ਦੀਪਕ ਸ਼ਰਮਾ, ਬਠਿੰਡਾ : ਸ਼ਹਿਰ ਵਿਚ ਗੁੰਡਾਗਰਦੀ ਲਗਾਤਾਰ ਵਧਦੀ ਜਾ ਰਹੀ ਹੈ। ਆਲਮ ਇਹ ਹੈ ਕਿ ਤੇਜ਼ਧਾਰ ਹਥਿਆਰਾਂ ਨਾਲ ਲੈੱਸ ਨੌਜੁਆਨਾਂ ਦੇ ਧੜੇ ਦਿਨ ਦਿਹਾੜੇ ਕੁੱਟਮਾਰ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਜ਼ਿਆਦਾਤਰ ਮਾਮਲੇ ਸਥਾਨਕ ਅਜੀਤ ਰੋਡ ਤੋਂ ਸਾਹਮਣੇ ਆ ਰਹੇ ਹਨ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਅਜੀਤ ਰੋਡ 'ਤੇ ਦਰਜਨ ਤੋਂ ਵੱਧ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਦੇ ਵਾਰ ਕਰਦਿਆਂ ਹੋਇਆਂ ਇਕ ਨੌਜਵਾਨ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ। ਜਦ ਸੂਚਨਾ ਮਿਲਣ 'ਤੇ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਮੈਂਬਰ ਐਂਬੂਲੈਂਸ ਲੈ ਕੇ ਮੌਕੇ 'ਤੇ ਪਹੁੰਚੇ ਅਤੇ ਜਖਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਜਾਣ ਲਈ ਐਂਬੂਲੈਂਸ ਵਿਚ ਪਾ ਲਿਆ ਪਰ ਹਮਲਾਵਰਾਂ ਨੇ ਪੀੜਤ ਨੌਜਵਾਨ ਨੂੰ ਐਂਬੂਲੈਂਸ ਵਿਚੋਂ ਕੱਢ ਕੇ ਫੇਰ ਕੁੱਟਮਾਰ ਕੀਤੀ ਤੇ ਮੌਕੇ ਤੋਂ ਫ਼ਰਾਰ ਹੋ ਗਏ। ਪੀੜਤ ਨੌਜਵਾਨ ਨੂੰ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਕਤ ਨੌਜਵਾਨ ਦੇ ਦੋਸਤ ਉਸ ਨੂੰ ਇਕ ਨਿੱਜੀ ਹਸਪਤਾਲ ਵਿਚ ਲੈ ਗਏ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਬੀਬੀ ਵਾਲਾ ਰੋਡ 'ਤੇ ਸਥਿਤ ਡੀਏਵੀ ਕਾਲਜ ਦੇ ਬਾਹਰ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਨੇ ਇਕ ਵਿਦਿਆਰਥੀ ਦੀ ਕੁੱਟਮਾਰ ਕੀਤੀ ਸੀ ਤੇ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਰੂਪ 'ਚ ਜ਼ਖ਼ਮੀ ਕਰਕੇ ਮੌਕੇ ਤੋਂ ਫਰਾਰ ਹੋ ਗਏ ਸਨ। ਉਕਤ ਮਾਮਲੇ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਜਿਸ ਦੇ ਆਧਾਰ 'ਤੇ ਪੁਲਿਸ ਨੇ ਛੇ ਨੌਜਵਾਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਸੀ।

ਦੱਸਣਾ ਬਣਦਾ ਹੈ ਕਿ ਸਥਾਨਕ ਅਜੀਤ ਰੋਡ 'ਤੇ ਆਈਲੈਟਸ ਸੈਂਟਰ ਹਨ, ਜਿਸ ਕਾਰਨ ਰੋਜ਼ਾਨਾ ਸੈਂਕੜੇ ਨੌਜਵਾਨ ਇੱਥੇ ਪੜ੍ਹਨ ਆਉਂਦੇ ਹਨ ਤੇ ਵੱਡੀ ਗਿਣਤੀ ਵਿਚ ਪੀਜੀ ਹੋਣ ਕਾਰਨ ਉਕਤ ਨੌਜਵਾਨ ਅਜੀਤ ਰੋਡ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਰਹਿ ਰਹੇ ਹਨ। ਜ਼ਿਆਦਾਤਰ ਮਾਮਲਿਆਂ ਵਿਚ ਇੱਥੇ ਰਹਿ ਰਹੇ ਨੌਜਵਾਨਾਂ ਦੇ ਵੱਖੋ ਵੱਖਰੇ ਧੜੇ ਬਣੇ ਹੋਏ ਹਨ ਜੋ ਆਪਸ ਵਿਚ ਟੱਕਰਦੇ ਰਹਿੰਦੇ ਹਨ। ਸੋਮਵਾਰ ਨੂੰ ਵਾਪਰਿਆ ਮਾਮਲਾ ਵੀ ਧੜੇਬੰਦੀ ਦਾ ਹੀ ਦੱਸਿਆ ਜਾ ਰਿਹਾ ਹੈ। ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਕ ਨੌਜਵਾਨ ਨੂੰ ਵੱਡੀ ਗਿਣਤੀ 'ਚ ਆਏ ਨੌਜਵਾਨਾਂ ਨੇ ਘੇਰ ਲਿਆ ਤੇ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ। ਇਸ ਸਬੰਧੀ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ 'ਤੇ ਸੰਸਥਾ ਦੇ ਮੈਂਬਰ ਐਂਬੂਲੈਂਸ ਲੈ ਕੇ ਮੌਕੇ 'ਤੇ ਪਹੁੰਚੇ ਤੇ ਪੀੜਤ ਨੂੰ ਐਂਬੂਲੈਂਸ 'ਚ ਪਾਇਆ ਹੀ ਸੀ ਕਿ ਹਮਲਾਵਰਾਂ ਨੇ ਐਂਬੂਲੈਂਸ ਨੂੰ ਘੇਰ ਕੇ ਨੌਜਵਾਨ ਨੂੰ ਥੱਲੇ ਲਾ ਕੇ ਫਿਰ ਕੁੱਟਮਾਰ ਕੀਤੀ ਤੇ ਮੌਕੇ ਤੋਂ ਫਰਾਰ ਹੋ ਗਏ।

ਇਸ ਤੋਂ ਬਾਅਦ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਵਿਚ ਪਹੁੰਚਾਇਆ ਗਿਆ। ਇਸ ਮੌਕੇ ਸਰਕਾਰੀ ਦਫ਼ਤਰ ਵਿਚ ਡਿਊਟੀ 'ਤੇ ਮੌਜੂਦ ਈਐਮਓ ਨੇ ਦੱਸਿਆ ਕਿ ਸਮਾਜ ਸੇਵੀ ਸੰਸਥਾ ਇਕ ਜ਼ਖ਼ਮੀ ਨੌਜਵਾਨ ਨੂੰ ਲੈ ਕੇ ਆਈ ਸੀ। ਉਸ ਨੌਜਵਾਨ ਦਾ ਹੱਥ ਬੁਰੀ ਤਰ੍ਹਾਂ ਵੱਿਢਆ ਹੋਇਆ ਸੀ। ਪੀੜਤ ਦਾ ਇਲਾਜ ਸ਼ੁਰੂ ਕੀਤਾ ਸੀ ਕਿ ਉਕਤ ਨੌਜਵਾਨ ਦੇ ਦੋਸਤ ਉਸ ਨੂੰ ਇਕ ਨਿੱਜੀ ਹਸਪਤਾਲ ਵਿਚ ਲੈ ਗਏ ਹਨ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਲੋਕਾਂ ਦੇ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।