ਕੁਲਜੀਤ ਸਿੰਘ ਸਿੱਧੂ, ਮਾਨਸਾ : ਸੰਵਿਧਾਨ ਬਚਾਓ ਮੰਚ ਪੰਜਾਬ ਦਾ ਧਰਨਾ ਸ਼ੁੱਕਰਵਾਰ ਨੂੰ ਤੀਸਰੇ ਦਿਨ ਵੀ ਜਾਰੀ ਰਿਹਾ, ਜਿਸ 'ਚ ਵੱਡੀ ਗਿਣਤੀ 'ਚ ਵੱਖ-ਵੱਖ ਜਥੇਬੰਦੀਆਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਹਿੱਸਾ ਲਿਆ। ਅੱਜ ਦੇ ਧਰਨੇ ਦੀ ਖਾਸੀਅਤ ਇਹ ਰਹੀ ਕਿ ਧਰਨੇ ਵਿਚ ਜਿੱਥੇ ਹਿੰਦੂ, ਸਿੱਖ ਅਤੇ ਮੁਸਲਿਮ ਧਰਮ ਦੇ ਛੋਟੇ ਛੋਟੇ ਬੱਚਿਆਂ ਨੇ ਹਿੱਸਾ ਲਿਆ, ਉੱਥੇ ਤਕਰੀਬਨ 100 ਸਾਲਾ ਬੀਬੀ ਮੁਖਤਿਆਰ ਕੌਰ ਨੇ ਆਪਣੇ ਪਰਿਵਾਰ ਨਾਲ ਧਰਨੇ ਵਿਚ ਸ਼ਮੂਲੀਅਤ ਕੀਤੀ।

ਸ਼ੁੱਕਰਵਾਰ ਦੇ ਇਸ ਧਰਨੇ ਵਿਚ ਮੁਸਲਿਮ ਫਰੰਟ ਮਾਨਸਾ ਵੱਲੋਂ ਲੰਗਰ ਲਾਇਆ ਗਿਆ। ਇਕ ਪੰਗਤ ਵਿਚ ਬੈਠ ਕੇ ਧਰਨੇ ਵਿਚ ਸ਼ਾਮਲ ਲੋਕਾਂ ਨੇ ਲੰਗਰ ਛਕਿਆ ਅਤੇ ਸਰਵ ਸਾਂਝੀਵਾਲਤਾ ਦੀ ਮਿਸਾਲ ਪੇਸ਼ ਕੀਤੀ। ਇਸ ਧਰਨੇ ਵਿਚ ਮੰਚ ਸੰਚਾਲਨ ਸੀਪੀਆਈ ਵੱਲੋਂ ਕੀਤਾ ਗਿਆ, ਜਿਨ੍ਹਾਂ ਦੇ ਜ਼ਿਲ੍ਹਾ ਕਾਰਜਕਾਰਨੀ ਮੈਂਬਰ ਦਰਸ਼ਨ ਪੰਧੇਰ ਨੇ ਸਟੇਜ ਸੰਭਾਲੀ। ਇਸ ਸਮੇਂ ਵੱਖ-ਵੱਖ ਪਾਰਟੀਆਂ ਅਤੇ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ। ਸ਼ਾਹੀਨ ਬਾਗ ਮੋਰਚੇ ਤੋਂ ਮੁਹੰਮਦ ਜਾਵੇਦ ਆਪਣੇ ਸਾਥੀਆਂ ਨਾਲ ਧਰਨੇ ਵਿਚ ਪਹੁੰਚੇ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਵਾਸੀ ਹੁਣ ਇਕੱਠੇ ਹੋ ਕੇ ਮੋਦੀ ਸਰਕਾਰ ਖ਼ਿਲਾਫ਼ ਸੰਘਰਸ਼ ਨਾ ਕਰਨਗੇ ਤਾਂ ਮੋਦੀ ਸਰਕਾਰ ਦੇਸ਼ ਨੂੰ ਧਰਮ ਦੇ ਆਧਾਰ 'ਤੇ ਵੰਡ ਦੇਵੇਗੀ। ਧਰਨੇ ਨੂੰ ਆਰਐੱਮਪੀਆਈ ਦੇ ਆਗੂ ਕਾਮਰੇਡ ਮੇਜਰ ਸਿੰਘ ਅਤੇ ਕਿ੍ਸ਼ਨ ਚੌਹਾਨ ਨੇ ਕਿਹਾ ਕਿ ਉਨ੍ਹਾਂ ਦੀਆਂ ਜਥੇਬੰਦੀਆਂ ਜਿੰਨਾ ਚਿਰ ਮੋਦੀ ਸਰਕਾਰ ਸੀਏਏ ਤੇ ਐੱਨਆਰਸੀ ਜਿਹੇ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ, ਸਾਰੇ ਦੇਸ਼ ਵਿਚ ਇਸ ਕਾਨੂੰਨ ਦੀ ਵਾਪਸੀ ਤਕ ਸੰਘਰਸ਼ ਕਰਦੀਆਂ ਰਹਿਣਗੀਆਂ।

ਰਾਜਿੰਦਰ ਸਿੰਘ ਸਾਬਕਾ ਸਰਪੰਚ ਜਵਾਹਰਕੇ, ਭਗਵੰਤ ਸਿੰਘ ਸਮਾਓਂ ਅਤੇ ਆਤਮਾ ਸਿੰਘ ਪਮਾਰ ਬੀਐੱਸਪੀ ਆਗੂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਧਰਮ ਦੇ ਆਧਾਰ 'ਤੇ ਦੇਸ਼ ਵਿਚ ਫੁੱਟ ਪਾਉਣ ਤੋਂ ਬਾਅਦ ਮੋਦੀ ਸਰਕਾਰ ਦਾ ਅਗਲਾ ਨਿਸ਼ਾਨਾ ਦਲਿਤ ਸਮਾਜ ਹੋਵੇਗਾ। ਇਸ ਸਮੇਂ ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਮੀਆਂ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਆਗੂ ਬੈਂਸ ਭਰਾ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਮਾਨਸਾ ਆ ਕੇ ਇਸ ਧਰਨੇ ਵਿਚ ਸ਼ਮੂਲੀਅਤ ਕਰਨਗੇ।

ਇਸ ਮੌਕੇ ਰੁਲਦੂ ਸਿੰਘ ਮਾਨਸਾ ਕਿਸਾਨ ਆਗੂ, ਗੁਰਲਾਭ ਸਿੰਘ ਮਾਹਲ ਐਡਵੋਕੇਟ, ਗੁਰਸੇਵਕ ਸਿੰਘ ਜਵਾਹਰਕੇ ਜਨਰਲ ਸਕੱਤਰ ਅਕਾਲੀ ਦਲ (ਮਾਨ), ਧੰਨਾ ਮੱਲ ਗੋਇਲ, ਛੱਜ਼ੁੂ ਰਾਮ ਰਿਸ਼ੀ, ਦਰਸ਼ਨ ਸਿੰਘ, ਰਤਨ ਭੋਲਾ ਸੀਪੀਆਈ, ਡਾ. ਅਮਰ ਸਿੰਘ ਭਾਦੜਾ, ਹੰਸ ਰਾਜ ਮੋਫਰ, ਹਰਬੰਸ ਢਿੱਲੋਂ, ਐਡਵੋਕੇਟ ਰਾਜਿੰਦਰ ਸ਼ਰਮਾ, ਭਜਨ ਸਿੰਘ ਘੁੰਮਣ, ਕੇਵਲ ਸਿੰਘ ਅਕਲੀਆ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਟੇਕ ਸਿੰਘ ਆਮ ਆਦਮੀ ਪਾਰਟੀ, ਤਰਸੇਮ ਰਾਹੀ, ਨਰਿੰਦਰ ਕੌਰ ਬੁਰਜ ਹਮੀਰਾ ਪ੍ਰਗਤੀਸ਼ੀਲ ਇਸਤਰੀ ਸਭਾ, ਐਡਵੋਕੇਟ ਰੇਖਾ ਸ਼ਰਮਾ, ਐਡਵੋਕੇਟ ਰਾਜਿੰਦਰ ਕੌਰ, ਐਡਵੋਕੇਟ ਦਵਿੰਦਰ ਕੌਰ, ਐਡਵੋਕੇਟ ਸਹਿਜਪਾਲ ਸਿੰਘ, ਐਡਵੋਕੇਟ ਅੰਗਰੇਜ਼ ਸਿੰਘ, ਲਾਭ ਕੌਰ, ਬਿੰਦਰ ਕੌਰ, ਸੁਖਚਰਨ ਦਾਨੇਵਾਲੀਆ, ਸ਼ਾਹੀਨ ਬਾਗ ਤੋਂ ਅੱਬਾਸ, ਨਾਸਿਰ, ਸਫੀ, ਰਵੀ ਖਾਨ, ਨੇਕ ਖਾਨ, ਆਸਿਫ ਖਾਨ, ਤਾਲਿਬ ਤੇ ਮੁਸਤ ਕਰੀਮ ਆਦਿ ਹਾਜ਼ਰ ਸਨ।