ਪੰਜਾਬੀ ਜਾਗਰਣ ਬਿਊਰੋ, ਬਠਿੰਡਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਹੈ ਕਿ ਸੂਬਾ ਸਰਕਾਰ ਨੇ ਹੜ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਹਨ ਜਦ ਕਿ ਮੀਹਾਂ ਦੇ ਪਾਣੀ ਨਾਲ ਧਰਤੀ ਹੇਠਲੇ ਪਾਣੀ ਦੇ ਪੱਤਣਾਂ ਨੂੰ ਰੀਚਾਰਜ ਕਰਨ ਲਈ ਵੀ ਇੰਤਜਾਮ ਕੀਤੇ ਜਾ ਰਹੇ ਹਨ।

ਅੱਜ ਆਪਣੇ ਹਫ਼ਤਾਵਾਰੀ ਫੇਸ ਬੁੱਕ ਲਾਈਵ ‘ਕੈਪਟਨ ਨੂੰ ਪੁੱਛੋ’ ਦੇ 9ਵੇਂ ਅੰਕ ਵਿਚ ਬਠਿੰਡਾ ਜ਼ਿਲੇ ਦੇ ਐਡਵੋਕੇਟ ਜਤਿੰਦਰ ਪਾਲ ਸਿੰਘ ਚਹਿਲ ਦੇ ਇਕ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਸੂਬਾ ਸਰਕਾਰ ਵੱਲੋਂ ਹੜਾਂ ਨਾਲ ਹੁੰਦੇ ਨੁਕਸਾਨ ਰੋਕਣ ਲਈ ਨਦੀਆਂ ਨਹਿਰਾਂ ਦੇ ਬੰਨਾਂ ਨੂੰ ਮਜਬੂਤ ਕੀਤਾ ਗਿਆ ਹੈ ਜਦ ਕਿ ਹੋਰ ਸਾਰੇ ਢੁੱਕਵੇਂ ਇੰਤਜਾਮ ਵੀ ਕੀਤੇ ਗਏ ਹਨ।

ਬਠਿੰਡਾ ਜ਼ਿਲੇ ਦੇ ਉਕਤ ਵਸਨੀਕ ਦੇ ਸਵਾਲ ਦੇ ਜਵਾਬ ਵਿਚ ਉਨਾਂ ਨੇ ਹੋਰ ਕਿਹਾ ਕਿ ਬੇਸੱਕ ਦਰਿਆਵਾਂ ਵਿਚ ਆਉਣ ਵਾਲੇ ਹੜ ਦੇ ਪਾਣੀ ਨੂੰ ਧਰਤੀ ਹੇਠ ਰੀਚਾਰਜ ਕਰਨਾ ਸੰਭਵ ਨਹੀਂ ਹੁੰਦਾ ਕਿਉਂਕਿ ਉਸ ਹਲਾਤ ਵਿਚ ਬਹੁਤ ਵੱਡੀ ਮਾਤਰਾ ਵਿਚ ਪਾਣੀ ਆਉਂਦਾ ਹੈ ਜਿਸ ਨੂੰ ਪਾਇਪਾਂ ਨਾਲ ਧਰਤੀ ਹੇਠ ਨਹੀਂ ਭੇਜਿਆ ਜਾ ਸਕਦਾ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਤਾਂਵੀ ਸੂਬਾ ਸਰਕਾਰ ਨੇ ਸ਼ਿਵਾਲਿਕ ਖੇਤਰ ਵਿਚ ਜਿੱਥੇ ਕੱਚੇ ਡੈਮ ਇਸ ਉਦੇਸ਼ ਨਾਲ ਬਣਾਏ ਹਨ ਉਥੇ ਹੀ ਨਹਿਰਾਂ ਅਤੇ ਸੂਇਆ ਦੇ ਬਰਸਾਤਾਂ ਦੌਰਾਨ ਦੇ ਵਾਧੂ ਪਾਣੀ ਨੂੰ ਧਰਤੀ ਹੇਠ ਭੇਜਣ ਲਈ ਵੀ ਸਰਕਾਰ ਕੰਮ ਕਰ ਰਹੀ ਹੈ। ਉਨਾਂ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਰਿਚਾਰਜ ਦੇ ਪ੍ਰੋਜੈਕਟਾਂ ਨਹਿਰਾਂ ਜਾਂ ਬਰਸਾਤਾਂ ਦੇ ਸਥਾਨਕ ਪਾਣੀ ਨੂੰ ਧਰਤੀ ਹੇਠ ਭੇਜਣ ਨਾਲ ਸਬੰਧਤ ਹੀ ਲੱਗ ਸਕਦੇ ਹਨ ਅਤੇ ਸੂਬਾ ਸਰਕਾਰ ਇਸ ਦਿਸ਼ਾ ਵਿੱਚ ਕੰਮ ਕਰ ਰਹੀ ਹੈ।

Posted By: Jagjit Singh