ਦੀਪਕ ਸ਼ਰਮਾ, ਬਠਿੰਡਾ : ਸਮਾਜ ਸੇਵੀ ਸੰਸਥਾ ਆਸਰਾ ਵੈੱਲਫੇਅਰ ਸੁਸਾਇਟੀ ਵੱਲੋਂ ਚਲਾਈ ਜਾ ਰਹੀ ਉਮੀਦ ਦੀ ਨਵੀਂ ਕਿਰਨ ਪ੍ਰਰਾਜੈਕਟ ਤਹਿਤ ਪੂਜਾ ਵਾਲਾ ਮੁਹੱਲਾ ਸਥਿਤ ਸਰਕਾਰੀ ਦੇਸਰਾਜ ਮੈਮੋਰੀਅਲ ਸਕੂਲ ਵਿਚ ਬਣੇ ਆਂਗਨਵਾੜੀ ਸੈਂਟਰ ਨੂੰ ਸਮਾਰਟ ਬਣਾਉਣ ਲਈ ਗਿਆਨੀ ਜ਼ੈਲ ਸਿੰਘ ਸਕੂਲ ਆਫ ਆਰਕੀਟੈਕਚਰ ਐਂਡ ਪਲੈਨਿੰਗ (ਐਮਆਰਐਸਪੀਟੀਯੂ) ਦੀ ਭਾਵਨਾ ਓਹਰੀ (ਸਹਾਇਕ ਪੋ੍ਫੈਸਰ) ਨੇ ਦੋ ਵਿਦਿਆਰਥੀਆਂ ਨਾਲ ਪੁਰਾਣੀ ਇਮਾਰਤ ਦੀ ਸਜਾਵਟ ਅਤੇ ਸਾਈਟ ਦੀ ਡਿਜ਼ਾਈਨਿੰਗ ਲਈ ਦੌਰਾ ਕੀਤਾ ਅਤੇ ਅੱਗੇ ਦੀ ਰੂਪਰੇਖਾ ਤਿਆਰ ਕੀਤੀ ਗਈ। ਇਸ ਮੌਕੇ ਭਾਵਨਾ ਓਹਰੀ ਨੇ ਦੱਸਿਆ ਕਿ ਇਸ ਪੋ੍ਜੈਕਟ ਨੂੰ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਇਸ ਮੌਕੇ ਸੰਸਥਾ ਦੇ ਸੰਸਥਾਪਕ ਰਮੇਸ਼ ਮਹਿਤਾ ਨੇ ਦੱਸਿਆ ਕਿ ਇਸ ਆਂਗਨਵਾੜੀ ਕੇਂਦਰ ਵਿਚ 50 ਦੇ ਕਰੀਬ ਬੱਚੇ ਪੜ੍ਹਦੇ ਹਨ। ਸੰਸਥਾ ਨੇ ਇਸ ਕੇਂਦਰ ਨੂੰ ਸਮਾਰਟ ਸੈਂਟਰ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਤਹਿਤ ਸੰਸਥਾ ਵੱਲੋਂ ਟਾਈਲਾਂ, ਪੱਖੇ, ਨਵਾਂ ਫਰਨੀਚਰ, ਐਲਈਡੀ, ਖੇਡਾਂ ਦਾ ਨਵੀਨੀਕਰਨ ਅਤੇ ਸਥਾਪਨਾ ਕੀਤੀ ਜਾਵੇਗੀ, ਤਾਂ ਜੋ ਬੱਚਿਆਂ ਨੂੰ ਆਧੁਨਿਕ ਤਰੀਕੇ ਨਾਲ ਪੜ੍ਹਾਇਆ ਜਾ ਸਕੇ। ਇੰਨਾ ਹੀ ਨਹੀਂ, ਆਂਗਣਵਾੜੀ ਕੇਂਦਰ ਨੂੰ ਸੀਸੀਟੀਵੀ ਕੈਮਰਿਆਂ ਨਾਲ ਲੈਸ ਕਰਨ ਦੇ ਨਾਲ-ਨਾਲ ਇੰਟਰਨੈੱਟ ਦੀ ਸਹੂਲਤ ਵੀ ਉਪਲਬਧ ਹੋਵੇਗੀ, ਜਿਸ ਨਾਲ ਬੱਚਿਆਂ ਦੇ ਪਰਿਵਾਰਕ ਮੈਂਬਰ ਮੋਬਾਈਲ ਰਾਹੀਂ ਸਕੂਲ ਵਿਚ ਚੱਲ ਰਹੀਆਂ ਬੱਚਿਆਂ ਦੀਆਂ ਗਤੀਵਿਧੀਆਂ ਬਾਰੇ ਜਾਣ ਸਕਣਗੇ ਅਤੇ ਬੱਚਿਆਂ ਦੇ ਆਈ ਕਾਰਡ ਵੀ ਤਿਆਰ ਕੀਤੇ ਜਾ ਰਹੇ ਹਨ। ਰਮੇਸ਼ ਮਹਿਤਾ ਨੇ ਦੱਸਿਆ ਕਿ ਸੰਸਥਾ ਦਾ ਮਕਸਦ ਆਂਗਨਵਾੜੀ ਕੇਂਦਰਾਂ ਤੱਕ ਪਹੁੰਚ ਕਰਕੇ ਕੇਂਦਰ ਨਾਲ ਆਪਣਾ ਸੰਪਰਕ ਬਣਾਈ ਰੱਖਣਾ ਹੈ। ਇਸ ਲਈ ਇਹ ਸਭ ਯੋਜਨਾਬੱਧ ਹੈ। ਇਸ ਦਾ ਸਿੱਧਾ ਫਾਇਦਾ ਨੌਜੁਆਨਾਂ ਨੂੰ ਹੋਵੇਗਾ ਅਤੇ ਆਂਗਣਵਾੜੀ ਕੇਂਦਰ ਦੀ ਤਸਵੀਰ ਵੀ ਬਦਲ ਜਾਵੇਗੀ। ਇਸ ਮੌਕੇ ਸੰਸਥਾ ਦੇ ਮੈਂਬਰ ਵਿਨੋਦ ਬਾਂਸਲ, ਚੇਤਨ ਕੁਮਾਰ ਅਤੇ ਸਮੂਹ ਸਟਾਫ਼ ਆਂਗਣਵਾੜੀ ਵਰਕਰਾਂ ਹਾਜ਼ਰ ਸਨ।