ਦਲਜੀਤ ਸਿੰਘ ਭੱਟੀ, ਰਾਮਪੁਰਾ ਫੂਲ : ਮਾਲਵਾ ਖੇਤਰ 'ਚ ਹੁਣ ਮੱਕੀ ਅਤੇ ਮੂੰਗੀ ਦੀ ਫ਼ਸਲ 'ਤੇ ਸੈਨਿਕ ਸੁੰਡੀ ਦਾ ਹਮਲਾ ਵੇਖਣ ਨੂੰ ਮਿਲ ਰਿਹਾ ਹੈ। ਕਿਸਾਨ ਫਸਲਾਂ 'ਤੇ ਤਿੰਨ-ਤਿੰਨ ਵਾਰ ਦਵਾਈਆਂ ਦਾ ਿਛੜਕਾਅ ਕਰ ਚੁੱਕੇ ਹਨ ਪਰ ਸੁੰਡੀ ਕਾਬੂ ਹੇਠ ਨਹੀਂ ਆ ਰਹੀ। ਸੁੰਡੀ ਦੇ ਹਮਲੇ ਬਾਅਦ ਮੱਕੀ ਤੇ ਮੂੰਗੀ ਦੇ ਕਾਸ਼ਤਕਾਰ ਕਿਸਾਨ ਪਰੇਸ਼ਾਨ ਦਿਖਾਈ ਦੇ ਰਹੇ ਹਨ।

ਸਾਉਣੀ ਦੀਆਂ ਮੁੱਖ ਫਸ਼ਲਾ ਵਿੱਚੋਂ ਜ਼ਿਆਦਾਤਰ ਕਿਸਾਨ ਵੱਲੋਂ ਮੂੰਗੀ ਅਤੇ ਮੱਕੀ ਦੀ ਫਸ਼ਲ ਬੀਜਣ ਨੂੰ ਹੀ ਤਰਜੀਹ ਦਿੱਤੀ ਜਾਂਦੀ। ਮੱਕੀ ਨੂੰ ਲੋਕ ਅਨਾਜ ਵਜੋਂ ਖਾਣ ਦੇ ਨਾਲ-ਨਾਲ ਅੱਜਕੱਲ੍ਹ ਡੇਅਰੀ ਫਾਰਮਰਜ਼ ਵੱਲੋਂ ਉਸ ਨੂੰ (ਸਾਈਲੇਜ) ਆਚਾਰ ਵਜੋਂ ਵੀ ਦੁਧਾਰੂ ਪਸ਼ੂਆਂ ਲਈ ਜ਼ਿਆਦਾਤਰ ਵਰਤਿਆ ਜਾਣ ਲੱਗਾ ਹੈ। ਇਸ ਵਾਰ ਮਾਲਵਾ ਖੇਤਰ ਵਿੱਚ ਆਲੂਆਂ ਵਾਲੀ ਜ਼ਮੀਨ ਤੋਂ ਇਲਾਵਾ ਕਣਕ ਵਾਲੀ ਜ਼ਮੀਨ ਵਿੱਚ ਵੀ ਕਿਸਾਨਾਂ ਵੱਲੋਂ ਤੀਜੀ ਫਸਲ ਜ਼ਿਆਦਾਤਰ ਮੱਕੀ ਦੀ ਬੀਜੀ ਗਈ ਹੈ ਕਿਉਂਕਿ ਬਹੁਤੇ ਕਿਸਾਨਾਂ ਕੋਲ ਜ਼ਮੀਨ ਠੇਕੇ 'ਤੇ ਹੈ ਅਤੇ ਹਰ ਕਿਸਾਨ ਚਾਹੁੰਦਾ ਹੈ ਕਿ ਉਹ ਤਿੰਨ ਫ਼ਸਲਾਂ ਦਾ ਲਾਭ ਲਵੇ। ਪਰ ਇਸ ਵਾਰ ਮੱਕੀ ਅਤੇ ਮੂੰਗੀ ਦੀ ਫਸਲ ਕਿਸਾਨਾਂ ਲਈ ਘਾਟੇ ਦਾ ਵਣਜ ਬਣਦੀ ਦਿਖਾਈ ਦੇ ਰਹੀ ਹੈ ਕਿਉਂਕਿ ਦੋਵੇਂ ਫਸਲਾਂ 'ਤੇ ਸੈਨਿਕ ਸੁੰਡੀ ਅਤੇ ਮਾਈਟ (ਜੂੰ) ਕਿਸਮ ਦਾ ਜ਼ਬਰਦਸਤ ਹਮਲਾ ਹੋ ਰਿਹਾ ਹੈ। ਇਸ ਨੂੰ ਲੈ ਕੇ ਕਾਸ਼ਤਕਾਰ ਡਾਹਢੇ ਪਰ੍ਸ਼ਾਨ ਵਿਖਾਈ ਦੇ ਰਹੇ ਹਨ।

ਜਾਣਕਾਰੀ ਦਿੰਦਿਆਂ ਕਿਸਾਨ ਗੁਰਮੀਤ ਜਟਾਣਾ, ਮਨਦੀਪ ਮੱਲ੍ਹੀ ਅਤੇ ਗੁਰਤੇਜ ਸੱਜੂ ਨੇ ਦੱਸਿਆ ਕਿ ਉਨ੍ਹਾਂ ਨੇ 5-7 ਏਕੜ ਮੱਕੀ ਦੀ ਫਸਲ ਬੀਜੀ ਹੋਈ ਹੈ ਅਤੇ ਜਿਸ 'ਤੇ ਹੁਣ ਤਕ ਮਹਿੰਗੀਆਂ ਪੰਜ ਸਪਰੇਆਂ ਹੋ ਚੁੱਕੀਆਂ ਹਨ ਪਰ ਹਾਲੇ ਵੀ ਸੁੰਡੀ ਕਾਬੂ ਹੇਠ ਨਹੀਂ ਆ ਰਹੀ। ਇਸ ਤੋਂ ਇਲਾਵਾ ਕਿਸਾਨ ਨਿਰਮਲ ਸਿੰਘ ਅੌਲਖ ਅਤੇ ਕਾਲਾ ਸਿੰਘ ਨੇ ਦੱਸਿਆ ਕਿ ਉਹ ਵੀ ਇਸ ਵਾਰ ਮੱਕੀ ਦੀ ਫਸਲ 'ਤੇ ਹੋਏ ਸੁੰਡੀ ਦੇ ਹਮਲੇ ਤੋਂ ਕਾਫੀ ਪਰ੍ਸ਼ਾਨ ਹਨ ਅਤੇ ਉਨ੍ਹਾਂ ਨੇ ਵੀ ਚਾਰ ਤੋਂ ਲੈ ਕੇ ਪੰਜ ਸਪਰੇਆਂ ਮੱਕੀ ਦੀ ਫਸਲ 'ਤੇ ਕੀਤੀਆਂ ਹਨ। ਕਿਸਾਨ ਭਿੰਦਾ ਸਿੰਘ ਅਤੇ ਰਾਜਾ ਸਿੰਘ ਨੇ ਦੱਸਿਆ ਕਿ ਉਹ ਮੂੰਗੀ ਦੀ ਫਸ਼ਲ 'ਤੇ ਤਿੰਨ ਵਾਰ ਕੀੜੇਦਾਰ ਦਵਾਈਆਂ ਦੀ ਸਪਰੇਆਂ ਕਰ ਚੁੱਕੇ ਹਨ ਪਰੰਤੂ ਸੁੰਡੀ ਕੰਟਰੋਲ ਹੇਠ ਨਹੀਂ ਹੈ। ਕਿਸਾਨਾਂ ਨੇ ਕਿਹਾ ਕਿ ਪਿਛਲੇ ਸਾਲ ਿਛੜਕੀ ਦਵਾਈ ਵਧੀਆ ਰਿਜ਼ਲਟ ਦਿੰਦੀ ਸੀ ਪਰ ਇਸ ਵਾਰ ਜ਼ਿਆਦਾਤਰ ਇਹ ਦਵਾਈ ਨਕਲੀ ਕਿਸਮ ਦੀ ਆ ਰਹੀ ਹੈ ਜੋ ਕਿ ਬਿਲਕੁਲ ਵੀ ਅਸਰ ਨਹੀਂ ਕਰ ਰਹੀ ਅਤੇ ਨਾ ਹੀ ਖੇਤੀਬਾੜੀ ਵਿਭਾਗ ਦੇ ਕਿਸੇ ਅਧਿਕਾਰੀ ਨੇ ਕਿਸਾਨਾਂ ਦੀ ਸਾਰ ਲਈ ਹੈ।

ਇਸ ਸਬੰਧੀ ਜਦੋਂ ਬਲਾਕ ਅਫਸਰ ਜਗਦੀਸ਼ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਦ ਕਣਕ ਦੀ ਫ਼ਸਲ ਵੱਢੀ ਜਾਂਦੀ ਹੈ ਤਾਂ ਕੀੜੇ ਮਕੌੜੇ ਹਰੀ ਫਸਲ ਵੱਲ ਜਾਣ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਕਿਸਾਨ ਮਾਹਿਰਾਂ ਦੁਆਰਾ ਸਿਫਾਰਸ਼ ਕੀਤੀਆਂ ਸਪਰੇਆਂ ਹੀ ਇਸਤੇਮਾਲ ਕਰਨ ਅਤੇ ਪੱਕੇ ਬਿੱਲ 'ਤੇ ਹੀ ਖ਼ਰੀਦਣ। ਖੇਤੀਬਾੜੀ ਵਿਭਾਗ ਦੁਆਰਾ ਬਿਹਤਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਆਮ ਦੋ ਤਰ੍ਹਾਂ ਦੇ ਕੀੜੇ ਤਣੇ ਦੀ ਮੱਖੀ ਅਤੇ ਗੋਭ ਦੀ ਸੁੰਡੀ ਦਾ ਮੱਕੀ ਤੇ ਹਮਲਾ ਹੁੰਦਾ ਹੈ। ਇਸ ਲਈ ਦਵਾਈ ਨੂੰ ਗੋਭ ਵਿਚ ਪਾਓ ਤਾਂ ਹੀ ਦਵਾਈ ਦਾ ਨਤੀਜਾ ਬਿਹਤਰ ਮਿਲ ਸਕਦਾ ਹੈ।

ਇਸ ਸਬੰਧੀ ਪੈਸਟੀਸਾਈਜ਼ ਵਿਕ੍ਰੇਤਾ ਬੂਟਾ ਸ਼ਰਮਾ ਨੇ ਦੱਸਿਆ ਕਿ ਸੈਨਿਕ ਸੁੰਡੀ ਲਈ ਕਿਸਾਨ ਕਲੋਰੋ, ਫੇਸ, ਪੋ੍ਕਲੇਮ ਅਤੇ ਸਪੀਨੋਸਿਡ ਅਤੇ ਕਿਊਨਰਫਾਸ ਦਵਾਈ ਦਾ ਇਸਤੇਮਾਲ ਕਰਨ ਤਾ ਵਧੀਆ ਰਿਜ਼ਲਟ ਮਿਲ ਸਕਦਾ ਹੈ।