ਵੀਰਪਾਲ ਭਗਤਾ, ਭਗਤਾ ਭਾਈਕਾ :

ਪੰਜਾਬ ਦੇ ਮਾਲ ਮੰਤਰੀ ਗੁਰਪ੍ਰਰੀਤ ਸਿੰਘ ਕਾਂਗੜ ਨੇ ਸਥਾਨਕ ਸ਼ਹਿਰ ਵਿਖੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਲਾਗੂ ਕਰ ਕੇ ਪੰਜਾਬ ਦੇ ਕਿਸਾਨਾਂ ਨੂੰ ਤਬਾਹੀ ਵੱਲ ਧੱਕ ਦਿੱਤਾ ਹੈ।ਇਨਾਂ੍ਹ ਲੋਕ ਵਿਰੋਧੀ ਕਾਨੂੰਨਾਂ ਦਾ ਅਸਰ ਸਿਰਫ਼ ਕਿਸਾਨਾਂ ਤੇ ਹੀ ਨਹੀਂ ਸਗੋਂ ਮਜ਼ਦੂਰਾਂ ਦੁਕਾਨਦਾਰਾਂ ਸਮੇਤ ਹਰ ਵਰਗ ਉੱਪਰ ਪਵੇਗਾ। ਉਨਾਂ੍ਹ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਕਿਸਾਨਾਂ ਮਜ਼ਦੂਰਾਂ ਦੇ ਨਾਲ ਖੜ੍ਹੀ ਹੈ ਜਿਸ ਕਾਰਨ ਹੀ ਕੇਂਦਰ ਸਰਕਾਰ ਸੂਬੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ।

ਕਾਂਗੜ ਨੇ ਕੇਂਦਰ ਸਰਕਾਰ ਨੂੰ ਤਾਨਾਸ਼ਾਹੀ ਕਰਾਰ ਦਿੰਦਿਆਂ ਕਿਹਾ ਕਿ ਦਿੱਲੀ ਬਾਰਡਰਾਂ ਤੇ ਬੈਠੇ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਕੇਂਦਰ ਉਨਾਂ੍ਹ ਦੀ ਆਵਾਜ਼ ਨੂੰ ਦਬਾਉਣ ਦੇ ਯਤਨ ਕਰ ਰਹੀ ਹੈ। ਉਨਾਂ੍ਹ ਕਿਹਾ ਕਿ ਕੇਂਦਰ ਸਰਕਾਰ ਜਿੱਥੇ ਪੰਜਾਬ ਦਾ ਟੈਕਸਾਂ ਦੀ ਬਣਦੀ ਰਕਮ ਰੋਕ ਰਹੀ ਹੈ ਉਥੇ ਹੀ ਸਿੱਧੀ ਅਦਾਇਗੀ ਦਾ ਮਸਲਾ ਖੜ੍ਹਾ ਕਰ ਕੇ ਕਿਸਾਨਾਂ ਅਤੇ ਆੜ੍ਹਤੀਆਂ ਵਿਚ ਦਰਾਰ ਪਾਉਣ ਦਾ ਯਤਨ ਕਰ ਰਹੀ ਹੈ।

ਮਾਲ ਮੰਤਰੀ ਕਾਂਗੜ ਨੇ ਦਾਅਵਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਰਾਜ ਦੌਰਾਨ ਪਿੰਡਾਂ ਦਾ ਵੱਡੀ ਪੱਧਰ 'ਤੇ ਵਿਕਾਸ ਹੋਇਆ ਹੈ। ਉਨਾਂ੍ਹ ਕਿਹਾ ਕਿ ਜਿੱਥੇ ਪਿੰਡਾਂ ਦੇ ਛੱਪੜਾਂ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਲੰਬੇ ਸਮੇਂ ਤੋਂ ਲਟਕਦੇ ਮਸਲਿਆਂ ਦਾ ਹੱਲ ਕੀਤਾ ਗਿਆ ਹੈ ਉਥੇ ਹੀ ਪਿੰਡਾਂ ਵਿੱਚ ਸੁੰਦਰ ਦਿੱਖ ਵਾਲੇ ਸਟੇਡੀਅਮ ਅਤੇ ਜਿੰਮ ਖੋਲ੍ਹੇ ਗਏ ਹਨ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਹਟਾ ਕੇ ਖੇਡਾਂ ਵੱਲ ਲਾਇਆ ਜਾ ਸਕੇ। ਉਨਾਂ੍ਹ ਕਿਹਾ ਕਿ ਪੰਜਾਬ ਦੇ ਵਿਕਾਸ ਵਿੱਚ ਕਾਂਗਰਸ ਸਰਕਾਰ ਨੇ ਇਤਿਹਾਸ ਰਚਿਆ ਹੈ। ਕਾਂਗੜ ਨੇ ਬੇਅਦਬੀ ਦੇ ਮਾਮਲੇ ਤੇ ਕਿਹਾ ਕਿ ਇਸ ਦੀਆਂ ਪੈੜਾਂ ਅਕਾਲੀ ਦਲ ਦੇ ਵੱਡੇ ਆਗੂਆਂ ਦੇ ਘਰਾਂ ਵੱਲ ਜਾਂਦੀਆਂ ਹਨ। ਉਨਾਂ੍ਹ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਪੱਸ਼ਟ ਕਹਿ ਚੁੱਕੇ ਹਨ ਕਿ ਬੇਅਦਬੀ ਦੇ ਮਾਮਲਿਆਂ ਵਿੱਚ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ।

ਉਨਾਂ੍ਹ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲਾਗੂ ਕੀਤੇ ਤਿੰਨੇ ਖੇਤੀ ਕਾਨੂੰਨ ਵਾਪਸ ਲੈ ਕੇ ਕਿਸਾਨਾਂ ਨੂੰ ਰਾਹਤ ਦੇਵੇ। ਇਸ ਮੌਕੇ ਰਾਜਵੰਤ ਸਿੰਘ ਭਗਤਾ ਚੇਅਰਮੈਨ ਮਾਰਕਿਟ ਕਮੇਟੀ ਭਗਤਾ, ਬੂਟਾ ਸਿੰਘ ਸਿੱਧੂ ਪ੍ਰਧਾਨ ਨਗਰ ਪੰਚਾਇਤ ਭਗਤਾ, ਸੁਨੀਤਾ ਰਾਣੀ ਕਟਾਰੀਆਂ ਮੀਤ ਪ੍ਰਧਾਨ, ਜੋਰਾ ਸਿੰਘ ਬਰਾੜ ਰਿਟਾ. ਡੀਐਸਪੀ, ਮਨੋਜ ਕੁਮਾਰ ਮੌਜੀ, ਇੰਦਰਜੀਤ ਸਿੰਘ ਨਾਗਪਾਲ, ਸੁਰਿੰਦਰ ਕਟਾਰੀਆ, ਜਗਜੀਤ ਸਿੰਘ ਬਰਾੜ, ਗੋਰਾ ਸਿੰਘ ਕਾਂਗੜ, ਜਗਸੀਰ ਸਿੰਘ ਮਲੂਕਾ, ਇੰਦਰਜੀਤ ਸਿੰਘ ਭੋਡੀਪੁਰਾ, ਗੁਰਮੇਲ ਸਿੰਘ ਹਮੀਰਗੜ, ਨਿਰਭੈ ਸਿੰਘ ਭਗਤਾ, ਹਰਭਜਨ ਸਿੰਘ ਸਿੱਧੂ, ਗੁਰਪ੍ਰਰੀਤ ਸਿੰਘ ਘਾਰੂ, ਗੁਰਮੀਤ ਸਿੰਘ ਭਗਤਾ, ਜਸਵਿੰਦਰ ਸਿੰਘ ਪੱਪੂ, ਸੰਜੀਵ ਰਿੰਕਾ ਆਦਿ ਹਾਜ਼ਰ ਸਨ।