਭਰਾਵਾਂ' ਦਾ ਅਖਾੜਾ ਲਗਵਾ ਕੇ ਜਸ਼ਨ ਮਨਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਿੱਤ ਮੰਤਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਵਾਲੀ ਲਾਇਬ੍ਰੇਰੀ ਨੂੰ ਖਤਮ ਕਰਕੇ ਇੱਥੇ ਸ਼ਰਾਬ ਦਾ ਅੱਡਾ ਬਣਾਉਣ 'ਤੇ ਤੁਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾ ਮਨਪ੍ਰਰੀਤ ਬਾਦਲ ਨੇ ਗਿੱਦੜਬਾਹਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਪੰਜ ਪਿਆਰਿਆਂ ਤੋਂ ਅੰਮਿ੍ਤ ਛਕਿਆ ਸੀ ਤੇ ਬਾਅਦ ਵਿੱਚ ਭੰਗ ਕਰ ਦਿੱਤਾ ਤੇ ਹੁਣ ਕੇਸਾਂ ਦੀ ਬੇਅਦਬੀ ਵੀ ਕਰਦਾ ਆ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਨਪ੍ਰਰੀਤ ਹਮੇਸ਼ਾ ਹੀ ਗੁਰਮਰਿਯਾਦਾ ਦੀਆਂ ਧੱਜੀਆਂ ਉਡਾਉਦਾ ਆ ਰਿਹਾ ਹੈ। ਪਰ ਹੁਣ ਉਸਨੇ ਹੱਦਾਂ ਹੀ ਪਾਰ ਕਰ ਦਿੱਤੀਆਂ ਹਨ। ਉਨ੍ਹਾਂ ਪੰਜਾਬੀ ਗਾਇਕ ਅਖਤਰ ਭਾਰਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਕਰਵਾ ਜਾਣ ਵਾਲੇ ਜ਼ਸਨਾਂ ਦਾ ਹਿੱਸਾ ਬਣਕੇ ਸਿੱਖ ਕੌਮ ਦੇ ਗੁੱਸੇ ਦਾ ਸ਼ਿਕਾਰ ਨਾ ਹੋਣ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅਪੀਲ ਕੀਤੀ ਕਿ ਉਹ ਬੇਹੱਦ ਗੰਭੀਰ ਮਾਮਲੇ 'ਚ ਤਰੁੰਤ ਦਖਲ ਦੇ ਸਿੱਖ ਭਾਵਨਾਵਾਂ ਦੇ ਕਤਲ ਨੂੰ ਰੋਕਣ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਨੂੰ ਰੋਕਣ ਲਈ ਉਨ੍ਹਾਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਵੀ ਮੰਗ ਪੱਤਰ ਦਿੱਤਾ ਪਰ ਜੇਕਰ ਉਨ੍ਹਾਂ ਸਮਾਗਮ 'ਤੇ ਰੋਕ ਨਾ ਲਗਾਈ ਤਾਂ ਉਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇਹ ਜਸ਼ਨ ਨਹੀਂ ਹੋਣ ਦੇਣਗੇ।

ਗੁੰਮਰਾਹ ਕਰਕੇ ਮੈਨੂੰ ਲਾਂਭੇ ਕੀਤਾ : ਪ੍ਰਧਾਨ

ਸਿਵਲ ਲਾਇਨ ਕਲੱਬ ਦੇ ਪ੍ਰਧਾਨ ਰਾਜਨ ਗਰਗ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਪਿਛਲੇ ਕੁਝ ਸਮੇਂ ਤੋਂ ਕਲੱਬ ਨਾਲ ਕੋਈ ਵਾਸਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਵਿੱਤ ਮੰਤਰੀ ਮਨਪ੍ਰਰੀਤ ਸਿੰਘ ਬਾਦਲ ਤੇ ਉਨ੍ਹਾਂ ਦੇ ਪਰਿਵਾਰ ਨੂੰ ਆਪਣੇ ਨਿੱਜੀ ਹਿੱਤਾਂ ਲਈ ਗੁੰਮਰਾਹ ਕਰਕੇ ਲੋਕਾਂ ਵੱਲੋਂ ਚੁਣੇ ਹੋਏ ਪ੍ਰਧਾਨ ਨੂੰ ਲਾਂਭੇ ਕਰ ਦਿੱਤਾ ਹੈ। ਇਸ ਲਈ ਮਨਾਏ ਜਾਣ ਵਾਲੇ ਜਸ਼ਨਾਂ ਸਬੰਧੀ ਉਨ੍ਹਾਂ ਨੂੰ ਕੁਝ ਵੀ ਪਤਾ ਨਹੀਂ। ਇਸ ਮਾਮਲੇ ਸਬੰਧੀ ਵਿੱਤ ਮੰਤਰੀ ਮਨਪ੍ਰਰੀਤ ਸਿੰਘ ਬਾਦਲ ਤੇ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਅਰੁਣ ਵਧਾਵਣ ਨੂੰ ਫੋਨ ਕੀਤਾ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।