ਗੁਰਤੇਜ ਸਿੰਘ ਸਿੱਧੂ, ਬਠਿੰਡਾ : ਇਕ ਹਫ਼ਤਾ ਪਹਿਲਾਂ ਜ਼ਿਲ੍ਹੇ ਦੇ ਪਿੰਡ ਤਰਖਾਣਵਾਲਾ ਵਿਚ ਜ਼ਹਿਰੀਲੀ ਖੀਰ ਖਾਣ ਕਾਰਨ ਪੂਰੇ ਪਰਿਵਾਰ ਦੇ ਬਿਮਾਰ ਹੋਣ ਤੇ ਇਕਲੌਤੇ ਪੁੱਤਰ ਦੀ ਮੌਤ ਹੋ ਜਾਣ ਦੇ ਮਾਮਲੇ ਵਿਚ ਆਖਰ ਪੁਲਿਸ ਨੇ ਮਿ੍ਤਕ ਦੀ ਪਤਨੀ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੇਕੇ ਪਿੰਡ ਜ਼ਿਆਦਾ ਦਿਨ ਰਹਿਣ 'ਤੇ ਝਿੜਕਣਾ ਇਸ ਪਰਿਵਾਰ ਨੂੰ ਏਨਾ ਮਹਿੰਗਾ ਪੈ ਗਿਆ ਕਿ ਗੁੱਸੇ 'ਚ ਆਈ ਨੂੰਹ ਨੇ ਪੂਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰਨ ਲਈ ਖ਼ੀਰ ਵਿਚ ਜ਼ਹਿਰ ਪਾ ਦਿੱਤਾ। ਜ਼ਹਿਰੀਲੀ ਖ਼ੀਰ ਖਾਣ ਨਾਲ ਪਤੀ ਸਮੇਤ ਸੱਸ-ਸਹੁਰਾ ਦੀ ਹਾਲਤ ਗੰਭੀਰ ਹੋ ਗਈ, ਜਿਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਪਤੀ ਦੀ ਮੌਤ ਹੋ ਗਈ, ਜਦਕਿ ਸੱਸ-ਸਹੁਰਾ ਬਚ ਗਏ। ਕਤਲ ਦਾ ਸ਼ੱਕ ਉਸ ਉਪਰ ਨਾ ਜਾਵੇ, ਇਸ ਲਈ ਚਲਾਕ ਪਤਨੀ ਨੇ ਵੀ ਆਪ ਬਿਮਾਰ ਹੋਣ ਦਾ ਡਰਾਮਾ ਕੀਤਾ ਤੇ ਆਪਣੀ ਬੇਟੀ ਨਾਲ ਹਸਪਤਾਲ ਵਿਚ ਦਾਖਲ ਰਹੀ ਤਾਂ ਕਿ ਇੰਝ ਲੱਗੇ ਕਿ ਇਹ ਹਾਦਸਾ ਸੀ। ਇਸ ਸਾਜਿਸ਼ ਦਾ ਖੁਲਾਸਾ ਉਦੋਂ ਹੋਇਆ, ਜਦੋਂ ਪੀੜਤ ਸਹੁਰੇ ਨੇ ਮਾਮਲੇ ਦੀ ਜਾਂਚ ਕੀਤੀ ਤੇ ਪਤਾ ਲੱਗਿਆ ਕਿ ਉਸ ਦੀ ਨੂੰਹ ਨੇ ਉਸ ਦੇ ਬੇਟੇ ਸਮੇਤ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਜਾਣ ਤੋਂ ਮਾਰਨ ਲਈ ਖ਼ੀਰ ਵਿਚ ਜ਼ਹਿਰ ਪਾਇਆ ਸੀ। ਥਾਣਾ ਰਾਮਾ ਪੁਲਿਸ ਨੇ ਮਿ੍ਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ 'ਤੇ ਕਥਿਤ ਦੋਸ਼ਣ ਨੂੰਹ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਕਰ ਦਿੱਤੀ ਹੈ।

ਰਾਮਾਂ ਮੰਡੀ ਥਾਣੇ ਦੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪਿੰਡ ਤਰਖਾਣਵਾਲਾ ਦੇ ਰਹਿਣ ਵਾਲੇ 50 ਸਾਲਾ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਉਸ ਦਾ ਪੁੱਤਰ ਲਖਵਿੰਦਰ ਸਿੰਘ (27) ਦਾ ਕਰੀਬ ਪੰਜ ਸਾਲ ਪਹਿਲਾਂ ਵਿਆਹ ਪਿੰਡ ਕਮਾਲੂ ਦੀ ਰਹਿਣ ਵਾਲੀ ਸੁਖਜਿੰਦਰ ਕੌਰ ਨਾਲ ਹੋਇਆ ਸੀ। ਉਸ ਦੀ ਇਕ ਪੰਜ ਸਾਲ ਦੀ ਪੋਤਰੀ ਅਮਰੀਨ ਕੌਰ ਵੀ ਹੈ। ਲੰਘੀ 27 ਮਈ ਦੀ ਰਾਤ ਨੂੰ ਖਾਣ ਲਈ ਪੂਰੇ ਪਰਿਵਾਰ ਲਈ ਖ਼ੀਰ ਬਣਾਈ ਸੀ, ਜੋ ਕਿ ਉਸ ਤੋਂ ਇਲਾਵਾ ਉਸ ਦੀ ਪਤਨੀ ਗੁਰਮੀਤ ਕੌਰ ਅਤੇ ਉਸ ਦੇ ਬੇਟੇ ਲਖਵਿੰਦਰ ਸਿੰਘ ਨੇ ਖਾਧੀ ਸੀ। ਖੀਰ ਖਾਣ ਤੋਂ 15 ਮਿੰਟ ਬਾਅਦ ਹੀ ਤਿੰਨਾਂ ਜਣਿਆਂ ਦੀ ਅਚਾਨਕ ਹਾਲਤ ਵਿਗੜਨ ਲੱਗੀ ਤੇ ਉਨ੍ਹਾਂ ਨੂੰ ਉਲਟੀਆਂ ਆਉਣ ਲੱਗੀਆਂ, ਜਿਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਦੇ ਡਾਕਟਰ ਨੂੰ ਬੁਲਾ ਕੇ ਦਵਾਈ ਲੈ ਲਈ ਪਰ ਕੋਈ ਅਰਾਮ ਨਾ ਆਉਣ 'ਤੇ ਉਸ ਦੇ ਚਚੇਰੇ ਭਰਾ ਨਿਰਮਲ ਸਿੰਘ ਨੇ ਵਹੀਕਲ ਦਾ ਪ੍ਰਬੰਧ ਕਰਕੇ ਪੂਰੇ ਪਰਿਵਾਰ ਨੂੰ ਰਾਮਾ ਮੰਡੀ ਸਥਿੱਤ ਪੂਜਾ ਨਰਸਿੰਗ ਹੋਮ ਵਿਚ ਇਲਾਜ ਲਈ ਭਰਤੀ ਕਰਵਾ ਦਿੱਤਾ, ਜਿੱਥੇ ਡਾਕਟਰ ਨੇ ਉਸ ਦੀ ਨੂੰਹ ਸੁਖਜਿੰਦਰ ਕੌਰ ਅਤੇ ਪੋਤੀ ਅਮਰੀਨ ਕੌਰ ਨੂੰ ਦਾਖਲ ਕਰ ਲਿਆ, ਜਦੋਂ ਕਿ ਬਾਕੀ ਤਿੰਨਾਂ ਦੀ ਗੰਭੀਰ ਹਾਲਤ ਦੇਖਦੇ ਹੋਏ ਤਲਵੰਡੀ ਸਾਬੋ ਦੇ ਜਿੰਦਲ ਹਸਪਤਾਲ ਵਿਚ ਰੈਫ਼ਰ ਕਰ ਦਿੱਤਾ, ਜਿੱਥੇ ਡਾਕਟਰ ਜਿੰਦਲ ਨੇ ਉਸ ਨੂੰ ਅਤੇ ਉਸ ਦੀ ਪਤਨੀ ਗੁਰਮੀਤ ਕੌਰ ਨੂੰ ਦਾਖਲ ਕਰਕੇ ਇਲਾਜ ਸ਼ੁਰੂ ਕਰ ਦਿੱਤਾ, ਜਦੋਂ ਕਿ ਉਸ ਦੇ ਬੇਟੇ ਦੀ ਹਾਲਤ ਕਾਫ਼ੀ ਗੰਭੀਰ ਹੋਣ 'ਤੇ ਉਸ ਨੂੰ ਬਠਿੰਡਾ ਦੇ ਮੈਕਸ ਹਸਪਤਾਲ ਵਿਚ ਰੈਫ਼ਰ ਕਰ ਦਿੱਤਾ, ਜਿੱਥੇ ਉਸ ਦੇ ਬੇਟੇ ਦੀ ਇਲਾਜ ਦੌਰਾਨ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੀ ਨੂੰਹ ਸੁਖਜਿੰਦਰ ਕੌਰ ਪੰਜ ਦਿਨਾਂ ਲਈ ਆਪਣੇ ਪੇਰੇ ਘਰ ਪਿੰਡ ਕਮਾਲੂ ਗਈ ਸੀ ਪਰ ਉਹ 10 ਦਿਨ ਲਾ ਕੇ ਵਾਪਸ ਆਈ ਸੀ। ਜਦੋਂ ਉਨ੍ਹਾਂ ਨੇ ਨੂੰਹ ਨੂੰ ਇੰਨੇ ਦਿਨ ਰਹਿਣ ਦਾ ਕਾਰਨ ਪੁੱਛਿਆ ਤਾਂ ਉਹ ਉਨ੍ਹਾਂ ਨਾਲ ਰੰਜਿਸ਼ ਰੱਖਣ ਲੱਗੀ ਸੀ, ਜਿਸ ਨੂੰ ਲੈ ਕੇ ਉਸ ਦੀ ਨੂੰਹ ਨੇ ਖੀਰ ਵਿਚ ਜ਼ਹਿਰ ਪਾ ਕੇ ਉਸ ਦੇ ਪੂਰੇ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਜਾਂਚ ਅਧਿਕਾਰੀ ਐੱਸਆਈ ਹਰਨੇਕ ਸਿੰਘ ਨੇ ਕਿਹਾ ਕਿ ਪੁਲਿਸ ਨੇ ਮਿ੍ਤਕ ਦੇ ਪਿਤਾ ਦੇ ਬਿਆਨਾਂ 'ਤੇ ਕਥਿਤ ਦੋਸ਼ਣ ਪਤਨੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ, ਜਿਸ ਦੀ ਗਿ੍ਫ਼ਤਾਰੀ ਹੋਣੀ ਬਾਕੀ ਹੈ।

ਪੋਤੀ ਨੇ ਨਹੀਂ ਖਾਧੀ ਸੀ ਖੀਰ

ਸ਼ਿਕਾਇਤਕਰਤਾ ਬਲਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਹਸਪਤਾਲ ਤੋਂ ਘਰ ਵਾਪਸ ਆਏ ਅਤੇ ਉਨ੍ਹਾਂ ਨੇ ਆਪਣੇ ਪੱਧਰ 'ਤੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਲੰਘੀ 27 ਮਈ ਨੂੰ ਸ਼ਾਮ ਨੂੰ ਅੱਠ ਵਜੇ ਜੋ ਖੀਰ ਖਾਧੀ ਸੀ, ਉਸ ਵਿਚ ਉਸ ਦੀ ਨੂੰਹ ਨੇ ਤਿੰਨਾਂ ਨੂੰ ਮਾਰਨ ਲਈ ਕੋਈ ਜ਼ਹਿਰੀਲੀ ਦਵਾਈ ਪਾ ਦਿੱਤੀ ਸੀ। ਭਾਵੇਂ ਕਿ ਉਸ ਦੀ ਪੰਜ ਸਾਲ ਦੀ ਪੋਤਰੀ ਹਰ ਰੋਜ ਉਸ ਦੇ ਨਾਲ ਖਾਣਾ ਖਾਂਦੀ ਹੈ ਪਰ ਉਸ ਦਿਨ ਉਸ ਦੀ ਪੋਤਰੀ ਨੇ ਖੀਰ ਖਾਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਨੇ ਕਿਹਾ ਸੀ ਕਿ ਉਸ ਦੀ ਮੰਮੀ ਨੇ ਕਿਹਾ ਹੈ ਕਿ ਖੀਰ ਵਿਚ ਕਸਟਡ ਪਾਇਆ ਹੋਇਆ ਹੈ, ਇਸ ਲਈ ਖੀਰ ਨਹੀਂ ਖਾਣੀ, ਜਿਸ ਕਰਕੇ ਉਸ ਦੀ ਪੋਤਰੀ ਨੇ ਖੀਰ ਨਹੀਂ ਖਾਧੀ।