ਗੁਰਤੇਜ ਸਿੰਘ ਸਿੱਧੂ, ਬਿਠੰਡਾ : ਬਾਬਾ ਫ਼ਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇੇ ਰਿਸਰਚ ਐਂਡ ਇਨੋਵੇਸ਼ਨ ਵਿਭਾਗ ਵੱਲੋਂ ਵਿਦਿਆਰਥੀਆਂ ਵਿਚ ਖੋਜ ਪ੍ਰਵਿਰਤੀਆਂ ਪੈਦਾ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਸੰਸਥਾ ਦੇ ਬਾਬਾ ਫ਼ਰੀਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਤੋਂ ਬੀਟੈਕ (ਮਕੈਨੀਕਲ ਇੰਜੀਨੀਅਰਿੰਗ) ਪੰਜਵਾਂ ਸਮੈਸਟਰ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੇ ਵਿਭਾਗ ਮੁਖੀ ਡਾ. ਤੇਜਿੰਦਰ ਪਾਲ ਸਿੰਘ ਸਰਾਓ ਅਤੇ ਲੈਕਚਰਾਰ ਇੰਜੀਨੀਅਰ ਕੋਵਿੰਦ ਸ਼ਰਮਾ ਦੀ ਅਗਵਾਈ ਹੇਠ ਗੰਨਾ ਕਟਾਈ ਲਈ ਵਿਸ਼ੇਸ਼ ਮਸ਼ੀਨ ਦੀ ਖੋਜ ਕੀਤੀ ਹੈ। ਇਸ ਮਸ਼ੀਨ ਦੇ ਪੇਟੈਂਟ ਲਈ ਹੁਣ ਦਸਤਾਵੇਜ਼ ਪ੍ਰਕਾਸ਼ਿਤ ਹੋ ਚੁੱਕੇ ਹਨ।

ਵਰਨਣਯੋਗ ਹੈ ਕਿ ਵਿਦਿਆਰਥੀ ਗੁਰਪ੍ਰੀਤ ਸਿੰਘ ਦੀ ਖੇਤੀਬਾੜੀ ਮਸ਼ੀਨਰੀ ਨਾਲ ਸਬੰਧਤ ਇਹ ਬਿਲਕੱੁਲ ਨਵੀਂ ਖੋਜ ਹੈ ਜਿਸ ਤਹਿਤ ਗੰਨਾ ਕੱਟਣ ਵਾਲੀ ਇਹ ਮਸ਼ੀਨ ਜਿੱਥੇ ਗੰਨੇ ਦੀ ਪੂਰੀ ਲੰਬਾਈ ਦੀ ਕਟਾਈ ਕਰੇਗੀ, ਉਥੇ ਹੀ ਇਸ ਮਸ਼ੀਨ ਨਾਲ ਲੱਗੇ ਪ੍ਰੋਸੈਸਿੰਗ/ਪਿੜਾਈ ਬਾਰੇ ਦਿਸ਼ਾ ਨਿਰਦੇਸ਼ਕ ਯੂਨਿਟ ਸਦਕਾ ਇਹ ਮਸ਼ੀਨ ਗੰਨੇ ਦੇ ਹੇਠਲੇ ਹਿੱਸੇ ਦੇ ਸੁੱਕੇ ਹਰੇ ਪੱਤੇ ਅਤੇ ਬਾਹਰਲੀ ਵਾਧੂ ਰਹਿੰਦ ਖੰੂਹਦ ਨੂੰ ਹਟਾ ਕੇ ਗੰਨੇ ਦੇ ਸਿਖਰਲੇ ਹਰੇ ਭਾਗ ਨੂੰ ਆਪਣੇ ਆਪ ਕੱਟ ਦਿੰਦੀ ਹੈ। ਇਸ ਤੋਂ ਅੱਗੇ ਗੰਨੇ ਦੇ ਸਿਖਰਲੇ ਹਰੇ ਭਾਗ ਨੂੰ ਕੁਤਰਾ ਕਰ ਕੇ ਸਟੋਰ ਕਰ ਲੈਂਦੀ ਹੈ ਜੋ ਪਸ਼ੂ ਖੁਰਾਕ ਤੇ ਖਾਦ ਵਜੋਂ ਵਰਤਿਆ ਜਾ ਸਕਦਾ ਹੈ। ਇਸ ਮਸ਼ੀਨ ਨਾਲ ਬੇਲੋੜੀ ਰਹਿੰਦ-ਖੂੰਹਦ ਵੀ ਘਟੇਗੀ ਅਤੇ ਮਨੁੱਖੀ ਸ਼ਕਤੀ ਦੀ ਵੀ ਜ਼ਿਆਦਾ ਲੋੜ ਨਹੀਂ ਪਵੇਗੀ।

ਬਾਬਾ ਫ਼ਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਰਿਸਰਚ ਖੇਤਰ ਵਿਚ ਅਹਿਮ ਪ੍ਰਾਪਤੀ ਕਰਨ ਵਾਲੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੂੰ ਵਧਾਈ ਦਿੰਦਿਆਂ ਬਾਬਾ ਫ਼ਰੀਦ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਪਿ੍ਰੰਸੀਪਲ ਅਤੇ ਅਧਿਆਪਕਾਂ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਬਾਬਾ ਫ਼ਰੀਦ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਇਸ ਖਿੱਤੇ ਦਾ ਪਹਿਲਾ ਅਜਿਹਾ ਪ੍ਰਾਈਵੇਟ ਕਾਲਜ ਹੈ ਜਿਸ ਦੇ ਵਿਦਿਆਰਥੀ ਨੇ ਖੋਜ ਕਰ ਕੇ ਪੇਟੈਂਟ ਕਰਵਾਉਣ ਲਈ ਮੱਲ ਮਾਰੀ ਹੈ। ਉਨ੍ਹਾਂ ਦੱਸਿਆ ਕਿ ਬਾਬਾ ਫ਼ਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼ ਦੀ ਆਪਣੀ ਬੌਧਿਕ ਸੰਪਤੀ ਅਧਿਕਾਰਾਂ ਬਾਰੇ ਪਾਲਿਸੀ (ਆਈਪੀਆਰ) ਹੈ ਜੋ ਸੰਸਥਾ ਦੇ ਖੋਜਾਰਥੀਆਂ ਦੇ ਬੌਧਿਕ ਅਧਿਕਾਰਾਂ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ ਅਤੇ ਖੋਜ ਪ੍ਰਾਪਤੀਆਂ ਨੂੰ ਪੇਟੈਂਟ ਕਰਨ ਲਈ ਰਾਹ ਦਿਸੇਰੇ ਦਾ ਕੰਮ ਕਰਦੀ ਹੈ। ਸੰਸਥਾ ਵਿਖੇ ਰਿਸਰਚ ਲਈ ਵੱਖਰੇ ਤੌਰ 'ਤੇ ਬਜਟ ਰੱਖਿਆ ਜਾਂਦਾ ਹੈ ਜਿਸ ਤਹਿਤ ਖੋਜ ਕਾਰਜ ਕਰਨ ਵਾਲੇ ਵਿਦਿਆਰਥੀਆਂ ਨੂੰ ਬਿਹਤਰ ਸਲਾਹ ਅਤੇ ਹਰ ਸੰਭਵ ਆਰਥਿਕ ਮਦਦ ਪ੍ਰਦਾਨ ਕੀਤੀ ਜਾਂਦੀ ਹੈ।