ਗੁਰਤੇਜ ਸਿੰਘ ਸਿੱਧੂ, ਬਠਿੰਡਾ : ਬਿਨ੍ਹਾਂ ਕਿਸੇ ਜਾਣ-ਪਛਾਣ ਦੇ ਫੇਸਬੁੱਕ ਉੱਪਰ ਕਿਸੇ ਨੂੰ ਦੋਸਤ ਬਣਾਉਣਾ ਮਹਿੰਗਾ ਪੈ ਸਕਦਾ ਹੈ। ਫੇਸਬੁੱਕ ਉੱਪਰ ਕੁੜੀਆਂ ਦੇ ਨਾਮ ਵਾਲੀਆਂ ਫ਼ਰਜੀ ਫੇਸਬੁੱਕ ਆਈਡੀਜ਼ ਚੱਲ ਰਹੀਆਂ ਹਨ। ਅਜਿਹਾ ਹੀ ਇਕ ਮਾਮਲਾ ਬਠਿੰਡਾ ਵਿਚ ਸਾਹਮਣੇ ਆਇਆ ਹੈ, ਜਿੱਥੇ ਫੇਸਬੁੱਕ ’ਤੇ ਕੁੜੀ ਦੇ ਨਾਮ 'ਤੇ ਆਈਡੀ ਬਣਾ ਕੇ ਇਕ ਨੌਜਵਾਨ ਨੂੰ ਪਹਿਲਾਂ ਸੁੰਨਸਾਨ ਜਗ੍ਹਾ ਬੁਲਾਇਆ ਗਿਆ ਤੇ ਇੱਥੇ ਅੱਧੀ ਦਰਜਨ ਨੌਜਵਾਨਾਂ ਨੇ ਕੁੱਟਮਾਰ ਕਰਕੇ ਉਸਦੀ ਲੱਤ ਤੋੜ ਦਿੱਤੀ। ਹਮਲਾਵਰ ਉਸਦਾ ਮੋਬਾਈਲ ਫੋਨ ਤੇ ਮੋਟਰਸਾਈਕਲ ਵੀ ਖੋਹ ਕੇ ਲੈ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਪਰਸਰਾਮ ਨਗਰ ਦੇ ਰਹਿਣ ਵਾਲੇ 24 ਸਾਲਾਂ ਨੌਜਵਾਨ ਦੀ ਕੁਝ ਦਿਨ ਪਹਿਲਾਂ ਫੇਸਬੁੱਕ ਰਾਹੀ ਦੋਸਤੀ ਦੀ ਬੇਨਤੀ ਆਈ, ਜਿਸਨੂੰ ਉਸਨੇ ਸਵੀਕਾਰ ਕਰ ਲਿਆ। ਉਕਤ ਆਈਡੀ ਕਿਸੇ ਕੁੜੀ ਦੇ ਨਾਮ ’ਤੇ ਬਣਾਈ ਗਈ ਸੀ। ਇਸ ਦੌਰਾਨ ਉਸਦੀ ਕੁੜੀ ਨਾਲ ਫੇਸਬੁੱਕ ਰਾਹੀ ਦੋਸਤੀ ਵੱਧ ਗਈ। ਸ਼ਨੀਵਾਰ ਨੂੰ ਉਕਤ ਕੁੜੀ ਨੇ ਫੇਸਬੁੱਕ ਰਾਹੀ ਸੁਨੇਹਾ ਦੇ ਕੇ ਉਸਨੂੰ ਬਠਿੰਡਾ-ਸ਼੍ਰੀ ਅੰਮਿ੍ਰਤਸਰ ਕੌਮੀ ਸ਼ਾਹ ਮਾਰਗ ‘ਤੇ ਪੈਂਦੇ ਪਿੰਡ ਗਿੱਲਪੱਤੀ ਕੋਲ ਸੁੰਨਸਾਨ ਜਗ੍ਹਾ ’ਤੇ ਬੁਲਾ ਲਿਆ। ਉਕਤ ਨੌਜਵਾਨ ਜਦੋਂ ਦੱਸੀ ਹੋਈ ਜਗ੍ਹਾ ’ਤੇ ਪੁੱਜਾ ਤਾਂ ਉਥੇ ਪਹਿਲਾਂ ਤੋਂ ਖੜ੍ਹੇ ਅੱਧੀ ਦਰਜਨ ਨੌਜਵਾਨਾਂ ਨੇ ਉਸ ਉੱਪਰ ਹਮਲਾ ਕਰ ਦਿੱਤਾ। ਹਮਲਵਾਰਾਂ ਵੱਲੋਂ ਕੀਤੀ ਗਈ ਕੁੱਟਮਾਰ ਕਾਰਨ ਉਸਦੀ ਇਕ ਲੱਤ ਵੀ ਟੁੱਟ ਗਈ। ਉਕਤ ਨੌਜਵਾਨ ਨੇ ਹਮਲਵਾਰਾਂ ਦੇ ਚੁੰਗਲ ਵਿੱਚੋਂ ਨਿਕਲ ਕੇ ਸੜਕ ’ਤੇ ਦੌੜਨਾ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਹਮਲਾਵਰ ਉਥੋਂ ਫ਼ਰਾਰ ਹੋ ਗਏ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

Posted By: Ramanjit Kaur