ਸੁਖਜਿੰਦਰ ਰੋਮਾਣਾ, ਸੰਗਤ ਮੰਡੀ: ਅੱਜ ਸੰਗਤ ਕਲਾਂ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਰਾਸ਼ਨ ਨਾ ਮਿਲਣ ਤੋਂ ਦੁਖੀ ਹੋ ਕੇ ਆਪਣੇ ਆਪ ਨੂੰ ਅੱਗ ਲਗਾ ਕੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ। ਅੱਗ ਲੱਗਣ ਤੋਂ ਬਾਅਦ ਬੁਰੀ ਤਰ੍ਹਾਂ ਜਲੇ ਵਿਅਕਤੀ ਨੂੰ ਸਿਵਲ ਹਸਪਤਾਲ ਸੰਗਤ ਤੋਂ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਭੇਜ ਦਿੱਤਾ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।

ਇਸ ਘਟਨਾ ਸਬੰਧੀ ਖੁਦ ਜੁਗਰਾਜ ਪੁੱਤਰ ਓਮ ਪ੍ਰਕਾਸ਼ ਵਾਸੀ ਸੰਗਤ ਕਲਾਂ ਨੇ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਸੰਗਤ ਕਲਾਂ ਵਿਖੇ ਕਿਰਾਏ ਤੇ ਰਹਿ ਰਿਹਾ ਹੈ ਪਰ ਨਸ਼ੇ ਵੇਚਣ ਦੇ ਖਿਲਾਫ ਅਵਾਜ ਚੁੱਕਣ ਕਾਰਨ ਉਸਦੀਆਂ ਵੋਟਾਂ ਨਹੀਂ ਬਣਾਈਆਂ ਗਈਆਂ ਜਿਸ ਸਬੰਧੀ ਬੀਐਲਓ ਨਾਲ ਤਕਰਾਰ ਹੋਣ ਕਾਰਨ ਉਸਦੇ ਖਿਲਾਫ ਸੰਗਤ ਥਾਣੇ ਵਿਚ ਝੂਠਾ ਕੇਸ ਵੀ ਦਰਜ ਕੀਤਾ ਗਿਆ ਸੀ ਜੋ ਕਿ ਅਦਾਲਤ ਵਿਚ ਵਿਚਾਰ ਅਧੀਨ ਹੈ। ਜੁਗਰਾਜ ਨੇ ਕਿਹਾ ਕਿ ਇਸੇ ਖੁੰਦਕ ਦੇ ਚਲਦਿਆਂ ਉਸਦਾ ਨੀਲਾ ਕਾਰਡ ਵੀ ਨਹੀਂ ਬਨਣ ਦਿੱਤਾ ਗਿਆ। ਉਸਨੇ ਕਿਹਾ ਹੁਣ ਕੋਰੋਨਾ ਦੇ ਚਲਦਿਆਂ ਸਰਕਾਰ ਵੱਲੋਂ ਹਰ ਲੋੜਵੰਦ ਪਰਿਵਾਰ ਨੂੰ ਰਾਸ਼ਨ ਦੇਣ ਦਾ ਫੈਸਲਾ ਕੀਤਾ ਗਿਆ ਸੀ ਪਰ ਉਸਦੇ ਆਸਪਾਸ ਹਰ ਪਰਿਵਾਰ ਨੂੰ ਰਾਸ਼ਨ ਦੇ ਦਿੱਤਾ ਗਿਆ ਪਰ ਉਸਨੂੰ ਰਾਸ਼ਨ ਨਹੀਂ ਦਿੱਤਾ ਗਿਆ। ਪੀੜਤ ਵਿਅਕਤੀ ਕਿੱਤੇ ਵਜੋਂ ਮਜਦੂਰ ਹੈ ਜਿਸਦੇ ਪਰਿਵਾਰ ਵਿਚ ਬਜੁਰਗ ਮਾਂ ਅਤੇ ਇੱਕ 16 ਸਾਲ ਦਾ ਲੜਕਾ ਹੈ।

ਇਸ ਸਬੰਧੀ ਸੰਗਤ ਕਲਾਂ ਦੀ ਸਰਪੰਚ ਜਗਦੀਪ ਕੌਰ ਦੇ ਪਤੀ ਨਛੱਤਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਮਕਾਨ ਮਾਲਕਾਂ ਨੇ ਆਪਣਾ ਮਕਾਨ ਖਾਲੀ ਕਰਨ ਸਬੰਧੀ ਕੋਈ ਵਾਰ ਕਿਹਾ ਸੀ ਪਰ ਇਹ ਮਕਾਨ ਖਾਲੀ ਨਹੀਂ ਕਰ ਰਿਹਾ ਸੀ। ਨਛੱਤਰ ਸਿੰਘ ਅਨੁਸਾਰ ਅਸੀਂ ਸਾਰੀ ਪੰਚਾਇਤ ਨੇ ਦੋ ਦਿਨ ਪਹਿਲਾਂ ਉਸਨੂੰ ਮਕਾਨ ਖਾਲੀ ਕਰਨ ਸਬੰਧੀ ਕਿਹਾ ਸੀ ਜਿਸ ਤੋਂ ਬਾਅਦ ਇਸਨੇ ਰਾਸ਼ਨ ਨਾ ਮਿਲਣ ਦਾ ਝੂਠਾ ਇਲਜ਼ਾਮ ਲਾਇਆ ਹੈ, ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਦੀ ਮਾਂ ਨੂੰ ਉਨ੍ਹਾਂ ਘਰ ਜਾ ਕੇ ਰਾਸ਼ਨ ਦੀ ਕਿੱਟ ਵੰਡੀ ਹੈ।

ਇਸ ਸਬੰਧੀ ਥਾਣਾ ਸੰਗਤ ਦੇ ਏਐਸਆਈ ਬਲਤੇਜ ਸਿੰਘ ਨੇ ਦੱਸਿਆ ਕਿ ਉਕਤ ਯੋਗਰਾਜ ਨੇ ਪਿਛਲੇ ਸਾਲ ਵੋਟਾਂ ਬਣਾਉਣ ਨੂੰ ਲੈ ਕੇ ਬੀਐਲਓ ਨਾਲ ਮਾਰਕੁੱਟ ਕੀਤੀ ਸੀ ਜਿਸ ਕਾਰਨ ਇਸਦੇ ਖਿਲਾਫ ਮੁਕੱਦਮਾ ਚੱਲ ਰਿਹਾ ਹੈ ਅਤੇ ਉਸਨੇ ਆਪਣੇ ਬਿਆਨ ਵਿੱਚ ਉਪਰੋਕਤ ਕੇਸ ਤੋਂ ਦੁਖੀ ਹੋਣ ਅਤੇ ਰਾਸ਼ਨ ਨਾ ਮਿਲਣ ਕਾਰਨ ਆਪਣੇ ਆਪ ਨੂੰ ਅੱਗ ਲਗਾ ਕੇ ਆਤਮਦਾਹ ਕਰਨ ਸਬੰਧੀ ਦੱਸਿਆ ਹੈ, ਏਐਸਆਈ ਬਲਤੇਜ ਸਿੰਘ ਅਨੁਸਾਰ ਪੀੜਤ ਨੇ ਇਸ ਸਬੰਧ ਵਿਚ ਕਿਸੇ ਵੀ ਵਿਅਕਤੀ ਦਾ ਨਾਂ ਨਹੀਂ ਲਿਖਾਇਆ, ਉਨ੍ਹਾਂ ਕਿਹਾ ਕਿ ਪੀੜਤ ਦੇ ਆਂਢ ਗੁਆਂਢ ਤੋਂ ਇਸ ਸਬੰਧੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ।

Posted By: Jagjit Singh