ਗੁਰਤੇਜ ਸਿੰਘ ਸਿੱਧੂ/ਸੀਨੀਅਰ ਸਟਾਫ਼ ਰਿਪੋਰਟਰ, ਬਠਿੰਡਾ : ਰਾਜਸਥਾਨ ਤੋਂ ਬਾਅਦ ਹਰਿਆਣਾ ਦੀ ਸਰਹੱਦ ਨਾਲ ਲੱਗਦੇ ਪੰਜਾਬ ਦੇ ਖੇਤਰਾਂ ਵਿਚ ਟਿੱਡੀ ਦਲ ਦੇ ਹਮਲੇ ਦਾ ਖ਼ਦਸ਼ਾ ਵੱਧ ਗਿਆ ਹੈ। ਸ਼ਨਿੱਚਰਵਾਰ ਬਠਿੰਡਾ ਜ਼ਿਲ੍ਹੇ ਦੇ ਇਕ ਦਰਜਨ ਪਿੰਡਾਂ ਵਿਚ ਟਿੱਡੀ ਦਲ ਦੇ ਝੁੰਡ ਦੇਖੇ ਜਾਣ ਬਾਅਦ ਜਿੱਥੇ ਖੇਤੀਬਾੜੀ ਵਿਭਾਗ ਚੌਕਸ ਹੋ ਗਿਆ ਹੈ, ਉੱਥੇ ਹੀ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਸ਼ੁੱਕਰਵਾਰ ਨੂੰ ਸੰਗਤ ਬਲਾਕ ਦੇ ਪਿੰਡ ਸ਼ੇਖੂ ਵਿਚ ਟਿੱਡੀ ਦਲ ਦਾ ਝੁੰਡ ਪੁੱਜ ਗਿਆ, ਪਰ ਸ਼ਨਿੱਚਰਵਾਰ ਨੂੰ ਕਰੀਬ ਇਕ ਦਰਜਨ ਪਿੰਡਾਂ ਵਿਚ ਟਿੱਡੀ ਦਲ ਦੇਖਿਆ ਗਿਆ।

ਕਿਸਾਨਾਂ ਨੇ ਇਸਦੀ ਸੂਚਨਾ ਖੇਤੀਬਾੜੀ ਵਿਭਾਗ ਨੂੰ ਦਿੱਤੀ। ਏਡੀਓ ਅਸਮਾਨਪ੍ਰਰੀਤ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਤੁਰੰਤ ਪਹੁੰਚ ਕੇ ਇਸਦੀ ਜਾਂਚ ਕੀਤੀ। ਇਸ ਤੋਂ ਇਲਾਵਾ ਸ਼ਨਿੱਚਰਵਾਰ ਨੂੰ ਪਿੰਡ ਬਾਂਡੀ, ਪੱਕਾ ਕਲਾਂ, ਫੁੱਲੋ ਮਿੱਠੀ, ਪਥਰਾਲਾ, ਰਾਏਕੇ ਕਲਾਂ ਵਿਚ ਟਿੱਡੀ ਦਲ ਦੇਖਿਆ ਗਿਆ ਹੈ। ਖੇਤੀਬਾੜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਵੇਂ ਟਿੱਡੀ ਦਲ ਨੇ ਜ਼ਿਲ੍ਹੇ ਅੰਦਰ ਘੁਸਪੈਠ ਕਰ ਗਿਆ ਹੈ ਪਰ ਇਸ ਨੂੰ ਹਮਲਾ ਨਹੀਂ ਕਿਹਾ ਜਾ ਸਕਦਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸਲ ਵਿਚ ਟਿੱਡੀ ਦਲ ਲੱਖਾਂ ਦੀ ਗਿਣਤੀ ਵਿਚ ਇਕੱਠਾ ਹਮਲਾ ਕਰਦਾ ਹੈ, ਪਰ ਜ਼ਿਲ੍ਹੇ ਅੰਦਰ ਪੁੱਜੀਆਂ ਟਿੱਡੀਆਂ ਅਸਲ ਵਿਚ ਵੱਡੇ ਝੁੰਡ ਤੋਂ ਵਿਛੜ ਕੇ ਇੱਧਰ ਆਈਆਂ ਹਨ। ਜ਼ਿਲ੍ਹੇ ਦੀ ਸੰਗਤ ਬਲਾਕ ਦੇ ਪਿੰਡਾਂ ਵਿਚ ਟਿੱਡੀ ਦਲ ਦੀ ਘੁਸਪੈਠ ਤੋਂ ਬਾਅਦ ਵਿਭਾਗ ਨੇ ਗੁਰੂਘਰਾਂ ਦੇ ਸਪੀਕਰਾਂ ਤੋਂ ਅਨਾਊਂਸਮੈਂਟ ਕਰਵਾ ਕੇ ਕਿਸਾਨਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ। ਖੇਤੀਬਾੜੀ ਵਿਭਾਗ ਦੀਆਂ ਟੀਮਾਂ ਸਵੇਰ ਤੋਂ ਹੀ ਵੱਖ-ਵੱਖ ਪਿੰਡਾਂ ਵਿਚ ਪੁੱਜੀਆਂ ਹੋਈਆਂ ਹਨ। ਸ਼ੁੱਕਰਵਾਰ ਸ਼ਾਮ ਨੂੰ ਪਿੰਡ ਸ਼ੇਖੂ ਵਿਚ 50 ਟਿੱਡੀਆਂ ਦਾ ਝੁੰਡ ਦੇਖਿਆ ਗਿਆ ਹੈ ਜਦੋਂ ਕਿ ਅੱਜ ਇਸੇ ਪਿੰਡ ਵਿਚ ਪੰਨੀਵਾਲਾ ਤੇ ਦੇਸੂਜੋਧਾ ਵਾਲੇ ਰਾਹ 'ਤੇ ਫਸਲ ਉੱਪਰ ਵੀ ਟਿੱਡੀ ਦਲ ਬੈਠਾ ਹੋਇਆ ਦੇਖਿਆ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਪਿੰਡ ਬਾਂਡੀ ਵਿਚ ਟਿੱਡੀ ਦਲ ਦੀ ਦਸਤਕ ਬਾਅਦ ਖੇਤੀਬਾੜੀ ਵਿਭਾਗ ਦੀ ਟੀਮ ਪਿੰਡ ਦੇ ਖੇਤਾਂ ਵਿਚ ਪੁੱਜ ਗਈ ਹੈ। ਇਸ ਤੋਂ ਇਲਾਵਾ ਸ਼ਨਿੱਚਰਵਾਰ ਨੂੰ ਸਵੇਰੇ ਪੱਕਾ ਕਲਾਂ ਦੇ ਖੇਤਾਂ ਵਿਚ ਵੀ ਕਣਕ ਦੀ ਫ਼ਸਲ ਉੱਪਰ ਟਿੱਡੀ ਦਲ ਬੈਠਾ ਵੇਖਿਆ ਗਿਆ। ਟਿੱਡੀ ਦਲ ਦੇ ਜ਼ਿਲ੍ਹੇ ਅੰਦਰ ਦਾਖਲ ਹੋਣ ਬਾਅਦ ਕਿਸਾਨਾਂ ਨੂੰ ਚਿੰਤਾ ਸਤਾਉਣ ਲੱਗੀ ਹੈ। ਕਿਸਾਨਾਂ ਨੇ ਟਿੱਡੀ ਦਲ ਦੇ ਸੰਭਾਵਿਤ ਹਮਲੇ ਨਾਲ ਨਜਿੱਠਣ ਲਈ ਖਾਲੀ ਪੀਪਿਆਂ ਦਾ ਇੰਤਜਾਮ ਕਰ ਲਿਆ ਹੈ। ਇਸ ਤੋਂ ਇਲਾਵਾ ਟਿੱਡੀ ਦਲ ਨੂੰ ਉਡਾਉਣ ਲਈ ਕਿਸਾਨ ਕਈ ਤਰ੍ਹਾਂ ਦੇ ਇੰਤਜਾਮ ਕਰਨ ਵਿਚ ਲੱਗੇ ਹੋਏ ਹਨ।

ਸ਼ੇਖੂ, ਪੱਕਾ ਕਲਾਂ ਤੇ ਬਾਂਡੀ 'ਚ ਸਭ ਤੋਂ ਵੱਧ ਟਿੱਡੀਆਂ

ਏਡੀਓ ਅਸਮਾਨਪ੍ਰਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਪਿੰਡ ਸ਼ੇਖੂ ਵਿਚ ਚੱਠਵਾਲਾ ਰਾਹ 'ਤੇ 50 ਕੁ ਟਿੱਡੀਆਂ ਦਾ ਝੁੰਡ ਵੇਖਿਆ ਗਿਆ ਜਦੋਂ ਕਿ ਸ਼ਨਿੱਚਰਵਾਰ ਨੂੰ ਪੰਨੀਵਾਲਾ ਤੇ ਦੇਸੂਯੋਧਾ ਰਾਹ ਰਾਹੀਂ ਟਿੱਡੀ ਦਲ ਰਾਜਸਥਾਨ ਵਾਲੇ ਪਾਸਿਓਂ ਆਇਆ ਹੈ। ਉਨ੍ਹਾਂ ਦੱਸਿਆ ਕਿ ਇਕ ਏਕੜ ਪਿੱਛੇ ਦਸ ਟਿੱਡੀਆਂ ਫ਼ਸਲ ਉੱਪਰ ਬੈਠੀਆਂ ਸਨ ਜਿਨ੍ਹਾਂ ਵਿਚੋਂ ਬਹੁਤੀਆਂ ਨੂੰ ਮਾਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਚੌਕਸ ਰਹਿਣ ਲਈ ਸਪੀਕਰਾਂ ਰਾਹੀਂ ਕਹਿ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਾਂਡੀ ਤੇ ਪੱਕਾ ਕਲਾਂ ਵਿਚ ਅੱਜ ਸਵੇਰੇ ਕੁਝ ਟਿੱਡੀਆਂ ਮਿਲੀਆਂ ਹਨ। ਸਿੱਧੂ ਨੇ ਦੱਸਿਆ ਕਿ ਵੈਸੇ ਸਥਿਤੀ ਕਾਬੂ ਹੇਠ ਹੈ। ਉਨ੍ਹਾਂ ਦੱਸਿਆ ਕਿ ਉਕਤ ਟਿੱਡੀਆਂ ਦਾ ਛੋਟਾ ਝੁੰਡ ਟਿੱਡੀ ਦਲ ਤੋਂ ਵੱਖ ਹੋ ਕੇ ਬਠਿੰਡਾ ਜ਼ਿਲ੍ਹੇ ਅੰਦਰ ਆ ਗਿਆ ਹੈ। ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਸਗੋਂ ਜੇਕਰ ਟਿੱਡੀ ਦਲ ਦਾ ਹਮਲਾ ਹੁੰਦਾ ਹੈ ਤਾਂ ਇਸ ਦੇ ਟਾਕਰੇ ਲਈ ਤਿਆਰ ਰਹਿਣਾ ਚਾਹੀਦਾ ਹੈ।

ਡੀਲਰਾਂ ਨੂੰ ਦਵਾਈਆਂ ਤਿਆਰ ਰੱਖਣ ਦੀ ਹਦਾਇਤ

ਖੇਤੀਬਾੜੀ ਵਿਭਾਗ ਨੇ ਟਿੱਡੀ ਦਲ ਦੇ ਸੰਭਾਵਿਤ ਹਮਲੇ ਦੇ ਮੱਦੇਨਜ਼ਰ ਡੀਲਰਾਂ ਨੂੰ ਕੀੜੇਮਾਰ ਦਵਾਈਆਂ ਦਾ ਸਟਾਕ ਰੱਖਣ ਦੀ ਹਦਾਇਤ ਦਿੱਤੀ ਹੈ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਟਿੱਡੀ ਦਲ ਦਾ ਹਮਲਾ ਹੁੰਦਾ ਹੈ ਤਾਂ ਕੀੜੇਮਾਰ ਦਵਾਈ ਕਲੋਰੋਪੈਰੀਫਾਸ ਤੇ ਕਰਾਟੇ ਦਵਾਈ ਦੇ ਛਿੜਕਾਅ ਦਾ ਸੁਝਾਅ ਦਿੱਤਾ ਹੈ। ਏਡੀਓ ਅਸਮਾਨਪ੍ਰਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਡੀਲਰਾਂ ਨੂੰ ਉਕਤ ਕੀੜੇਮਾਰ ਦਵਾਈਆਂ ਆਪਣੇ ਸਟਾਕ ਵਿਚ ਰੱਖਣ ਲਈ ਹਦਾਇਤ ਕੀਤੀ ਗਈ ਹੈ ਤਾਂ ਜੋ ਜੇਕਰ ਲੋੜ ਪੈਂਦੀ ਹੈ ਤਾਂ ਕੀੜੇਦਾਰ ਦਵਾਈ ਜਲਦੀ ਮਿਲ ਸਕੇ। ਉਨ੍ਹਾਂ ਦੱਸਿਆ ਕਿ ਟਿੱਡੀ ਦਲ ਦੇ ਬਠਿੰਡਾ ਜ਼ਿਲ੍ਹੇ ਅੰਦਰ ਦਾਖਲ ਹੋਣ ਸਬੰਧੀ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਟਿੱਡੀ ਦਲ ਦੇ ਹਮਲੇ ਲਈ ਖੇਤੀਬਾੜੀ ਵਿਭਾਗ ਨੇ ਪੂਰੇ ਪ੍ਰਬੰਧ ਕਰ ਲਏ ਹਨ।