ਭੋਲਾ ਸਿੰਘ ਮਾਨ, ਮੌੜ ਮੰਡੀ : ਭਾਵੇਂ ਪੰਜਾਬ ਅੰਦਰ ਕਾਂਗਰਸ ਪਾਰਟੀ ਦੇ ਰਾਜ ਭਾਗ ਨੂੰ ਸਾਢੇ ਚਾਰ ਸਾਲ ਦਾ ਸਮਾਂ ਬੀਤ ਚੁੱਕਿਆ ਹੈ, ਪੰ੍ਤੂ ਮੌੜ ਵਾਸੀਆਂ ਨੂੰ ਸੀਵਰੇਜ ਦੇ ਗੰਦੇ ਪਾਣੀ ਤੋਂ ਨਿਯਾਤ ਦਿਵਾਉਣ ਲਈ ਸਰਕਾਰ ਅਤੇ ਕਾਂਗਰਸ ਦੇ ਸੇਵਾਦਾਰ ਅਸਫ਼ਲ ਸਾਬਤ ਹੋਏ ਹਨ। ਮੌੜ-ਕੁੱਬੇ ਸੜਕ 'ਤੇ ਓਵਰਫਲੋ ਹੋ ਰਹੇ ਸੀਵਰੇਜ ਦੇ ਗੰਦੇ ਪਾਣੀ ਨੇ ਲੋਕਾਂ ਦਾ ਜੀਣਾ ਦੁੱਭਰ ਕਰ ਦਿੱਤਾ ਹੈ, ਜਿਸ ਕਾਰਨ ਮੌੜ ਵਾਸੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਦੱਸਣਾ ਬਣਦਾ ਹੈ ਕਿ ਸ਼ਹਿਰ ਅੰਦਰ ਸੀਵਰੇਜ ਸਿਸਟਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਕਾਲੀ ਭਾਜਪਾ ਦੇ ਰਾਜ ਦੌਰਾਨ ਕਰੋੜਾਂ ਰੁਪਏ ਖਰਚ ਕੇ ਸ਼ਹਿਰ ਵਿਚ ਸੀਵਰੇਜ ਸਿਸਟਮ ਪਾਇਆ ਗਿਆ ਸੀ।

ਵੱਡੀਆਂ ਆਸਾਂ ਤੇ ਉਮੀਦਾਂ ਨਾਲ ਪੰਜਾਬ ਦੀ ਜਨਤਾ ਨੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਸੂਬੇ ਦੀ ਵਾਗਡੋਰ ਕਾਂਗਰਸ ਪਾਰਟੀ ਨੂੰ ਸੌਂਪ ਦਿੱਤੀ ਪੰ੍ਤੂ ਕਾਂਗਰਸ ਸਰਕਾਰ ਦੇ ਰਾਜ ਅੰਦਰ ਜੋ ਹਾਲ ਹਲਕਾ ਮੌੜ ਵਾਸੀਆਂ ਦਾ ਹੋਇਆ ਹੈ, ਸ਼ਾਇਦ ਉਹ ਹਾਲ ਕਿਸੇ ਹੋਰ ਪਾਰਟੀ ਦੇ ਰਾਜ 'ਚ ਨਾ ਹੋਇਆ ਹੋਵੇ। ਬੇਸ਼ੱਕ ਵਿਧਾਇਕ ਸਮੇਤ ਕਾਂਗਰਸ ਦੇ ਅੱਧੀ ਦਰਜ਼ਨ ਹਲਕਾ ਸੇਵਾਦਾਰ ਹਲਕੇ 'ਚ ਵਿਕਾਸ ਕਰਵਾਉਣ ਤੇ ਗ੍ਾਂਟਾਂ ਦੇ ਗੱਫੇ ਲਿਆਉਣ ਦੇ ਸ਼ੋਸ਼ਲ ਮੀਡੀਆ 'ਤੇ ਦਾਅਵੇ ਕਰਦੇ ਨਹੀਂ ਥੱਕਦੇ, ਜਦੋਂ ਕਿ ਜ਼ਮੀਨੀ ਹਕੀਕਤ ਇਹ ਹੈ ਕਿ ਸ਼ਹਿਰ ਦਾ ਕੋਈ ਵੀ ਰਸਤਾ ਇਹੋ ਜਿਹਾ ਨਹੀਂ, ਜਿਸ ਰਸਤੇ ਸੀਵਰੇਜ ਦਾ ਗੰਦਾ ਪਾਣੀ ਓਵਰਫਲੋ ਨਾ ਹੋ ਰਿਹਾ ਹੋਵੇ। ਉੱਧਰ ਕਿਸਾਨ ਆਗੂ ਬਲਵਿੰਦਰ ਸਿੰਘ ਮੌੜ ਖੁਰਦ, ਵਾਤਾਵਰਣ ਪੇ੍ਮੀ ਦਰਸ਼ਨ ਸਿੰਘ ਮੌੜ, ਮਲਕੀਤ ਸਿੰਘ, ਲਾਭ ਸਿੰਘ, ਅਵਤਾਰ ਸਿੰਘ, ਜਸਵਿੰਦਰ ਸਿੰਘ, ਸ਼ੁਸ਼ੀਲ ਕੁਮਾਰ ਸ਼ੀਲੀ, ਰਾਜੇਸ਼ ਕੁਮਾਰ ਜੈਨ, ਸਤਪਾਲ ਘੁੰਮਣੀਆਂ, ਦੇਵ ਰਾਜ ਬੂਮਰਾ, ਚੰਦਨ ਮੋਹਨ ਆਦਿ ਨੇ ਕਾਂਗਰਸ ਸਰਕਾਰ ਪ੍ਰਤੀ ਰੋਸ ਜਾਹਰ ਕਰਦੇ ਹੋਏ ਕਿਹਾ ਕਿ ਜਦੋਂ ਵੀ ਸ਼ਹਿਰ ਵਾਸੀਆਂ ਨੇ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਲੀਡਰਾਂ ਦੇ ਅੱਗੇ ਰੱਖੀ ਹੈ,ਤਾਂ ਲਾਰਿਆਂ ਤੋਂ ਸਿਵਾਏ ਲੋਕਾਂ ਦੇ ਪੱਲੇ ਕੱਖ ਨਹੀਂ ਪਿਆ, ਜਿਸ ਕਾਰਨ ਸ਼ਹਿਰ ਵਾਸੀ ਨਰਕ ਭਰੀ ਜ਼ਿੰਦਗੀ ਜੀਣ ਲਈ ਮਜਬੂਰ ਹਨ।

ਉਨ੍ਹਾਂ ਸੂਬੇ ਦੀ ਚੰਨੀ ਸਰਕਾਰ ਤੋਂ ਮੰਗ ਕੀਤੀ ਕਿ ਹੋਰ ਵਿਕਾਸ ਕਾਰਜਾਂ ਨੂੰ ਛੱਡ ਕੇ ਮੌੜ ਵਾਸੀਆਂ ਨੂੰ ਸਿਰਫ ਸੀਵਰੇਜ ਤੋਂ ਨਿਯਾਤ ਦਿਵਾਈ ਜਾਵੇ, ਤਾਂ ਜੋ ਲੋਕਾਂ ਦਾ ਭਿਆਨਕ ਬਿਮਾਰੀਆਂ ਫੈਲਣ ਤੋਂ ਬਚਾਅ ਹੋ ਸਕੇ।