ਗੁਰਤੇਜ ਸਿੰਘ ਸਿੱਧੂ,ਬਠਿੰਡਾ- ਡੇਰਾ ਸੱਚਾ ਸੌਦਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ਼ ਚੱਲ ਰਹੇ ਪੱਤਰਕਾਰ ਕਤਲ ਕਾਂਡ ਦੇ ਵਿਚ ਅਦਾਲਦ ਦੇ ਫੈਸਲੇ ਨੂੰ ਦੇਖਦੇ ਹੋਏ ਮਾਲਵਾ ਖੇਤਰ ਅੰਦਰ ਸੁਰੱਖਿਆ ਦੇ ਸਖ਼ਤ ਇੰਤਜਾਮ ਕੀਤੇ ਗਏ ਹਨ। ਬੱਸ ਅੱਡੇ, ਰੇਲਵੇ ਸਟੇਸ਼ਨਾਂ ਤੇ ਟੈਲੀਫੋਨ ਐਕਸਚੇਂਜਾਂ ਨੇੜੇ ਪੁਲਿਸ ਦਾ ਪਹਿਰਾ ਸਖ਼ਤ ਕੀਤਾ ਗਿਆ ਹੈ। ਬਠਿੰਡਾ ਸ਼ਹਿਰ ਦੇ ਤੇਲ ਡੀਪੂ, ਐਨਐਫਐਲ ਸਮੇਤ ਹੋਰਨਾਂ ਸੰਵੇਦਨਸ਼ੀਲ ਥਾਵਾਂ ਦੀ ਸੁਰੱਖਿਆ ਵਧਾਈ ਗਈ ਹੈ।

ਅਦਾਲਤ ਦੇ ਆਉਣ ਵਾਲੇ ਫੈਸਲੇ ਨੂੰ ਦੇਖਦੇ ਹੋਏ ਬਠਿੰਡਾ 'ਚ ਵਾਧੂ ਪੁਲਿਸ ਫੋਰਸ ਦਾ ਪ੍ਰਬੰਧ ਕੀਤਾ ਗਿਆ ਹੈ। ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਬਾਰਡਰ 'ਤੇ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਹੈ। ਸ਼ਹਿਰ ਅੰਦਰ ਆਉਣ ਵਾਲੇ ਹਰ ਵਹੀਕਲ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਡੇਰਾ ਸੱਚਾ ਸੌਦਾ ਸਿਰਸਾ ਦੇ ਡੇਰਿਆਂ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਡੇਰਾ ਪ੍ਰੇਮੀ ਇਕੱਤਰ ਨਾ ਹੋ ਸਕਣ। ਅਜੇ ਤਕ ਮਾਲਵਾ ਖੇਤਰ ਅੰਦਰ ਅਮਨ ਸ਼ਾਂਤੀ ਬਣੀ ਹੋਈ ਹੈ। ਡੇਰਾ ਪ੍ਰੇਮੀਆਂ ਦੇ ਕਿਧਰੇ ਕੋਈ ਸਰਗਰਮੀ ਦਿਖਾਈ ਨਹੀਂ ਦੇ ਰਹੀ।

ਪੰਜਾਬ ਦੇ ਹੈਡਕੁਆਟਰ ਸਲਾਬਤਪੁਰਾ 'ਚ ਸੁੰਨ ਪਸਰੀ

ਸਿਰਸਾ ਦੇ ਪੱਤਰਕਾਰ ਰਾਮ ਛਤਰਪਤੀ ਦੇ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਮਾਮਲੇ ਵਿਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਫੈਸਲਾ ਸੁਣਾਏ ਜਾਣ ਤੋਂ ਪਹਿਲਾਂ ਪੰਜਾਬ ਦੇ ਹੈਡਕੁਆਟਰ ਡੇਰਾ ਸਲਾਬਤਪੁਰਾ ਵਿਚ ਸੁੰਨ ਪਸਰੀ ਹੋਈ ਹੈ। ਡੇਰੇ ਦਾ ਮੁੱਖ ਦਰਵਾਜਾ ਬੰਦ ਪਿਆ ਹੈ। ਡੇਰੇ ਦੇ ਨੇੜੇ ਕੁੱਝ ਪੁਲਿਸ ਮੁਲਾਜ਼ਮਾਂ ਦੀ ਤੈਨਾਤੀ ਗਈ ਹੈ। ਡੇਰੇ ਵਿਚ ਕੋਈ ਵੀ ਹਿੱਲ ਜੁੱਲ ਨਜ਼ਰ ਨਹੀਂ ਆ ਰਹੀ।

Posted By: Amita Verma