ਗੁਰਤੇਜ ਸਿੰਘ ਸਿੱਧੂ, ਬਠਿੰਡਾ : ਪੰਜਾਬ ਵਿਚ ਰਾਜਸਥਾਨ ਵਲੋਂ ਲੰਘੇ ਵੀਰਵਾਰ ਦੀ ਸ਼ਾਮ ਨੂੰ ਚੱਲੀ ਤੇਜ ਹਨ੍ਹੇਰੀ ਦੀ ਬਦੌਲਤ ਹੁਣ ਟਿੱਡੀ ਦਲ ਦੇ ਹਮਲੇ ਦੀਆਂ ਸੰਭਾਵਨਾਵਾਂ ਕਾਫ਼ੀ ਘੱਟ ਗਈਆਂ ਹਨ। ਟਿੱਡੀ ਦਲ ਲੰਘੇ ਵੀਰਵਾਰ ਨੂੰ ਦੁਪਹਿਰ ਤਕ ਬਠਿੰਡਾ ਤੋਂ ਕਰੀਬ 60 ਕਿਲੋਮੀਟਰ ਦੀ ਦੂਰੀ ’ਤੇ ਸੀ, ਉਹ ਅੱਜ ਉਥੋਂ 120 ਕਿਲੋਮੀਟਰ ਦੀ ਦੂਰੀ ਤੱਕ ਪਹੁੰਚ ਗਿਆ ਹੈ।

ਬੇਸ਼ੱਕ ਹਵਾ ਦੇ ਵਹਾਅ ਨਾਲ ਟਿੱਡੀ ਦਲ ਦੇ ਦੂਰ ਪਹੁੰਚ ਜਾਣ ਨਾਲ ਪੰਜਾਬ ਵਿਚ ਹਮਲੇ ਦੀਆਂ ਸੰਭਾਵਨਾਵਾਂ ਕਾਫ਼ੀ ਘੱਟ ਹੋ ਗਈਆਂ ਹਨ ਪਰ ਇਸ ਦੇ ਬਾਵਜੂਦ ਖੇਤੀਬਾੜੀ ਵਿਭਾਗ ਅਨੁਸਾਰ ਖਤਰਾ ਜੁਲਾਈ ਮਹੀਨੇ ਦੇ ਅਖੀਰ ਤਕ ਬਣਿਆ ਰਹੇਗਾ।

ਖੇਤੀਬਾੜੀ ਵਿਭਾਗ ਅਜੇ ਵੀ ਨਾ ਕੇਵਲ ਜਿਉਂ ਦਾ ਤਿਉਂ ਮੁਸਤੈਦ ਹੈ, ਬਲਕਿ ਪੁਲਿਸ ਪ੍ਰਸ਼ਾਸ਼ਨ ਕੋਲੋਂ ਡ੍ਰੈਗਨ ਲਾਈਟਸ ਦਾ ਪ੍ਰਬੰਧ ਕਰਨ ਵਿਚ ਵੀ ਜੁਟ ਗਿਆ ਹੈ। ਜਦੋਂ ਕਿ ਹਰਿਆਣਾ ਦੇ ਨਾਲ ਲੱਗਦੀਆਂ ਸੀਮਾਵਾਂ ਦੇ ਚਾਰ ਪਿੰਡਾਂ ਵਿਚ ਫਾਇਰ ਬਿ੍ਰਗੇਡ ਗੱਡੀਆਂ ਵੀ ਉਸੇ ਤਰ੍ਹਾਂ ਤਾਇਨਾਤ ਹਨ। ਪਿੰਡਾਂ ਵਿਚ ਵੀ ਉਸੇ ਪ੍ਰਕਾਰ ਕਿਸਾਨਾਂ ਨੂੰ ਚੌਕਸ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਪੰਜਾਬ-ਹਰਿਆਣਾ ਸੀਮਾ ’ਤੇ ਸਥਿੱਤ ਪਿੰਡ ਡੂਮਵਾਲੀ ਦੇ ਬੈਰੀਅਰ ’ਤੇ ਵੀ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਤਾਇਨਾਤ ਹੈ।

ਰਾਵਤਸਰ ਕੋਲ ਪਿੰਡਾਂ ਵਿਚ ਪਹੁੰਚਿਆ ਟਿੱਡੀ ਦਲ

ਡੱਬਵਾਲੀ ਦੇ ਕੋਲ ਡੂੰਮਵਾਲੀ ਦੇ ਬੈਰੀਅਰ ’ਤੇ ਤਾਇਨਾਤ ਖੇਤੀਬਾੜੀ ਵਿਭਾਗ ਦੇ ਸੰਗਤ ਬਲਾਕ ਦੇ ਮੁਖ ਅਧਿਕਾਰੀ ਡਾ. ਆਸਮਾਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਰਾਜਸਥਾਨ ਸਰਕਾਰ ਦੇ ਕੰਟਰੋਲ ਆਪ੍ਰੇਸ਼ਨ ਅਤੇ ਪੰਜਾਬ ਤੋਂ ਰਾਜਸਥਾਨ ਵਲੋਂ ਚੱਲੀ ਹਨ੍ਹੇਰੀ ਅਤੇ ਤੇਜ ਹਵਾਵਾਂ ਦੀ ਬਦੌਲਤ ਟਿੱਡੀ ਦਲ ਹੁਣ ਰਾਵਤਸਰ ਕੋਲ ਸਥਿੱਤ ਭਗਵਾਨਪੁਰਾ, ਧਿਆਨ ਦਾਸ (ਹਨੂੰਮਾਨਗੜ੍ਹ) ਆਦਿ ਪਿੰਡਾਂ ਵਿਚ ਪਹੁੰਚ ਗਿਆ ਹੈ। ਇਹ ਪਿੰਡ ਬਠਿੰਡਾ ਤੋਂ ਕਰੀਬ 120 ਕਿਲੋਮੀਟਰ ਦੀ ਦੂਰੀ ’ਤੇ ਸਥਿੱਤ ਹੈ। ਵੈਸੇ ਰਾਜਸਥਾਨ ਸਰਕਾਰ ਦੇ ਕੰਟਰੋਲ ਆਪ੍ਰੇਸ਼ਨ ਨੇ ਟਿੱਡੀ ਦਲ ’ਤੇ 80 ਫ਼ੀਸਦੀ ਤੱਕ ਕਾਬੂ ਪਾ ਲਿਆ ਹੈ ਅਤੇ ਉਨ੍ਹਾਂ ਦਾ ਇਹ ਆਪ੍ਰੇਸ਼ਨ ਅਜੇ ਵੀ ਚੱਲ ਰਿਹਾ ਹੈ।

ਟਿੱਡੀ ਦਲ ਦੇ ਪਿੱਛੇ ਹਟ ਜਾਣ ਤੋਂ ਹੁਣ ਪੰਜਾਬ ਵਿਚ ਹਮਲੇ ਦੇ ਆਸਾਰ ਕਾਫ਼ੀ ਘੱਟ ਹੋ ਗਏ ਹਨ, ਪ੍ਰੰਤੂ ਫਿਰ ਵੀ ਜ਼ਿਲ੍ਹੇ ਦਾ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਪਹਿਲਾਂ ਵਾਂਗ ਹੀ ਚੌਕਸ ਅਤੇ ਮੁਸਤੈਦ ਹਨ। ਟਿੱਡੀ ਦਲ ਦੇ ਰਾਹ ਬਦਲਦੇ ਹੀ ਕੋਈ ਪਤਾ ਨਹੀਂ ਚੱਲਦਾ। ਭਾਵੇਂ ਹਮਲੇ ਦੀਆਂ ਸੰਭਾਵਨਾਵਾਂ ਕਾਫ਼ੀ ਘੱਟ ਗਈਆਂ ਹਨ ਪਰ ਫਿਰ ਵੀ ਟਿੱਡੀ ਦਲ ਦਾ ਖਤਰਾ ਜੁਲਾਈ ਮਹੀਨੇ ਦੇ ਅੰਤ ਤੱਕ ਬਣਿਆ ਹੀ ਰਹੇਗਾ। ਇਸ ਖਤਰੇ ਦੇ ਮੱਦੇਨਜ਼ਰ ਖੇਤੀਬਾੜੀ ਵਿਭਾਗ ਵਲੋਂ ਪੁਲਿਸ ਪ੍ਰਸਾਸ਼ਨ ਤੋਂ ਡ੍ਰੈਗਨ ਲਾਈਟਾਂ ਹਾਸਲ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਹਮਲਾ ਹੋਣ ਦੀ ਸੂਰਤ ਵਿਚ ਰਾਤ ਨੂੰ ਡ੍ਰੈਗਨ ਲਾਈਟਸ ਦੀ ਮੱਦਦ ਨਾਲ ਟਿੱਡੀ ਦਲ ’ਤੇ ਹਮਲਾ ਕੀਤਾ ਜਾ ਸਕੇ।

Posted By: Jagjit Singh