ਮਨਪ੍ਰਰੀਤ ਸਿੰਘ ਗਿੱਲ, ਰਾਮਪੁਰਾ ਫੂਲ : ਸਥਾਨਕ ਸ਼ਹਿਰ ਦੇ ਇਕ ਨੌਜਵਾਨ ਵੱਲੋਂ ਪੈਸੇ ਦੇ ਲੈਣ ਦੇਣ ਕਾਰਨ ਮਾਨਸਿਕ ਪੇ੍ਸ਼ਾਨੀ ਦੇ ਚੱਲਦਿਆਂ ਖੁਦਕੁਸ਼ੀ ਕਰਨ ਦਾ ਸਮਾਚਾਰ ਹੈ। ਇਸ ਦੌਰਾਨ ਉਕਤ ਨੌਜਵਾਨ ਜਗਸੀਰ ਸਿੰਘ ਉਰਫ ਜੱਗੀ ਭਾਰੀ ਵੱਲੋਂ ਲਿਖੇ ਆਪਣੇ ਖੁਦਕੁਸ਼ੀ ਨੋਟ ਵਿਚ ਦੱਸੇ ਕਥਿਤ ਦੋਸ਼ੀ ਦੀ ਗਿ੍ਫਤਾਰੀ ਲਈ ਅੱਜ ਉਸ ਦੇ ਵਾਰਸਾਂ ਅਤੇ ਜਾਣ ਪਹਿਚਾਣ ਵਾਲਿਆਂ ਵੱਲੋਂ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਸਥਿਤ ਮੌੜ ਚੌਂਕ ਰਾਮਪੁਰਾ ਫੂਲ ਵਿਖੇ ਧਰਨਾ ਲਾ ਕੇ ਆਵਾਜਾਈ ਜਾਮ ਕਰ ਦਿੱਤੀ ਗਈ। ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਮਿ੍ਤਕ ਦੀ ਪਤਨੀ ਅਮਨਦੀਪ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਨੇ ਸਥਾਨਕ ਸ਼ਹਿਰ ਦੇ ਇਕ ਅਸ਼ੋਕ ਕੁਮਾਰ ਨਾਮ ਦੇ ਵਿਅਕਤੀ ਤੋਂ ਕਰਜ ਲਿਆ ਸੀ ਪਰ ਲਾਕਡਾਊਨ ਕਾਰਨ ਹੋਈ ਆਰਥਿਕ ਮੰਦਹਾਲੀ ਕਾਰਨ ਉਹ ਕਰਜਾ ਸਮੇਂ ਸਿਰ ਨਹੀਂ ਮੋੜ ਸਕੇ। ਉਕਤ ਲੈਣਦਾਰ ਵੱਲੋਂ ਆਪਣਾ ਕਰਜ਼ਾ ਵਾਪਸ ਲੈਣ ਲਈ ਕਾਫੀ ਦਬਾਅ ਪਾਇਆ ਜਾ ਰਿਹਾ ਸੀ ਅਤੇ ਤੰਗ ਪੇ੍ਸ਼ਾਨ ਵੀ ਕੀਤਾ ਜਾ ਰਿਹਾ ਸੀ। ਇਸੇ ਮਾਨਸਿਕ ਪੇ੍ਸ਼ਾਨੀ ਦੇ ਚੱਲਦਿਆਂ ਕੱਲ੍ਹ ਜਗਸੀਰ ਸਿੰਘ ਵੱਲੋਂ ਖ਼ੁਦਕੁਸ਼ੀ ਕਰ ਲਈ ਗਈ। ਮਿ੍ਤਕ ਦੀ ਪਤਨੀ ਦੇ ਬਿਆਨ 'ਤੇ ਅਸ਼ੋਕ ਕੁਮਾਰ ਵਾਸੀ ਰਾਮਪੁਰਾ ਫੂਲ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਸਬੰਧੀ ਧਾਰਾ 306 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਦੂਜੇ ਪਾਸੇ ਕਰੀਬ ਇਕ-ਡੇਢ ਘੰਟੇ ਤਕ ਚੱਲੇ ਇਸ ਜਾਮ ਦੌਰਾਨ ਪ੍ਰਸ਼ਾਸ਼ਨ ਵੱਲੋਂ ਪਹੁੰਚੇ ਐਸਪੀਐਚ ਬਠਿੰਡਾ ਭੁਪਿੰਦਰ ਸਿੰਘ ਵੱਲੋਂ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਕਥਿਤ ਦੋਸ਼ੀ ਨੂੰ ਬਹੁਤ ਜਲਦ ਗਿ੍ਫਤਾਰ ਕਰ ਲਿਆ ਜਾਵੇਗਾ। ਉਕਤ ਭਰੋਸੇ ਤੋਂ ਬਾਅਦ ਜਾਮ ਤੇ ਧਰਨਾ ਸਮਾਪਤ ਕਰ ਦਿੱਤਾ ਗਿਆ। ਜਿਕਰਯੋਗ ਹੈ ਕਿ ਇਸ ਜਾਮ ਦੇ ਕਾਰਨ ਅੱਜ ਜਿਥੇ ਆਮ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਥੇ ਆਈਜੀ ਮੁਖਵਿੰਦਰ ਸਿੰਘ ਛੀਨਾ ਅਤੇ ਫੌਜ ਦੀਆਂ ਗੱਡੀਆਂ ਨੂੰ ਵੀ ਆਪਣਾ ਰਾਹ ਬਦਲ ਕੇ ਜਾਣਾ ਪਿਆ।