ਹਰਕ੍ਰਿਸ਼ਨ ਸ਼ਰਮਾ, ਬਠਿੰਡਾ :

ਸੱਤਾ 'ਚ ਕਾਂਗਰਸ ਸਰਕਾਰ ਤੇ ਬਠਿੰਡਾ ਨਗਰ ਨਿਗਮ ''ਚ ਕਾਂਗਰਸ ਦਾ ਮੇਅਰ ਦੇਖਣ ਲਈ ਲੰਬੇ ਸਮੇਂ ਉਤਾਵਲੇ ਕਾਂਗਰਸੀਆਂ ਦੀ 43 ਕੌਂਸਲਰਾਂ ਨਾਲ ਹੋਈ ਜਿੱਤ ਦੇ ਬਾਅਦ ਨਿਗਮ 'ਚ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਕਾਂਗਰਸ ਦਾ ਚੁਣਿਆ ਗਿਆ ਹੈ। ਇਸ ਨਾਲ ਹੀ ਇਤਿਹਾਸ ਦੇ 53 ਸਾਲਾਂ ਬਾਅਦ ਨਿਗਮ 'ਚ ਕਾਂਗਰਸ ਨੇ ਮਹਿਕ ਖਿਲਾਰ ਦਿਤੀ ਹੈ, ਜਿਸ ਦੀ ਖੁਸ਼ੀ 'ਚ ਜ਼ਿਆਦਾਤਰ ਕਾਂਗਰਸੀ ਵਰਕਰ ਫੂਲੇ ਨਹੀਂ ਸਮਾ ਰਹੇ। ਸਥਾਨਕ ਜ਼ਲਿ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਕੀਤੀ ਗਈ ਹੈ। ਵਿੱਤ ਮੰਤਰੀ ਪੰਜਾਬ ਮਨਪ੍ਰਰੀਤ ਸਿੰਘ ਬਾਦਲ ਨੇ ਇਸ ਚੋਣ ਕੀਤੇ ਜਾਣ ਸਮੇਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵਿਸ਼ੇਸ ਮੌਜੂਦਗੀ ਵਿਚ ਕਿਹਾ ਕਿ 260 ਕਰੋੜ ਰੁਪਏ ਦੀ ਲਾਗਤ ਨਾਲ ਬਠਿੰਡਾ ਸ਼ਹਿਰ ਦੀ ਨੁਹਾਰ ਬਦਲੀ ਜਾਵੇਗੀ। ਆਉਣ ਵਾਲੀ ਦੀਵਾਲੀ ਤਕ ਸ਼ਹਿਰ ਦੇ ਸਾਰੇ ਪ੍ਰਮੁੱਖ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਿਆ ਜਾਵੇਗਾ।

ਚੋਣ ਉਪਰੰਤ ਮੀਡੀਆ ਨਾਲ ਗਲਬਾਤ ਕਰਦਿਆਂ ਵਿੱਤ ਮੰਤਰੀ ਸ. ਬਾਦਲ ਨੇ ਕਿਹਾ ਕਿ ਉਸ ਦੀਆਂ ਨਜ਼ਰਾਂ ਵਿਚ ਸ਼ਹਿਰ ਦਾ ਹਰ ਐਮਸੀ. ਮੇਅਰ ਹੈ ਅਤੇ ਕਿਸੇ ਵੀ ਐਸੀ. ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ, ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੋਵੇ। ਉਨਾਂ੍ਹ ਫ਼ਖਰ ਮਹਿਸੂਸ ਕਰਦਿਆਂ ਕਿਹਾ ਕਿ 53 ਸਾਲਾ ਬਾਅਦ ਕਾਂਗਰਸ ਪਾਰਟੀ ਨੂੰ ਬਠਿੰਡਾ ਨਗਰ ਨਿਗਮ ਦੀ ਪਹਿਲੀ ਮਹਿਲਾ ਮੇਅਰ ਚੁਣਨ ਦਾ ਮਾਣ ਹਾਸਲ ਹੋਇਆ ਹੈ। ਵਿੱਤ ਮੰਤਰੀ ਬਾਦਲ ਨੇ ਵਿਸ਼ਵਾਸ਼ ਦਿਵਾਇਆ ਕਿ ਬਠਿੰਡਾ ਨੂੰ ਇਕ ਨਮੂਨੇ ਦਾ ਸ਼ਹਿਰ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। 260 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਵੱਖ-ਵੱਖ ਵਿਕਾਸ ਪੋ੍ਜੈਕਟਾਂ ਜਿਵੇਂ ਕਿ ਮਾਲ ਰੋਡ 'ਤੇ ਸਥਿਤ ਸ਼ਹੀਦ ਮੇਜਰ ਰਵੀ ਇੰਦਰ ਸਿੰਘ ਸੰਧੂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਮਲਟੀਪਰਪਜ਼ ਪਾਰਕਿੰਗ, ਬੱਸ ਸਟੈਂਡ ਤੋਂ ਇਲਾਵਾ ਪਟਿਆਲਾ ਫ਼ਾਟਕਾਂ 'ਤੇ ਬਨਣ ਵਾਲੇ ਰੇਵਲੇ ਓਵਰ ਬਿ੍ਜ ਦੀਵਾਲੀ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕੀਤੇ ਜਾਣਗੇ।

ਇਸ ਦੌਰਾਨ ਹੀ ਮੇਅਰ ਰਮਨ ਗੋਇਲ ਨੇ ਕਿਹਾ ਕਿ ਉਸ ਲਈ ਖੁਸ਼ੀਆਂ ਭਰਿਆ ਦਿਨ ਹੈ ਅਤੇ ਨਰਾਤੇ ਚੱਲ ਰਹੇ ਹਨ। ਉਨਾਂ੍ਹ ਨੂੰ ਜੋ ਅਹੁਦਾ ਵਿਸ਼ਵਾਸ ਕਰਕੇ ਦਿਤਾ ਗਿਆ ਹੈ। ਇਸ ਵਿਸ਼ਵਾਸ 'ਤੇ ਉਹ ਖਰ੍ਹੇ ਉਤਰਨਗੇ। ਇਸ ਮੌਕੇ ਕਮਿਸ਼ਨਰ ਫ਼ਰੀਦਕੋਟ ਮੰਡਲ ਰਵਿੰਦਰ ਕੁਮਾਰ ਕੌਸ਼ਿਕ ਨੇ ਨਗਰ ਨਿਗਮ ਦੇ ਨਵੇਂ ਚੁਣੇ ਗਏ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨੂੰ ਵਧਾਈ ਦਿੰਦਿਆਂ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਮਿਹਨਤ ਤੇ ਲਗਨ ਨਾਲ ਕੰਮ ਕਰਨ ਦੀ ਤਾਕੀਦ ਕੀਤੀ। ਇਸ ਦੌਰਾਨ ਚੁਣੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨੇ ਮੰਤਰੀ ਸਾਹਿਬਾਨਾਂ, ਉੱਚ ਅਧਿਕਾਰੀਆਂ ਅਤੇ ਸਾਥੀ ਐਮਸੀਜ਼ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਨਗੇ ਤੇ ਸਭਨਾਂ ਦੇ ਸਹਿਯੋਗ ਨਾਲ ਬਠਿੰਡਾ ਸ਼ਹਿਰ ਨੂੰ ਤਰੱਕੀ ਦੀਆਂ ਬੁਲੰਦੀਆਂ 'ਤੇ ਪਹੁੰਚਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਤੋਂ ਪਹਿਲਾਂ ਸਾਰੇ ਹਾਜ਼ਰ ਨਵੇਂ ਕਾਊਂਸਲਰਾਂ ਵਲੋਂ ਬਲਜੀਤ ਸਿੰਘ (ਰਾਜੂ ਸਰਾਂ) ਨੂੰ ਪੋ੍ਟੋਕਾਮ ਸਪੀਕਰ ਚੁਣਿਆ ਗਿਆ, ਜਿਸ ਤੋਂ ਬਾਅਦ ਉਨਾਂ੍ਹ ਦੀ ਦੇਖ-ਰੇਖ ਹੇਠ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਪ੍ਰਕਿਰਿਆ ਮੁਕੰਮਲ ਹੋਈ। ਇਥੇ ਹੀ ਦੱਸਣਯੋਗ ਹੈ ਕਿ ਇਨਾਂ੍ਹ ਅਹੁਦਿਆਂ ਦੀ ਚੋਣ ਲਈ ਸਰਗਰਮੀਆਂ ਦੋ ਮਹੀਨਿਆਂ ਤੋਂ ਕਾਂਗਰਸ ਪਾਰਟੀ 'ਚ ਚੱਲ ਰਹੀਆਂ ਸਨ ਅਤੇ ਅੱਜ ਵੀ ਇਹ ਅਹੁਦਿਆਂ ਦਾ ਐਲਾਨ ਕੀਤੇ ਜਾਣ ਦੇ ਪਹਿਲਾਂ ਲੇਕ ਵਿਊ 'ਤੇ ਵੀ ਕੈਬਨਿਟ ਮੰਤਰੀਆਂ ਵਲੋਂ ਕੌਂਸਲਰਾਂ ਨਾਲ ਮੀਟਿੰਗ ਕੀਤੀ ਗਈ ਸੀ। ਇਸ ਹੋਈ ਚੋਣ ਨੂੰ ਲੈ ਕੇ ਕਈ ਕੌਂਸਲਰ ਨਾ ਖੁਸ਼ ਵੀ ਹਨ। ਅਕਾਲੀ ਕੌਂਸਲਰਾਂ ਵਲੋਂ ਚੋਣ ਸਮੇਂ ਹੀ ਬਾਈਕਾਟ ਕਰ ਦਿੱਤਾ ਗਿਆ ਸੀ ਜਦੋਂਕਿ ਸੀਨੀਅਰ ਕਾਂਗਰਸੀ ਆਗੂ ਜਗਰਪ ਸਿੰਘ ਗਿੱਲ ਨੇ ਵੀ ਬਾਹਰ ਆ ਕੇ ਆਪਣੀ ਨਰਾਜ਼ਗੀ ਜਤਾਈ ਸੀ।