ਬਠਿੰਡਾ : ਬਸੰਤ ਮਨਾਉਣ ਦੇ ਬਹਾਨੇ ਇਕ ਨੌਜਵਾਨ ਨੂੰ ਘਰੋਂ ਬੁਲਾ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਿ੍ਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ 'ਤੇ ਹੱਤਿਆ ਕਰਨ ਵਾਲੇ ਨੌਜਵਾਨ ਖ਼ਿਲਾਫ਼ ਧਾਰਾ 302 ਅਤੇ ਅਸਲਾ ਐਕਟ ਤਹਿਤ ਪਰਚਾ ਦਰਜ ਕਰ ਲਿਆ ਹੈ।

ਮਿ੍ਤਕ ਨੌਜਵਾਨ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਹੱਤਿਆ ਕਰਨ ਵਾਲਾ ਨੌਜਵਾਨ ਸਥਾਨਕ ਸ਼ਹਿਰ ਵਿਚ ਸਪੇਅਰ ਪਾਰਟਸ ਦੀ ਦੁਕਾਨ ਕਰਦਾ ਹੈ। ਮਿ੍ਤਕ ਨੌਜਵਾਨ ਦਾ ਹੱਤਿਆ ਕਰਨ ਵਾਲੇ ਨੌਜਵਾਨ ਨਾਲ ਕੁਝ ਸਮਾਂ ਪਹਿਲਾਂ ਮੋਟਰਸਾਈਕਲ ਦੀ ਮੁਰੰਮਤ ਨੂੰ ਲੈ ਕੇ ਝਗੜਾ ਹੋ ਗਿਆ ਸੀ ਜਿਸ ਦੀ ਰੰਜਿਸ਼ ਰੱਖਦੇ ਹੋਏ ਉਸ ਦੀ ਹੱਤਿਆ ਕੀਤੀ ਗਈ।

ਥਾਣਾ ਕੋਤਵਾਲੀ ਦੇ ਮੁੱਖ ਅਫਸਰ ਦਵਿੰਦਰ ਸਿੰਘ ਨੇ ਦੱÎਸਿਆ ਕਿ ਰਮਨਿੰਦਰ ਸਿੰਘ (17) ਪੁੱਤਰ ਲਖਵੀਰ ਸਿੰਘ ਵਾਸੀ ਪਿੰਡ ਭਾਈਦੇਸਾ ਇਕ ਨਿੱਜੀ ਸਕੂਲ ਵਿਚ ਪੜ੍ਹਦਾ ਸੀ। ਪੜ੍ਹਾਈ ਕਾਰਨ ਉਹ ਸਥਾਨਕ ਮਾਡਲ ਟਾਊਨ ਵਿਚ ਆਪਣੇ ਤਾਏ ਗੁਰਨੈਬ ਸਿੰਘ ਕੋਲ ਰਹਿ ਰਿਹਾ ਸੀ।

ਗੁਰਨੈਬ ਸਿੰਘ ਨੇ ਪੁਲਿਸ ਨੂੰ ਦੱਸਿਆ ਹੈ ਕਿ ਬੀਤੀ ਰਾਤ ਰਮਨਿੰਦਰ ਸਿੰਘ ਦੇ ਇਕ ਦੋਸਤ ਦਾ ਫੋਨ ਆਇਆ ਸੀ ਕਿ ਕੱਲ੍ਹ ਬਸੰਤ ਪੰਚਮੀ ਦਾ ਤਿਉਹਾਰ ਮਨਾਵਾਂਗੇ ਇਸ ਲਈ ਉਹ ਸਾਡੇ ਘਰ ਆ ਜਾਵੇ। ਫੋਨ ਸੁਣਨ ਤੋਂ ਬਾਅਦ ਰਮਨਿੰਦਰ ਆਪਣੇ ਦੋਸਤਾਂ ਨਾਲ ਚਲਿਆ ਗਿਆ।

ਗੁਰਨੈਬ ਸਿੰਘ ਦੇ ਦੱਸਣ ਅਨੁਸਾਰ ਐਤਵਾਰ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਰਮਨਿੰਦਰ ਨੂੰ ਕਿਸੇ ਨੇ ਗੋਲ਼ੀ ਮਾਰ ਦਿੱਤੀ ਹੈ। ਮੁੱਢਲੀ ਤਫ਼ਤੀਸ਼ ਤੋਂ ਪਤਾ ਲੱਗਿਆ ਹੈ ਕਿ ਰਾਤ ਨੂੰ ਰਮਨਿੰਦਰ ਸਿੰਘ ਆਪਣੇ ਦੋਸਤਾਂ ਨਾਲ ਰੋਟੀ ਖਾਣ ਲਈ ਸਥਾਨਕ ਮਹਿਣਾ ਚੌਕ ਗਿਆ ਸੀ ਜਿੱਥੇ ਲਲਿਤ ਕੁਮਾਰ ਵਾਸੀ ਨਵੀਂ ਬਸਤੀ ਉਨ੍ਹਾਂ ਨੂੰ ਮਿਲ ਗਿਆ।

ਇਸ ਉਪਰੰਤ ਲਲਿਤ ਨੇ ਆਪਣੇ ਬਾਰਾਂ ਬੋਰ ਦੇ ਲਾਇਸੰਸੀ ਰਿਵਾਲਵਰ ਨਾਲ ਦੋ ਫਾਇਰ ਕਰ ਦਿੱਤੇ ਜਿਸ ਵਿਚ ਇਕ ਗੋਲੀ ਰਮਨਿੰਦਰ ਦੀ ਵੱਖੀ ਵਿਚ ਲੱਗੀ ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ। ਉਸ ਨੂੰ ਗੰਭੀਰ ਹਾਲਤ ਵਿਚ ਸਥਾਨਕ ਮਾਨਸਾ ਰੋਡ 'ਤੇ ਸਥਿਤ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ।

ਰਮਨਿੰਦਰ ਸਿੰਘ ਆਪਣੇ ਮਾਤਾ ਪਿਤਾ ਦੀ ਇਕਲੌਤੀ ਔਲਾਦ ਸੀ। ਉਸ ਦੇ ਪਿਤਾ ਲਖਵੀਰ ਸਿੰਘ ਹਰਿਆਣਾ ਦੇ ਪੀਡਬਲਿਯੂਡੀ ਵਿਭਾਗ ਵਿਚ ਜੇਈ ਹਨ। ਦੱਸਿਆ ਜਾਂਦਾ ਹੈ ਕਿ ਰਮਨਿੰਦਰ ਪੜ੍ਹਾਈ ਵਿਚ ਕਾਫ਼ੀ ਹੁਸ਼ਿਆਰ ਸੀ ਜਿਸ ਕਾਰਨ ਉਹ ਆਪਣੇ ਅਧਿਆਪਕਾਂ ਦਾ ਚਹੇਤਾ ਵਿਦਿਆਰਥੀ ਸੀ।