ਦੀਪਕ ਸ਼ਰਮਾ, ਬਠਿੰਡਾ : ਥਾਣਾ ਰਾਮਾ ਦੇ ਪਿੰਡ ਜੱਜਲ ਦੀ ਰਹਿਣ ਵਾਲੀ ਵਿਆਹੁਤਾ ਨੇ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮਿ੍ਤਕਾ ਦੀ ਪਛਾਣ ਹੈਪੀ ਕੌਰ ਵਜੋਂ ਹੋਈ ਹੈ। ਪੁਲਿਸ ਨੇ ਮਰਹੂਮ ਦੇ ਪਿਤਾ ਦੀ ਸ਼ਿਕਾਇਤ 'ਤੇ ਉਸ ਦੇ ਸਹੁਰੇ, ਸੱਸ, ਦਿਓਰ ਤੇ ਤਾਏ ਸਹੁਰੇ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਏਐੱਸਆਈ ਕਰਮਜੀਤ ਸਿੰਘ ਨੇ ਦੱਸਿਆ ਕਿ ਬੀਰ ਸਿੰਘ ਵਾਸੀ ਪਿੰਡ ਜਗਮਾਲ ਵਾਲੀ ਜ਼ਿਲ੍ਹਾ ਸਿਰਸਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਲੜਕੀ ਹੈਪੀ ਦਾ ਵਿਆਹ ਢਾਈ ਸਾਲ ਪਹਿਲਾਂ ਪਿੰਡ ਜੱਜਲ ਦੇ ਰਹਿਣ ਵਾਲੇ ਹਰਪਾਲ ਸਿੰਘ ਪੁੱਤਰ ਮਾਲਾ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਹੈਪੀ ਦਾ ਸਹੁਰਾ ਪਰਿਵਾਰ ਉਸ ਨੂੰ ਤੰਗ ਪਰੇਸ਼ਾਨ ਕਰਨ ਲੱਗ ਪਿਆ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦੀ ਸੀ। ਬੀਰ ਸਿੰਘ ਨੇ ਦੱਸਿਆ ਕਿ ਪਰੇਸ਼ਾਨੀ ਦੀ ਹਾਲਤ 'ਚ ਹੈਪੀ ਨੇ ਲੰਘੇ ਬੁੱਧਵਾਰ ਨੂੰ ਆਪਣੇ ਘਰ 'ਚ ਚੁੰਨੀ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਵਿਅਕਤੀ ਦੀ ਸ਼ਿਕਾਇਤ 'ਤੇ ਮਿ੍ਤਕਾ ਦੇ ਸਹੁਰੇ ਮਾਲਾ ਸਿੰਘ, ਸੱਸ ਸ਼ਾਂਤੀ ਕੌਰ, ਦਿਓਰ ਮੋਹਨੀ ਤੇ ਤਾਇਆ ਸਹੁਰਾ ਗੁਰਦੇਵ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਗਿ੍ਫ਼ਤਾਰੀ ਹਾਲੇ ਬਾਕੀ ਹੈ।