ਗੁਰਤੇਜ ਸਿੰਘ ਸਿੱਧੂ, ਬਠਿੰਡਾ

ਸੋਮਵਾਰ ਨੂੰ ਜ਼ਿਲ੍ਹੇ ਦੀਆਂ ਅਧਿਆਪਕ ਜਥੇਬੰਦੀਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਰਾਇਮਰੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੂੰ ਵੱਡੇ ਇਕੱਠ ਦੇ ਰੂਪ ਵਿਚ ਮਿਲੀਆਂ। ਆਗੂਆਂ ਨੇ ਮੰਗ ਕੀਤੀ ਕਿ ਪਿਛਲੇ ਦਿਨੀਂ ਸਿੱਖਿਆ ਸਕੱਤਰ ਪੰਜਾਬ ਵੱਲੋਂ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਮੱਦੇਨਜ਼ਰ ਰੱਖਦਿਆਂ  ਜੋ ਅਧਿਆਪਕਾਂ ਨੂੰ ਬੀਐੱਲਓ ਦੀ ਡਿਊਟੀ ਤੋਂ ਛੋਟ ਦੇਣ ਲਈ ਪੱਤਰ ਜਾਰੀ ਕੀਤਾ ਹੈ ਉਸ ਨੂੰ ਡੀਸੀ ਬਠਿੰਡਾ ਨੂੰ ਮਿਲ ਕੇ ਲਾਗੂ ਕਰਵਾਇਆ ਜਾਵੇ।

ਜ਼ਿਕਰਯੋਗ ਹੈ ਕਿ ਜ਼ਿਲ੍ਹਾ ਚੋਣ ਅਫ਼ਸਰਾਂ ਵੱਲੋਂ ਬੀਐੱਲਓਜ਼ ਜੋ ਵੱਡੀ ਪੱਧਰ 'ਤੇ ਅਧਿਆਪਕ ਲਗਾਏ ਗਏ ਹਨ, ਨੂੰ ਘਰ-ਘਰ ਜਾ ਕੇ ਵੋਟਰ ਵੈਰੀਫਿਕੇਸ਼ਨ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਕੰਮ ਨੂੰ ਕਰਨ ਲਈ ਬਹੁਤ ਜ਼ਿਆਦਾ ਸਮਾਂ ਲੱਗ ਰਿਹਾ ਹੈ, ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ, ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ, ਈਟੀਟੀ ਟੀਚਰ ਯੂਨੀਅਨ ਦੇ ਸੂਬਾ ਪ੍ਰਧਾਨ  ਜਗਸੀਰ ਸਹੋਤਾ, ਐੱਸਐੱਸਏ, ਰਮਸਾ ਅਧਿਆਪਕ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਹਰਜੀਤ ਜੀਦਾ ਅਤੇ ਜ਼ਿਲ੍ਹਾ ਪ੍ਰਧਾਨ ਅਪਰ ਅਪਾਰ ਸਿੰਘ, 6060 ਅਧਿਆਪਕ ਯੂਨੀਅਨ ਤੋਂ ਵਿਕਾਸ ਰਾਮਪੁਰਾ, 5178 ਮਾਸਟਰ ਕੇਡਰ ਯੂਨੀਅਨ ਤੋਂ ਅਸ਼ਵਨੀ ਕੁਮਾਰ, ਕੰਪਿਊਟਰ ਟੀਚਰ ਅਧਿਆਪਕ ਯੂਨੀਅਨ ਤੋਂ ਏਕਮਓਕਾਰ ਸਿੰਘ, ਅਧਿਆਪਕ ਦਲ ਤੋਂ ਮਨਸੁਖਜੀਤ ਸਿੰਘ ਨੇ ਕਿਹਾ ਕਿ ਜੋ ਵੀ ਪੱਤਰ ਅਧਿਆਪਕਾਂ ਦੇ ਵਿਰੋਧ ਵਿਚ ਹੁੰਦਾ ਹੈ ਉਸ ਨੂੰ ਅਧਿਕਾਰੀ ਤੁਰੰਤ ਲਾਗੂ ਕਰਦੇ ਹਨ ਪ੍ਰੰਤੂ ਜੋ ਅਧਿਆਪਕਾਂ ਦੇ ਹਿੱਤ ਵਿਚ ਪੱਤਰ ਉੱਚ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਜਾਂਦੇ ਹਨ ਉਨ੍ਹਾਂ ਨੂੰ ਲਾਗੂ ਕਰਨ ਵਿਚ ਆਨਾਕਾਨੀ ਕੀਤੀ ਜਾਂਦੀ ਹੈ।

ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਪ੍ਰਰਾਇਮਰੀ ਨੇ ਸ਼ੁੱਕਰਵਾਰ ਤਕ ਡੀਸੀ ਨੂੰ ਮਿਲ ਕੇ ਅਧਿਆਪਕਾਂ ਦੀ ਡਿਊਟੀ ਕੱਟਣ ਦਾ ਭਰੋਸਾ ਦਿੱਤਾ।ਇਸ ਦੇ ਨਾਲ ਹੀ ਐੱਸਐੱਸਏ/ ਰਮਸਾ ਅਧਿਆਪਕਾਂ ਨੇ ਅਖੀਰ ਵਿਚ ਕਲਿੱਕ ਕਰਕੇ ਰੈਗੂਲਰ ਹੋਏ ਸਨ ਉਨ੍ਹਾਂ ਦੀਆਂ ਅਜੇ ਤਕ ਪੋਸਟਾਂ ਮਨਜ਼ੂਰ ਨਹੀਂ ਕੀਤੀਆਂ ਗਈਆਂ ਅਤੇ ਨਾ ਹੀ ਵੱਡੀ ਗਿਣਤੀ ਅਧਿਆਪਕਾਂ ਨੂੰ ਤਨਖਾਹ ਦਿੱਤੀ ਗਈ ਹੈ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਨੇ  ਤਨਖਾਹ ਦਾ ਮਸਲਾ ਵੀ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਹੈ।ਪ੍ਰਰਾਇਮਰੀ ਅਧਿਆਪਕਾਂ ਤੋਂ ਹੈੱਡ ਟੀਚਰ ਦੀਆਂ ਪ੍ਰਮੋਸ਼ਨਾਂ 21 ਸਤੰਬਰ ਤੋਂ ਬਾਅਦ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਗਿਆ।ਨਵੇਂ ਪਦਉਨਤ ਹੋਏ ਹੈੱਡ ਟੀਚਰ ਅਤੇ ਸੀਐੱਚਟੀ ਦੀਆਂ ਤਨਖ਼ਾਹਾਂ ਦਾ ਮਸਲਾ ਵੀ ਬਲਾਕਾਂ ਨੂੰ ਪੱਤਰ ਜਾਰੀ ਕਰਕੇ ਹੱਲ ਕਰ ਦਿੱਤਾ ਗਿਆ ਹੈ।ਅਧਿਆਪਕ ਆਗੂਆਂ ਨੇ ਕਿਹਾ ਕਿ ਜੇਕਰ ਸ਼ੁੱਕਰਵਾਰ ਤਕ ਅਧਿਆਪਕਾਂ ਦੀਆਂ ਡਿਊਟੀਆਂ ਨਾ ਕੱਟੀਆਂ ਗਈਆਂ ਤਾਂ ਅਗਲੇ ਦਿਨ੍ਹਾਂ ਵਿਚ ਵੱਡਾ ਇਕੱਠ ਕਰਕੇ ਡੀਸੀ. ਬਠਿੰਡਾ ਨੂੰ ਮਿਲਿਆ ਜਾਵੇਗਾ।

ਇਸ ਸਮੇਂ ਡੀਟੀਐੱਫ. ਤੋਂ ਬਲਾਕ ਭਗਤਾ ਦੇ ਪ੍ਰਧਾਨ ਰਾਜਵਿੰਦਰ ਜਲਾਲ, ਸਕੱਤਰ ਸੁਖਦੇਵ ਸਿੰਘ, ਜ਼ਿਲ੍ਹਾ ਕਮੇਟੀ ਮੈਂਬਰ ਭੋਲਾ ਰਾਮ ਤਲਵੰਡੀ, ਰਤਨਜੋਤ ਸ਼ਰਮਾ, ਪਰਮਿੰਦਰ ਸਿੰਘ, ਭੁਪਿੰਦਰ ਸਿੰਘ ਮਾਈਸਰਖਾਨਾ ਅਤੇ ਹੋਰ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।