ਹਰਭਜਨ ਸਿੰਘ ਖ਼ਾਲਸਾ,ਤਲਵੰਡੀ ਸਾਬੋ : ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਹਜਾਰਾਂ ਵਰਕਰਾਂ ਦੀ ਮੌਜੂਦਗੀ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਪੁੱਜ ਕੇ ਮੱਥਾ ਟੇਕਿਆ। ਤਖਤ ਸਾਹਿਬ ਨਤਮਸਤਕ ਹੋਣ ਉਪਰੰਤ ਦੀਵਾਨ ਹਾਲ ਵਿੱਚ ਵਰਕਰਾਂ ਦੇ ਵੱਡੇ ਇਕੱਠ ਦੌਰਾਨ ਅਕਾਲੀ ਲੀਡਰਸ਼ਿਪ ਨੇ ਕਿਸਾਨ ਸੰਘਰਸ਼ ਦੀ ਜੋਰਦਾਰ ਹਿਮਾਇਤ ਕਰਦਿਆਂ ਜਿੱਥੇ ਆਰਡੀਨੈਂਸ ਦੀ ਵਾਪਿਸੀ ਤੱਕ ਸੰਘਰਸ਼ ਲੜਨ ਦਾ ਅਹਿਦ ਕੀਤਾ ਉੱਥੇ 1 ਅਕਤੂਬਰ ਨੂੰ ਤਿੰਨੇ ਤਖਤ ਸਾਹਿਬਾਨ ਤੋਂ ਕਿਸਾਨ ਮਾਰਚ ਕੱਢਣ ਦਾ ਵੀ ਐਲਾਨ ਕੀਤਾ।ਅੱਜ ਤਖਤ ਸ੍ਰੀ ਦਮਦਮਾ ਸਾਹਿਬ ਪੁੱਜਣ ਤੇ ਵੱਖ ਵੱਖ ਹਲਕਿਆਂ ਤੋਂ ਆਏ ਹਜਾਰਾਂ ਦੀ ਗਿਣਤੀ ਵਿੱਚ ਅਕਾਲੀ ਵਰਕਰਾਂ ਨੇ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਦਾ ਸ਼ਾਨਦਾਰ ਸਵਾਗਤ ਕੀਤਾ। ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਉਪਰੰਤ ਨਵੇਂ ਭਾਈ ਡੱਲ ਸਿੰਘ ਦੀਵਾਨ ਹਾਲ ਵਿੱਚ ਠਾਠਾਂ ਮਾਰਦੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਹੁੰਦਿਆਂ ਸਭ ਤੋਂ ਪਹਿਲਾਂ ਬੀਬਾ ਬਾਦਲ ਨੇ ਕੇਂਦਰੀ ਹਕੂਮਤ ਤੇ ਜੋਰਦਾਰ ਹੱਲੇ ਬੋਲੇ।ਉਨਾਂ ਕਿਹਾ ਕਿ ਉਨਾਂ ਸਬੰਧੀ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜਦੋਂਕਿ ਸੱਚ ਇਹ ਹੈ ਕਿ ਉਨਾਂ ਨੇ ਖੇਤੀ ਆਰਡੀਨੈਂਸ ਲਿਆਉਣ ਮੌਕੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕੇਂਦਰੀ ਮੰਤਰੀ ਮੰਡਲ ਨੂੰ ਇਹ ਸਲਾਹ ਦਿੱਤੀ ਸੀ ਕਿ ਕਿਸਾਨਾਂ ਨੂੰ ਭਰੋਸੇ ਵਿੱਚ ਲਿਆ ਜਾਵੇ।ਉਨਾਂ ਕਿਹਾ ਕਿ ਕੈਬਨਿਟ ਮੀਟਿੰਗ ਦੌਰਾਨ ਵੀ ਉਨਾਂ ਨੇ ਕਿਸਾਨਾਂ ਨੂੰ ਭਰੋਸੇ ਵਿੱਚ ਲਏ ਬਿਨਾਂ ਆਰਡੀਨੈਂਸ ਲਿਆਉਣ ਤੇ ਵਿਰੋਧ ਜਤਾਇਆ ਸੀ।ਉਨਾਂ ਕਿਹਾ ਕਿ ਜਦੋਂ ਉਨਾਂ ਦੀ ਗੱਲ ਨੂੰ ਅਣਗੌਲਿਆਂ ਕਰਦੇ ਹੋਏ ਸੰਸਦ ਵਿੱਚ ਬਿੱਲ ਲਿਆਂਦਾ ਤਾਂ ਉਨਾਂ ਨੇ ਮੰਤਰੀ ਦੀ ਕੁਰਸੀ ਕਿਸਾਨਾਂ ਖਾਤਿਰ ਛੱਡਣ ਦਾ ਫੈਸਲਾ ਲਿਆ।ਉੱਧਰ ਆਪਣੇ ਸੰਬੋਧਨ ਦੌਰਾਨ ਸ੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਖੇਤੀ ਆਰਡੀਨੈਂਸ ਤੇ ਮਗਰਮੱਛੀ ਹੰਝੂ ਵਹਾ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਨਾਲ ਮੌਜੂਦਾ ਬਿੱਲ ਬਣੇ ਹਨ ਅਤੇ ਇਸਦੀ ਗਵਾਹੀ ਕੇਂਦਰ ਨੇ ਵੀ ਭਰੀ ਹੈ ਉੱਧਰ ਭਗਵੰਤ ਮਾਨ ਉਸ ਦਿਨ ਸੰਸਦ ਵਿੱਚੋਂ ਹੀ ਗਾਇਬ ਹੋ ਗਿਆ ਸੀ ਜਦੋਂ ਪਹਿਲਾ ਬਿੱਲ ਪੇਸ਼ ਕੀਤਾ ਗਿਆ।ਉਨਾਂ ਕਿਹਾ ਕਿ ਅਕਾਲੀ ਦਲ ਨੂੰ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦੇਣ ਲਈ ਕਾਂਗਰਸ ਅਤੇ 'ਆਪ' ਦੇ ਸਰਟੀਫਿਕੇਟ ਦੀ ਲੋੜ ਨਹੀ।ਉਨਾਂ ਕਿਹਾ ਕਿ ਕੁਝ ਵਿਰੋਧੀ ਕਹਿੰਦੇ ਨੇ ਕਿ ਬੀਬਾ ਬਾਦਲ ਦੇ ਅਸਤੀਫੇ ਨਾਲ ਕੀ ਫਰਕ ਪਿਆ ਪਰ ਸੱਚ ਇਹ ਹੈ ਕਿ ਬੀਬਾ ਬਾਦਲ ਦੇ ਅਸਤੀਫੇ ਤੋਂ ਮਗਰੋਂ ਹੀ ਇਹ ਮਾਮਲਾ ਕੌਮੀ ਪੱਧਰ ਤੇ ਸੁਰਖੀਆਂ ਵਿੱਚ ਆਇਆ।ਕੇਂਦਰੀ ਮੰਤਰੀ ਮੰਡਲ ਨੂੰ ਵਾਰ ਵਾਰ ਆਰਡੀਨੈਂਸ ਨੂੰ ਲੈ ਕੇ ਸਫਾਈ ਦੇਣੀ ਪੈ ਰਹੀ ਹੈ।ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਤੱਕ ਖੇਤੀ ਬਾਰੇ ਆਰਡੀਨੈਂਸ ਕੇਂਦਰ ਵੱਲੋਂ ਵਾਪਿਸ ਨਹੀ ਲਿਆ ਜਾਂਦਾ ਉਨਾਂ ਦੀ ਲੜਾਈ ਜਾਰੀ ਰਹੇਗੀ ਅਤੇ ਜਦੋਂ ਅਕਾਲੀ ਦਲ ਸੱਤਾ ਵਿੱਚ ਆਇਆ ਤਾਂ ਕਿਸੇ ਕਾਰਪੋਰੇਟ ਕੰਪਨੀ ਨੂੰ ਕਿਸਾਨੀ ਕੰਮਾਂ ਵਿੱਚ ਦਖਲ ਨਹੀ ਦੇਣ ਦਿੱਤਾ ਜਾਵੇਗਾ।ਉਨਾਂ ਦੱਸਿਆ ਕਿ 1 ਅਕਤੂਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ,ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਕਿਸਾਨ ਮਾਰਚ ਰਵਾਨਾ ਕੀਤੇ ਜਾਣਗੇ।

ਇਸ ਮੌਕੇ ਹਲਕਾ ਤਲਵੰਡੀ ਸਾਬੋ ਵੱਲੋਂ ਹਲਕਾ ਇੰਚਾਰਜ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਜਿੱਥੇ ਬਾਦਲ ਪਰਿਵਾਰ ਦਾ ਸਨਮਾਨ ਕੀਤਾ ਗਿਆ ਉੱਥੇ ਵੱਖ ਵੱਖ ਜਥੇਬੰਦੀਆਂ ਨੇ ਵੀ ਉਨਾਂ ਨੂੰ ਸਨਮਾਨਿਤ ਕੀਤਾ।ਇਸ ਮੌਕੇ ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ ਸਭਾ,ਸਿਕੰਦਰ ਸਿੰਘ ਮਲੂਕਾ,ਜਨਮੇਜਾ ਸਿੰਘ ਸੇਖੋਂ ਦੋਵੇਂ ਸਾਬਕਾ ਮੰਤਰੀ,ਪਰਮਬੰਸ ਸਿੰਘ ਬੰਟੀ ਰੋਮਾਣਾ ਪ੍ਰਧਾਨ ਯੂਥ ਅਕਾਲੀ ਦਲ,ਕੰਵਰਜੀਤ ਸਿੰਘ ਰੋਜੀ ਬਰਕੰਦੀ ਅਤੇ ਦਿਲਰਾਜ ਸਿੰਘ ਭੂੰਦੜ ਦੋਵੇਂ ਵਿਧਾਇਕ,ਸਰੂਪ ਚੰਦ ਸਿੰਗਲਾ ਅਤੇ ਬਲਵੀਰ ਸਿੰਘ ਘੁੰਨਸ ਦੋਵੇਂ ਸਾਬਕਾ ਸੰਸਦੀ ਸਕੱਤਰ, ਹਰਜਿੰਦਰ ਸਿੰਘ ਜਿੰਦੂ,ਦਰਸ਼ਨ ਸਿੰਘ ਕੋਟਫੱਤਾ ਦੋਵੇਂ ਸਾਬਕਾ ਵਿਧਾਇਕ, ਡਿੰਪੀ ਢਿੱਲੋਂ ਗਿੱਦੜਬਾਹਾ, ਭਾਈ ਮੋਹਣ ਸਿੰਘ ਬੰਗੀ,ਬੀਬੀ ਜੋਗਿੰਦਰ ਕੌਰ, ਜਥੇ:ਕੌਰ ਸਿੰਘ ਬਹਾਬਲਵਾਲ, ਜਥੇ:ਗੁਰਤੇਜ ਸਿੰਘ ਢੱਡੇ ਚਾਰੇ ਮੈਂਬਰ ਸ੍ਰੋਮਣੀ ਕਮੇਟੀ,ਦਿਲਬਾਗ ਸਿੰਘ ਵਿਰਕ ਆਗੂ ਸਿੱਖ ਸਟੂਡੈਂਟ ਫੈਡਰੇਸ਼ਨ (ਗਰੇਵਾਲ) ਆਦਿ ਹਾਜਰ ਸਨ।

Posted By: Jagjit Singh