ਮਹਿਲ ਦੇ ਸੁੰਦਰੀਕਰਨ ਲਈ ਹਿਮਾਚਲ ਤੋਂ ਮੰਗਵਾਈ ਜਾਵੇਗੀ ਲੱਕੜ, ਰਾਜਸਥਾਨ ਦੇ ਕਾਰੀਗਰਾਂ ਨਾਲ ਕੀਤਾ ਜਾ ਰਿਹੈ ਸੰਪਰਕ

ਗੁਰਤੇਜ ਸਿੰਘ ਸਿੱਧੂ, ਬਠਿੰਡਾ : ਦੇਸ਼-ਦੁਨੀਆ ਦੇ ਇਤਿਹਾਸ ਨੂੰ ਸਮੋਈ ਬੈਠੇ ਬਠਿੰਡਾ ਦੇ ਇਤਿਹਾਸਕ ਕਿਲ੍ਹਾ ਮੁਬਾਰਕ ਦਾ ਰਾਣੀ ਮਹਿਲ (ਸੰਮਨ ਬੁਰਜ) ਦੀ ਮੁਰੰਮਤ ਦਾ ਕੰਮ ਮਜ਼ਦੂਰਾਂ ਦੀ ਘਾਟ ਤੇ ਮੀਂਹ ਕਾਰਨ ਇਕ ਵਾਰ ਬੰਦ ਹੋ ਗਿਆ ਹੈ। ਮਹਿਲ ਦੀ ਮੁਰੰਮਤ ਦਾ ਕੰਮ ਛੇ ਮਹੀਨੇ ਪਹਿਲਾਂ ਸ਼ੁਰੂ ਕੀਤਾ ਗਿਆ ਸੀ, ਜਿਹੜਾ ਕਿ ਹੁਣ ਤਕ 70 ਫੀਸਦੀ ਪੂਰਾ ਹੋ ਚੁੱਕਿਆ ਹੈ, ਪਰ ਹੁਣ ਮਿਸਤਰੀ ਤੇ ਮਜ਼ਦੂਰ ਨਾ ਮਿਲਣ ਕਾਰਨ ਇਹ ਕੰਮ ਅੱਧ ਵਿਚਕਾਰ ਹੀ ਲਟਕ ਗਿਆ ਹੈ। ਮਹਿਲ ਦੀਆਂ ਕੰਧਾਂ ਤੇ ਛੱਤ ਤੋਂ ਇਲਾਵਾ ਮੀਨਾਕਾਰੀ ਦਾ ਕੰਮ ਬਾਕੀ ਰਹਿ ਗਿਆ ਹੈ। ਕੇਂਦਰ ਸਰਕਾਰ ਦੇ ਏਐੱਸਆਈ ਵਿਭਾਗ ਵੱਲੋਂ ਮਹਿਲ ਦੀ ਰਿਪੇਅਰ ਲਈ ਦੋ ਕਰੋੜ ਦਾ ਬਜਟ ਪਾਸ ਕੀਤਾ ਗਿਆ ਤੇ ਟੈਂਡਰ ਲਾ ਕੇ ਛੇ ਮਹੀਨੇ ਪਹਿਲਾਂ ਇਹ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਸੀ। ਇਸ ਕੰਮ ਨੂੰ ਪੂਰਾ ਕਰਨ ਲਈ ਤਿੰਨ ਸਾਲ ਦਾ ਸਮਾਂ ਲੱਗੇਗਾ। ਰਾਣੀ ਮਹਿਲ ਨੂੰ ਪਹਿਲਾਂ ਵਾਲੀ ਦਿੱਖ ਦੇਣ ਬਾਅਦ ਕਈ ਸਾਲਾਂ ਤੋਂ ਬੰਦ ਪਏ ਰਾਣੀ ਮਹਿਲ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਮਹਿਲ ਦੀ ਪੁਰਾਣੀ ਦਿੱਖ ਬਹਾਲ ਕਰਨ ਲਈ ਰਾਜਸਥਾਨ ਦੇ ਕਾਰੀਗਰਾਂ ਨਾਲ ਸੰਪਰਕ ਕੀਤਾ ਗਿਆ। ਰਾਣੀ ਮਹਿਲ 'ਚ ਵਰਤੀ ਜਾਣ ਵਾਲੀ ਦੇਵਦਾਰ ਦੀ ਲੱਕੜ ਨੂੰ ਹਿਮਾਚਲ ਪ੍ਰਦੇਸ਼ ਤੋਂ ਲਿਆਂਦਾ ਜਾਵੇਗਾ। ਇਸ ਤੋਂ ਇਲਾਵਾ ਕਿਲ੍ਹੇ ਦੀਆਂ ਕੰਧਾਂ ਬਣਾਉਣ ਲਈ ਸੀਮਿੰਟ ਦੀ ਜਗ੍ਹਾ 'ਤੇ ਚੂਨੇ ਦੀ ਵਰਤੋਂ ਕੀਤੀ ਜਾਵੇਗੀ।

-----------------------

ਮੁਰੰਮਤ ਲਈ ਚੂਨੇ ਦਾ ਹੋਵੇਗਾ ਇਸਤੇਮਾਲ

ਕੇਂਦਰ ਸਰਕਾਰ ਵੱਲੋਂ ਮਨਜ਼ੂਰ ਕੀਤੇ ਗਏ ਦੋ ਕਰੋੜ ਦੇ ਫੰਡ ਦੇ ਨਾਲ ਰਾਣੀ ਮਹਿਲ ਤੋਂ ਇਲਾਵਾ ਤੀਜੀ ਮੰਜ਼ਲਿ 'ਤੇ ਬਣੇ ਕਮਰਿਆਂ ਦੀ ਮੁਰੰਮਤ ਵੀ ਕੀਤੀ ਜਾਵੇਗੀ। ਇਸ ਨਾਲ ਹੀ ਪੰਜਵੀਂ ਮੰਜ਼ਿਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਦ ਕਿ ਚੌਥੀ ਮੰਜ਼ਿਲ ਦੀ ਮੁਰੰਮਤ ਪਹਿਲਾਂ ਹੀ ਕਰਵਾਈ ਜਾ ਚੁੱਕੀ ਹੈ। ਇਹ ਸਾਰਾ ਕੰਮ ਪੂਰਾ ਹੋਣ ਤੋਂ ਬਾਅਦ ਦੂਸਰੀ ਮੰਜ਼ਿਲ ਦੀ ਮੁਰੰਮਤ ਕਰਵਾਈ ਜਾਵੇਗੀ ਤੇ ਕਿਲ੍ਹੇ ਦੇ ਮੁੱਖ ਗੇਟ ਦੀ ਦਿੱਖ ਵੀ ਸੰਵਾਰੀ ਜਾਵੇਗੀ। ਮੁਰੰਮਤ ਲਈ ਸੀਮਿੰਟ ਦੀ ਜਗ੍ਹਾ 'ਤੇ ਚੂਨੇ ਦਾ ਇਸਤੇਮਾਲ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਡੇਢ ਕਰੋੜ ਰੁਪਏ ਖ਼ਰਚ ਕੇ ਪੁਰਾਣਾ ਗੁਰਦੁਆਰਾ ਸਾਹਿਬ ਦੇ ਸਟੋਰ ਰੂਮ ਅਤੇ ਪੂਰਬ ਵਾਲੇ ਪਾਸੇ ਦੀ ਟੁੱਟ ਰਹੀ ਕੰਧ ਦੀ ਮੁਰੰਮਤ ਕੀਤੀ ਜਾ ਚੁੱਕੀ ਹੈ।

-------------------

ਅਕਤੂਬਰ 2013 'ਚ ਹੋਇਆ ਸੀ ਸਰਵੇਖਣ

ਅਕਤੂਬਰ 2013 'ਚ ਪੁਰਾਤਤਵ ਵਿਭਾਗ ਚੰਡੀਗੜ੍ਹ ਦੀ ਦੋ ਮੈਂਬਰੀ ਟੀਮ ਨੇ ਕਿਲ੍ਹਾ ਮੁਬਾਰਕ ਦਾ ਦੌਰਾ ਕਰ ਕੇ ਰਾਣੀ ਮਹਿਲ ਦੇ ਨਾਲ-ਨਾਲ ਹੋਰ ਹਿੱਸਿਆਂ ਦੇ ਸੁੰਦਰੀਕਰਨ ਦਾ ਖਾਕਾ ਤਿਆਰ ਕੀਤਾ ਸੀ। ਇਸ ਤੋਂ ਬਾਅਦ ਕਿਲ੍ਹੇ ਦੀ ਕੁਝ ਇਮਾਰਤ ਨੂੰ ਤੋੜ ਕੇ ਉਸ 'ਚੋਂ ਨਿਕਲੇ ਮਟੀਰੀਅਲ ਨਾਲ ਕਿਲ੍ਹੇ ਨੂੰ ਪੁਰਾਣੀ ਦਿੱਖ ਦਿੱਤੀ ਗਈ ਕਿਉਂਕਿ ਹੁਣ ਪੁਰਾਣੀਆਂ ਇੱਟਾਂ ਨਹੀਂ ਮਿਲ ਰਹੀਆਂ ਹਨ। ਕਿਲ੍ਹੇ ਦੇ ਪ੍ਰਬੰਧਕਾਂ ਵੱਲੋਂ ਉਕਤ ਪੁਰਾਣੀਆਂ ਇੱਟਾਂ ਲਈ ਕਈ ਥਾਵਾਂ 'ਤੇ ਸੰਪਰਕ ਕੀਤਾ ਗਿਆ ਪਰ ਗੱਲ ਨਹੀਂ ਬਣੀ।

--------------------

ਰਜ਼ੀਆ ਸੁਲਤਾਨਾ ਕੈਦ ਰਹੀ ਹੈ ਸੰਮਨ ਬੁਰਜ 'ਚ

ਰਾਣੀ ਮਹਿਲ (ਸੰਮਨ ਬੁਰਜ) ਦੇ ਨਾਂ ਨਾਲ ਜਾਣੇ ਜਾਂਦੇ ਇਸ ਬੁਰਜ 'ਚ ਮਹਿਲਾ ਸ਼ਾਸਕ ਰਜ਼ੀਆ ਸੁਲਤਾਨਾ ਨੂੰ ਕੈਦ ਕੀਤਾ ਗਿਆ ਸੀ। ਸੰਮਨ ਬੁਰਜ ਅੰਦਰਲੀ ਅਨਮੋਲ ਮੀਨਾਕਾਰੀ ਤੇ ਛੱਤ ਦੀ ਚਿੱਤਰਕਾਰੀ ਆਪਣੀ ਹੋਂਦ ਗੁਆ ਚੁੱਕੀ ਹੈ। ਬੁਰਜ ਦੀਆਂ ਛੱਤਾਂ ਨੂੰ ਚਾਰ-ਚੁਫੇਰੇ ਥੰਮ੍ਹ ਖੜ੍ਹੇ ਕਰ ਕੇ ਬਚਾਇਆ ਗਿਆ ਹੈ। ਛੱਤ ਉੱਪਰਲੀ ਚਿੱਤਰਕਾਰੀ ਹੁਣ ਬਿਲਕੁਲ ਮੱਧਮ ਪੈ ਚੁੱਕੀ ਹੈ ਤੇ ਬੁਰਜ ਦੇ ਦਰਵਾਜ਼ੇ ਬੁਰੀ ਤਰਾਂ੍ਹ ਟੁੱਟ ਚੁੱਕੇ ਹਨ। ਸੈਰ-ਸਪਾਟਾ ਵਿਭਾਗ ਪੰਜਾਬ ਵੱਲੋਂ ਹੁਣ ਇਸ ਕਿਲ੍ਹੇ ਦਾ ਨਾਂ ਕਿਲ੍ਹਾ ਮੁਬਾਰਕ ਤੋਂ ਬਦਲ ਕੇ ਰਜ਼ੀਆ ਕਿਲ੍ਹਾ ਰੱਖ ਦਿੱਤਾ ਗਿਆ ਹੈ। ਹੁਣ ਉਕਤ ਮੀਨਕਾਰੀ ਨੂੰ ਪੁਰਾਤਤਵ ਵਿਭਾਗ ਦੁਆਰਾ ਕਰਵਾਉਣ ਜਾ ਰਿਹਾ ਹੈ।

-----------------

ਬਦਲਦਾ ਰਿਹੈ ਕਿਲ੍ਹੇ ਦਾ ਨਾਂ

15 ਏਕੜ 'ਚ ਬਣੇ ਇਸ ਕਿਲ੍ਹੇ ਦੁਆਲੇ 36 ਬੁਰਜ ਹਨ ਤੇ ਇਸ ਕਿਲ੍ਹੇ ਦੀ ਉਚਾਈ 118 ਫੁੱਟ ਹੈ। ਜ਼ਿਆਦਾਤਰ ਬੁਰਜ ਡਿੱਗ ਚੁੱਕੇ ਹਨ ਅਤੇ ਬਹੁਤਿਆਂ ਦੀ ਹਾਲਤ ਖਸਤਾ ਹੋ ਚੁੱਕੀ ਹੈ। ਇਤਿਹਾਸਕਾਰਾਂ ਮੁਤਾਬਕ ਇਸ ਕਿਲ੍ਹੇ ਨੂੰ ਰਾਜਾ ਦਾਬ ਨੇ 279 ਈਸਵੀ 'ਚ ਬਣਾਇਆ ਸੀ। ਰਾਜਾ ਵਿਨੈ ਪਾਲ ਕਾਰਨ ਇਸ ਕਿਲ੍ਹੇ ਦਾ ਨਾਂ ਵਿਕਰਮਗੜ੍ਹ ਪਿਆ। ਉਸ ਪਿਛੋਂ ਰਾਜਾ ਜੈਪਾਲ ਨੇ ਕਿਲ੍ਹੇ ਦਾ ਨਾਂ ਜੈਪਾਲਗੜ੍ਹ ਰੱਖ ਦਿੱਤਾ। ਮੱਧ-ਕਾਲ 'ਚ ਭੱਟੀ ਰਾਓ ਰਾਜਪੂਤ ਨੇ ਕਿਲ੍ਹੇ ਨੂੰ ਨਵੇਂ ਸਿਰਿਓਂ ਬਣਵਾਇਆ ਤੇ ਕਿਲ੍ਹੇ ਦਾ ਨਾਂ ਭੱਟੀ ਵਿੰਡਾ ਰੱਖਿਆ। ਇਸ ਕਰ ਕੇ ਸ਼ਹਿਰ ਦਾ ਨਾਂ ਪਹਿਲਾਂ ਭਟਿੰਡਾ ਅਤੇ ਫਿਰ ਬਠਿੰਡਾ ਪਿਆ।