ਮਨਪ੍ਰਰੀਤ ਸਿੰਘ ਗਿੱਲ, ਰਾਮਪੁਰਾ ਫੂਲ : ਪਿੰਡ ਜਿਉਂਦ ਦੇ ਚੱਲ ਰਹੇ ਜ਼ਮੀਨੀ ਵਿਵਾਦ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕੁਝ ਸਮਾਂ ਪਹਿਲਾਂ ਵਾਪਰੇ ਗੋਲੀ ਕਾਂਡ ਵਿਚ ਇਨਸਾਫ ਦੀ ਮੰਗ ਕਰਦੇ ਲੋਕਾਂ ਵੱਲੋਂ ਡੀਐੱਸਪੀ ਫੂਲ ਦੇ ਦਫਤਰ ਅੱਗੇ ਚੱਲ ਰਿਹਾ ਧਰਨਾ ਅੱਜ 33ਵੇਂ ਦਿਨ ਵੀ ਜਾਰੀ ਰਿਹਾ ਤੇ ਕਿਸਾਨਾਂ ਵੱਲੋਂ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਜਾਣਕਾਰੀ ਦਿੰਦਿਆਂ ਕਿਸਾਨ ਆਗੂ ਸ਼ਗਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਜਿਉਂਦ ਵਿਖੇ ਜ਼ਮੀਨੀ ਮਾਲਕੀ ਹੱਕ ਨੂੰ ਲੈ ਕੇ 20 ਜੂਨ ਨੂੰ ਗੋਲੀ ਕਾਂਡ ਵਾਪਰਿਆ ਸੀ। ਇਸ ਦੌਰਾਨ ਜਿਨਾਂ੍ਹ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ, ਉਨਾਂ੍ਹ ਨੂੰ ਡੀਐੱਸਪੀ ਫੂਲ ਨੇ ਇੰਨਕੁਆਰੀ ਵਿਚ ਬੇਦੋਸ਼ੇ ਕਰਾਰ ਦੇ ਦਿੱਤਾ ਅਤੇ ਜਿਹੜੇ ਲੋਕਾਂ ਦੇ ਗੋਲੀਆਂ ਵੱਜੀਆਂ ਸਨ, ਉਲਟਾ ਉਨਾਂ੍ਹ 'ਤੇ ਹੀ 307 ਦਾ ਪਰਚਾ ਦਰਜ ਕਰ ਦਿੱਤਾ ਗਿਆ, ਜੋ ਕਿ ਇਹ ਸਭ ਕੁਝ ਪੁਲਿਸ ਅਤੇ ਸਿਆਸੀ ਗਠਜੋੜ ਦੀ ਸ਼ੈਅ 'ਤੇ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਨਸਾਫ ਨਾ ਮਿਲਣ 'ਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਬਲਜਿੰਦਰ ਸਿੰਘ ਜਿਉਂਦ, ਸਗਨਦੀਪ ਸਿੰਘ, ਜਰਨੈਲ ਸਿੰਘ, ਅਜੈਬ ਸਿੰਘ, ਪਰਮਜੀਤ ਸਿੰਘ ਤੋਂ ਇਲਾਵਾ ਪਰਮਜੀਤ ਕੌਰ ਪਿੱਥੋ, ਕਰਮਜੀਤ ਕੌਰ, ਰਾਣੀ ਕੌਰ ਤੇ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।