ਦੀਪਕ ਸ਼ਰਮਾ, ਬਠਿੰਡਾ : ਸ਼ਹਿਰ ਵਿਚ ਚੋਰਾਂ ਦੇ ਹੌਸਲੇ ਇੰਨ੍ਹੇ ਬੁਲੰਦ ਹੋ ਚੁੱਕੇ ਹਨ ਕਿ ਹੁਣ ਉਨ੍ਹਾਂ ਨੇ ਥਾਣਿਆਂ ਵਿਚ ਵੀ ਸੇਧ ਮਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਲੋਕਾਂ ਦੇ ਜਾਨ ਮਾਲ ਦਾ ਦਾਅਵਾ ਕਰਨ ਵਾਲੀ ਪੁਲਿਸ ਖ਼ੁਦ ਚੋਰਾਂ ਦਾ ਸ਼ਿਕਾਰ ਬਣ ਕੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੀ ਹੈ। ਇਸ ਤਰ੍ਹਾਂ ਦਾ ਇਕ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦ ਵੀਰਵਾਰ ਦੀ ਰਾਤ ਨੂੰ ਚੋਰਾਂ ਨੇ ਥਾਣਾ ਕੈਨਾਲ ਕਾਲੋਨੀ ਦੇ ਸਾਹਮਣੇ ਖੜ੍ਹੇ ਟਰੱਕਾਂ ਦੇ ਟਾਇਰ ਚੋਰੀ ਕਰ ਲਏ। ਇਹ ਟਰੱਕ ਪੁਲਿਸ ਵੱਲੋਂ ਵੱਖ ਵੱਖ ਮੁਕੱਦਮਿਆਂ 'ਚ ਜ਼ਬਤ ਕੀਤੇ ਗਏ ਸਨ। ਥਾਣੇ ਦੀ ਹਦੂਦ ਕੋਲ ਹੋਈ ਇਹ ਚੋਰੀ ਸ਼ਹਿਰ ਵਾਸੀਆਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਆਪਣੇ ਸਾਮਾਨ ਦੀ ਸੁਰੱਖਿਆ ਨਹੀਂ ਕਰ ਸਕਦੀ ਤਾਂ ਉਹ ਲੋਕਾਂ ਦੀ ਸੁਰੱਖਿਆ ਕਿਵੇਂ ਕਰੇਗੀ। ਦੂਜੇ ਪਾਸੇ ਸ਼ਾਤਰ ਚੋਰਾਂ ਨੇ ਮਾਲ ਮੁਕੱਦਮੇ ਵਿਚ ਜ਼ਬਤ ਕੀਤੇ ਗਏ ਟਰੱਕਾਂ ਦੇ ਟਾਇਰ ਚੋਰੀ ਕਰ ਕੇ ਦੱਸ ਦਿੱਤਾ ਹੈ ਕਿ ਪੁਲਿਸ ਵੀ ਚੋਰਾਂ ਕੋਲੋਂ ਸੁਰੱਖਿਅਤ ਨਹੀਂ ਹੈ। ਦੱਸਣਾ ਬਣਦਾ ਹੈ ਕਿ ਸ਼ਹਿਰ 'ਚ ਅਪਰਾਧਿਕ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ ਚੋਰਾਂ ਅਤੇ ਝਪਟਮਾਰਾਂ ਦੇ ਕਈ ਗਰੋਹ ਸ਼ਰੇਆਮ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਹ ਵਾਰਦਾਤਾਂ ਜ਼ਿਆਦਾਤਰ ਨਸ਼ੇੜੀ ਕਿਸਮ ਦੇ ਨੌਜਵਾਨਾਂ ਵੱਲੋਂ ਅੰਜਾਮ ਦਿੱਤੀਆਂ ਜਾ ਰਹੀਆਂ ਹਨ। ਇਸ ਸਬੰਧੀ ਜਦ ਥਾਣਾ ਕੈਨਾਲ ਕਾਲੋਨੀ ਦੇ ਐੱਸਐਚਓ ਹਰਨੇਕ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ ਜਦਕਿ ਐੱਸਪੀ ਸਿਟੀ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਇਹ ਚੋਰੀ ਥਾਣੇ ਦੀ ਹਦ ਤੋਂ ਬਾਹਰ ਹੋਈ ਹੈ, ਪਰ ਮਾਮਲਾ ਗੰਭੀਰ ਹੈ, ਚੋਰਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।