ਸੱਤਪਾਲ ਸਿੰਘ, ਗੋਨਿਆਣਾ ਮੰਡੀ : ਝੋੇਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਜੁਰਮ ਤਹਿਤ ਥਾਣਾ ਥਰਮਲ ਦੀ ਪੁਲਿਸ ਵੱਲੋਂ ਪਿੰਡ ਸਿਵੀਆਂ ਦੇ ਦੋ ਕਿਸਾਨਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਇਕ ਕਿਸਾਨ ਨੂੰ ਅੱਜ ਸਵੇਰੇ ਗ੍ਰਿਫ਼ਤਾਰ ਕਰ ਲਿਆ ਗਿਆ ਜਿਸ ਦੇ ਰੋਸ ਵਜੋਂ ਪਿੰਡ ਦੇ ਕਿਸਾਨਾਂ ਨੇ ਇਕੱਠ ਸੱਦਿਆ ਹੈ। ਥਾਣਾ ਥਰਮਲ ਦੇ ਮੁੱਖ ਅਫ਼ਸਰ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਜੁਰਮ ਤਹਿਤ ਪਿੰਡ ਸਿਵੀਆਂ ਦੇ ਕਿਸਾਨ ਹਰਪਾਲ ਸਿੰਘ ਪੁੱਤਰ ਹਾਕਮ ਸਿੰਘ ਤੇ ਕੁਲਵੰਤ ਸਿੰਘ ਪੁੱਤਰ ਬਚਿੱਤਰ ਸਿੰਘ ਖ਼ਿਲਾਫ਼ ਮੁਕੱਦਮੇ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਬਚਿੱਤਰ ਸਿੰਘ ਨੂੰ ਅੱਜ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਦੂਸਰੇ ਦੀ ਭਾਲ ਜਾਰੀ ਹੈ। ਇਸ ਰੋਸ ਵਜੋਂ ਕਿਸਾਨ ਆਗੁ ਪ੍ਰਧਾਨ ਅਮਰੀਕ ਸਿੰਘ ਦੀ ਅਗਵਾਈ ਹੇਠ ਪਿੰਡ 'ਚ ਕਿਸਾਨਾਂ ਦਾ ਇਕੱਠ ਸੱਦਿਆ ਗਿਆ। ਕਿਸਾਨਾਂ ਨੇ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕਿਸਾਨ ਨੂੰ ਤੁਰੰਤ ਰਿਹਾਅ ਨਾ ਕੀਤਾ ਗਿਆ ਤਾਂ ਥਾਣਾ ਥਰਮਲ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੀ ਪਰਾਲੀ ਨੂੰ ਸਾੜਨ ਸਮੇਂ ਜੇਕਰ ਕੋਈ ਅਧਿਕਾਰੀ-ਮੁਲਾਜ਼ਮ ਰੋਕਣ ਆਉਂਦਾ ਹੈ ਤਾਂ ਉਸ ਨੂੰ ਤੁਰੰਤ ਬੰਦੀ ਬਣਾਇਆ ਜਾਵੇ। ਖ਼ਬਰ ਲਿਖੇ ਜਾਣ ਤਕ ਕਿਸਾਨ ਥਾਣਾ ਥਰਮਲ ਦੇ ਘਿਰਾਓ ਦੀ ਵਿਧੀ ਉਲੀਕ ਰਹੇ ਸਨ।

Posted By: Seema Anand