ਪੰਜਾਬੀ ਜਾਗਰਣ ਪ੍ਰਤੀਨਿਧੀ, ਬਠਿੰਡਾ : ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਵਿਚ ਖ਼ਜ਼ਾਨਾ ਮੰਤਰੀ ਮਨਪ੍ਰਰੀਤ ਬਾਦਲ ਦੀ ਅਗਵਾਈ ਵਾਲੀ ਕਾਂਗਰਸ ਤੇ ਹੋਰਨਾਂ ਪਾਰਟੀਆਂ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਬਲਾਕ ਦੇ ਮੀਤ ਪ੍ਰਧਾਨ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਡਾ. ਕੁਲਵੰਤ ਖਿੱਚੀ ਤੇ ਸ਼ਿਵ ਸੈਨਾ ਤੇ ਆਮ ਆਦਮੀ ਪਾਰਟੀ ਦੇ ਕਈ ਮੈਂਬਰਾਂ ਨੇ ਸ਼ੋ੍ਮਣੀ ਅਕਾਲੀ ਦਲ 'ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।

ਪਾਰਟੀ 'ਚ ਸ਼ਾਮਲ ਹੋਣ ਵਾਲੇ ਮੈਂਬਰਾਂ ਨੂੰ ਸਾਬਕਾ ਵਿਧਾਇਕ ਤੇ ਬਠਿੰਡਾ ਸ਼ਹਿਰੀ ਖੇਤਰ ਤੋਂ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਸਿਰੋਪਾਓ ਪਾ ਕੇ ਜੀ ਆਇਆਂ ਕਿਹਾ ਅਤੇ ਪਾਰਟੀ 'ਚ ਪੂਰਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਡਾ. ਖਿੱਚੀ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਣ ਦਾ ਕਾਰਨ ਖਜ਼ਾਨਾ ਮੰਤਰੀ ਮਨਪ੍ਰਰੀਤ ਬਾਦਲ ਦੀਆਂ ਭਿ੍ਸ਼ਟ ਨੀਤੀਆਂ ਅਤੇ ਸੀਨੀਅਰ ਆਗੂਆਂ ਨੂੰ ਨਜ਼ਰਅੰਦਾਜ਼ ਕਰਨਾ ਦੱਸਿਆ। ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵੱਡੇ ਵੱਡੇ ਵਾਅਦਿਆਂ ਨਾਲ ਸੱਤਾ 'ਤੇ ਕਾਬਜ਼ ਹੋਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖਜ਼ਾਨਾ ਮੰਤਰੀ ਮਨਪ੍ਰਰੀਤ ਬਾਦਲ ਦੀ ਟੀਮ ਵਾਲੀ ਕਾਂਗਰਸ ਸਰਕਾਰ ਤੋਂ ਹਰ ਵਰਗ ਦੁਖੀ ਹੈ ਤੇ ਹੁਣ ਕਾਂਗਰਸ ਦੀ ਖੇਡ ਖ਼ਤਮ ਹੋ ਚੁੱਕੀ ਹੈ। ਕਾਂਗਰਸ ਨੇ ਪੰਜ ਸਾਲਾਂ ਵਿਚ ਕੋਈ ਕੰਮ ਨਹੀਂ ਕੀਤਾ ,ਬਲਕਿ ਪਿਛਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਲੋਕ ਹਿੱਤ ਵਿਚ ਉਲੀਕੀਆਂ ਸਕੀਮਾਂ ਵੀ ਬੰਦ ਕਰ ਦਿੱਤੀਆਂ।

ਬਠਿੰਡਾ ਵਿਚ ਲੋਕਾਂ ਨੂੰ ਸਹੂਲਤ ਦੇਣ ਦੀ ਬਜਾਏ ਵਿਕਾਸ ਦੇ ਨਾਂ ਤੇ ਕਰੋੜਾਂ ਰੁਪਏ ਦੇ ਘਪਲੇ ਕੀਤੇ ਗਏ, ਜਿਸ ਕਰਕੇ ਸ਼ਹਿਰ ਵਾਸੀ ਕਾਂਗਰਸ ਤੋਂ ਛੁਟਕਾਰਾ ਚਾਹੁੰਦੇ ਹਨ। ਉਨਾਂ੍ਹ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਹੱਕ 'ਚ ਲਹਿਰ ਚੱਲ ਪਈ ਜੋ 2022 ਦੀਆਂ ਚੋਣਾਂ ਵਿਚ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਬਣਾਏਗੀ ਅਤੇ ਸਰਕਾਰ ਬਣਦਿਆਂ ਹੀ ਹਰ ਵਰਗ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ । ਇਸ ਮੌਕੇ ਉਨਾਂ੍ਹ ਦੇ ਲਾਲ ਨਿਰਮਲ ਸਿੰਘ ਸੰਧੂ ,ਗੁਰਸੇਵਕ ਸਿੰਘ ਮਾਨ, ਹਰਵਿੰਦਰ ਗੰਜੂ ,ਜਗਦੀਪ ਸਿੰਘ ਗਹਿਰੀ ਅਤੇ ਹੋਰ ਮੈਂਬਰ ਸ਼ਾਮਲ ਸਨ ।