ਗੁਰਤੇਜ ਸਿੰਘ ਸਿੱਧੂ, ਬਠਿੰਡਾ : ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਵਿਦੇਸ਼ ਬੈਠੇ ਮੁਲਜ਼ਮਾਂ ਵੱਲੋਂ ਪਹਿਲਾਂ ਵੀ ਕਿਸੇ ਗੈਂਗਸਟਰ ਨੂੰ ਸੁਪਾਰੀ ਦਿੱਤੀ ਗਈ ਸੀ ਪਰ ਉਹ ਸਿੱਧੂ ਦਾ ਕਤਲ ਕਰਨ ’ਚ ਅਸਫਲ ਰਹੇ। ਇਸ ਗੱਲ ਦਾ ਖੁਲਾਸਾ ਲੁਧਿਆਣਾ ਪੁਲਿਸ ਵੱਲੋਂ ਫੜੇ ਗਏ ਇਕ ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਹੋਇਆ ਹੈ। ਉਕਤ ਵਿਅਕਤੀ ਤੋਂ ਇਹ ਖੁਲਾਸਾ ਹੋਇਆ ਹੈ ਕਿ ਉਨ੍ਹਾਂ ਨੇ ਸਿੱਧੂ ਦੇ ਕਤਲ ਲਈ ਕੁਝ ਹਥਿਆਰ ਬਠਿੰਡਾ ਪਹੁੰਚ ਕੇ ਹਰਿਆਣਾ ਦੇ ਲੋਕਾਂ ਨੂੰ ਦਿੱਤੇ ਸਨ। ਸਿੱਧੂ ਮੂਸੇਵਾਲਾ ਕਤਲ ਕੇਸ ’ਚ ਵਰਤੇ ਗਏ ਹਥਿਆਰਾਂ ਦੀ ਭਾਲ ਕਰਦਿਆਂ ਲੁਧਿਆਣਾ ਪੁਲਿਸ ਸ਼ੁੱਕਰਵਾਰ ਨੂੰ ਬਠਿੰਡਾ ਪਹੁੰਚੀ। ਡੱਬਵਾਲੀ ਰੋਡ ’ਤੇ ਸਥਿਤ ਪੈਟਰੋਲ ਪੰਪ ’ਤੇ ਪੁਲਿਸ ਇਕ ਮੁਲਜ਼ਮ ਨੂੰ ਲੈ ਕੇ ਪਹੁੰਚੀ। ਉਸ ਨੇ ਦੱਸਿਆ ਕਿ 19 ਮਈ ਨੂੰ ਉਨ੍ਹਾਂ ਨੇ ਇਸ ਪੈਟਰੋਲ ਪੰਪ ਤੋਂ ਆਪਣੀ ਫਾਰਚੂਨਰ ਗੱਡੀ ’ਚ ਤੇਲ ਪੁਆਇਆ ਸੀ। ਜਦੋਂ ਪੰਪ ਦੀ ਸੀਸੀਟੀਵੀ ਫੁਟੇਜ ਚੈੱਕ ਕੀਤੀ ਗਈ ਤਾਂ 19 ਮਈ ਨੂੰ ਰਾਤ 8.45 ਵਜੇ ਦੇ ਕਰੀਬ ਚਾਰ ਮੁਲਜ਼ਮ ਇੱਕੋ ਫਾਰਚੂਨਰ ਗੱਡੀ ’ਚ ਬੈਠੇ ਦਿਖਾਈ ਦਿੱਤੇ। ਉਨ੍ਹਾਂ ਨੇ 2510 ਰੁਪਏ ਦਾ ਡੀਜ਼ਲ ਪੁਆਇਆ ਤੇ ਉਹ ਫੁਟੇਜ ’ਚ ਪੇਟੀਐੱਮ ਰਾਹੀਂ ਤੇਲ ਦੀ ਰਕਮ ਦਿੰਦੇ ਹੋਏ ਨਜ਼ਰ ਆਏ। ਲੁਧਿਆਣਾ ਪੁਲਿਸ ਨੇ ਦੋ ਵਿਦੇਸ਼ੀ ਪਿਸਤੌਲਾਂ ਸਮੇਤ ਇਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਜਦੋਂ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਵਿਦੇਸ਼ੀ ਨੰਬਰਾਂ ਤੋਂ ਕਿਸੇ ਵਿਅਕਤੀ ਨੇ ਫੋਨ ਕਰ ਕੇ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਲਈ ਕਿਹਾ ਸੀ। ਵਿਦੇਸ਼ ’ਚ ਬੈਠੇ ਵਿਅਕਤੀ ਵੱਲੋਂ ਉਨ੍ਹਾਂ ਨੂੰ ਕੁਝ ਪੈਸੇ ਵੀ ਭੇਜੇ ਗਏ ਸਨ ਪਰ ਉਹ ਉਸ ਨੂੰ ਨਹੀਂ ਮਾਰ ਸਕੇ। ਇਸ ਤੋਂ ਬਾਅਦ ਉਸ ਨੂੰ ਫੋਨ ਰਾਹੀਂ ਬਠਿੰਡਾ ਵਿਖੇ ਦੱਸੀ ਜਗ੍ਹਾ ’ਤੇ ਹਥਿਆਰ ਪਹੁੰਚਾਉਣ ਲਈ ਕਿਹਾ। ਫੋਨ ਕਰਨ ਵਾਲੇ ਨੇ ਦੱਸਿਆ ਕਿ ਬਠਿੰਡਾ ਤੋਂ ਹਰਿਆਣਾ ਦੇ ਲੋਕ ਆ ਕੇ ਉਸ ਕੋਲੋ ਉਕਤ ਹਥਿਆਰ ਲੈ ਜਾਣਗੇ। ਉਕਤ ਵਿਅਕਤੀ ਦੇ ਕਹਿਣ ’ਤੇ ਉਸ ਨੇ ਬਠਿੰਡਾ ’ਚ ਹਥਿਆਰ ਪਹੁੰਚਾਏ ਸਨ। ਇਸ ਦੌਰਾਨ ਉਕਤ ਵਿਅਕਤੀ ਵੱਲੋਂ ਬਠਿੰਡਾ ਡੱਬਵਾਲੀ ਸੜਕ ’ਤੇ ਸਥਿਤ ਪੈਟਰੋਲ ਪੰਪ ਤੋਂ ਗੱਡੀ ’ਚ ਡੀਜ਼ਲ ਵੀ ਭਰਵਾਇਆ ਗਿਆ ਸੀ। ਲੁਧਿਆਣਾ ਪੁਲਿਸ ਸ਼ੁੱਕਰਵਾਰ ਨੂੰ ਉਕਤ ਪੰਪ ’ਤੇ ਮੁਲਜ਼ਮਾਂ ਨੂੰ ਲੈ ਕੇ ਪਹੁੰਚੀ। ਪੁਲਿਸ ਵੱਲੋਂ ਜਦੋਂ ਪੈਟਰੋਲ ਪੰਪ ਦੀ ਸੀਸੀਟੀਵੀ ਫੁਟੇਜ ਨੂੰ ਚੈੱਕ ਕੀਤਾ ਗਿਆ ਤਾਂ ਉਸ ਵਿਚ ਉਹੀ ਵਾਹਨ ਤੇ ਚਾਰ ਸ਼ੱਕੀ ਬੈਠੇ ਸਨ। ਉਕਤ ਗੱਡੀ ’ਤੇ ਹਰਿਆਣਾ ਦਾ ਨੰਬਰ ਲੱਗਾ ਹੋਇਆ ਸੀ ਤੇ ਜਦੋਂ ਉਸ ਨੰਬਰ ਦੀ ਜਾਂਚ ਕੀਤੀ ਗਈ ਤਾਂ ਉਹ ਨੰਬਰ ਵੀ ਜਾਅਲੀ ਨਿਕਲਿਆ। ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਪਰ ਇਸ ਮਾਮਲੇ ’ਚ ਕੋਈ ਪੁਲਿਸ ਅਧਿਕਾਰੀ ਕੁਝ ਵੀ ਬੋਲਣ ਲਈ ਤਿਆਰ ਨਹੀਂ। ਦੂਜੇ ਪਾਸੇ ਲੁਧਿਆਣਾ ਪੁੁਲਿਸ ਪੈਟਰੋਲ ਪੰਪ ’ਤੇ ਲੱਗੇ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਨੂੰ ਸਬੂਤ ਵਜੋਂ ਨਾਲ ਲੈ ਗਈ ਹੈ।

Posted By: Shubham Kumar