ਲੋਕੇਸ਼ ਰਿਸ਼ੀ, ਬਟਾਲਾ : ''ਬੁੱਧ ਸਿੰਘ 31 ਕਨਾਲ ਦਾ ਮਾਲਕ ਹੈ ਪਰ ਉਸ ਦੇ ਸਿਰ 3 ਲੱਖ 80 ਹਜ਼ਾਰ ਰੁਪਏ ਦਾ ਕਰਜ਼ ਹੈ। ਹਾਲਾਂਕਿ ਉਹ ਛੋਟਾ ਕਿਸਾਨ ਜ਼ਰੂਰ ਹੈ ਪਰ ਉਸ ਦੇ ਕਰਜ਼ ਦੀ ਰਕਮ ਸਰਕਾਰ ਵੱਲੋਂ ਤੈਅ ਮਾਪਦੰਡਾਂ ਤੋਂ ਵੱਧ ਹੈ। ਇਸੇ ਲਈ ਮੈਂ ਬੁੱਧ ਸਿੰਘ ਦੇ ਖਾਤੇ 'ਚ 2 ਲੱਖ ਰੁਪਏ ਜਮ੍ਹਾ ਕਰਵਾ ਕੇ ਉਸ ਨੂੰ ਕਿਸਾਨ ਕਰਜ਼ਾ ਮਾਫੀ ਦੇ ਦਾਇਰੇ 'ਚ ਲੈ ਆਂਦਾ ਹੈ। ਹੁਣ ਸਰਕਾਰ ਦਾ ਫਰਜ਼ ਹੈ ਕਿ ਉਹ ਕਿਸਾਨ ਬੁੱਧ ਸਿੰਘ ਦਾ ਕਰਜ਼ਾ ਮਾਫ ਕਰ ਕੇ ਉਸ ਦੇ ਬੱਚਿਆਂ ਨੂੰ ਸੁਨਹਿਰਾ ਭਵਿੱਖ ਦੇਵੇ।'' ਉਕਤ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਮਾਜਸੇਵੀ ਡਾ. ਸਤਨਾਮ ਸਿੰਘ ਨਿੱਝਰ ਨੇ ਕੀਤਾ, ਜੋ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ 'ਕਰਜ਼ਾ ਕੁਰਕੀ ਖ਼ਤਮ, ਫਸਲ ਦੀ ਪੂਰੀ ਰਕਮ' ਯੋਜਨਾ ਤਹਿਤ ਸੱਭ ਤੋਂ ਪਹਿਲਾ ਫਾਰਮ ਭਰਨ ਵਾਲੇ ਕਿਸਾਨ ਬੁੱਧ ਸਿੰਘ ਦੇ ਕਰਜ਼ ਖਾਤੇ 'ਚ ਦੋ ਲੱਖ ਰੁਪਏ ਦੀ ਰਾਸ਼ੀ ਜਮ੍ਹਾਂ ਕਰਵਾਉਣ ਪਹੁੰਚੇ ਸਨ। ਦੱਸਣਯੋਗ ਹੈ ਕਿ ਹਲਕਾ ਡੇਰਾ ਬਾਬਾ ਨਾਨਕ ਦੇ ਗਰੀਬ ਕਿਸਾਨ ਬੁੱਧ ਸਿੰਘ ਦਾ ਨਾਂ ਪੰਜਾਬ ਕਿਸਾਨ ਕਰਜ਼ਾ ਰਾਹਤ ਯੋਜਨਾ ਵਿੱਚ ਸ਼ਭ ਤੋਂ ਚਰਚਿਤ ਰਿਹਾ ਹੈ ਕਿਉਂਕਿ ਸਾਲ 2016 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਆਪ ਇਸ ਕਿਸਾਨ ਦੇ ਘਰ ਪਹੁੰਚੇ ਸਨ ਅਤੇ ਇਸ ਯੋਜਨਾ ਦਾ ਸਭ ਤੋਂ ਪਹਿਲਾ ਫਾਰਮ ਕੈਪਟਨ ਅਮਰਿੰਦਰ ਸਿੰਘ ਨੇ ਆਪ ਬੱੁਧ ਸਿੰਘ ਤੋਂ ਭਰਵਾਇਆ ਸੀ। ਇਸ ਗੱਲ ਨੂੰ ਦੋ ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਬੁੱਧ ਸਿੰਘ ਦਾ ਕਰਜ਼ਾ ਮਾਫ ਨਹੀਂ ਕਰ ਸਕੀ ਪਰ ਉਕਤ ਕਿਸਾਨ ਦੀ ਖਸਤਾ ਮਾਲੀ ਹਾਲਤ ਨੂੰ ਵੇਖਦਿਆਂ ਆਖਰਕਾਰ ਬਟਾਲਾ ਦੇ ਇੱਕ ਸਮਾਜ ਸੇਵੀ ਨੇ ਬੁੱਧ ਸਿੰਘ ਦੀ ਬਾਂਹ ਫੜਦਿਆਂ ਉਸ ਦੇ ਕਰਜ਼ ਖਾਤੇ 'ਚ ਦੋ ਲੱਖ ਰੁਪਏ ਦੀ ਰਾਸ਼ੀ ਜਮ੍ਹਾ ਕਰਵਾ ਕੇ ਉਸ ਨੂੰ ਕਿਸਾਨ ਕਰਜ਼ਾ ਮਾਫੀ ਯੋਜਨਾ ਲਈ ਯੋਗ ਬਣਾ ਦਿੱਤਾ। ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਸਰਕਾਰ ਆਪਣਾ ਵਾਅਦਾ ਨਿਭਾਉਂਦਿਆਂ ਕਿਸਾਨ ਬੁੱਧ ਸਿੰਘ ਦਾ ਬਾਕੀ 1 ਲੱਖ 80 ਹਜ਼ਾਰ ਰੁਪਏ ਦਾ ਕਰਜ਼ ਮਾਫ ਕਰਦੀ ਹੈ ਜਾਂ ਨਹੀਂ।

ਸਰਕਾਰ ਚਾਹੁੰਦੀ ਤਾਂ ਮਾਫ ਕਰ ਸਕਦੀ ਸੀ ਕਰਜ਼ : ਡਾ. ਨਿੱਝਰ

ਸਮਾਜ ਸੇਵੀ ਡਾ. ਸਤਨਾਮ ਸਿੰਘ ਨਿੱਝਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਕੁਝ ਸਮਾਂ ਪਹਿਲਾਂ ਕਿਸਾਨ ਬੁੱਧ ਸਿੰਘ ਉਨ੍ਹਾਂ ਦੇ ਸੰਪਰਕ ਵਿੱਚ ਆਏ ਅਤੇ ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਪੂਰੇ ਮਾਮਲੇ ਬਾਰੇ ਜਾਣਕਾਰੀ ਮਿਲੀ। ਨਿੱਝਰ ਨੇ ਦੱਸਿਆ ਕਿ ਬੱੁਧ ਸਿੰਘ ਇੱਕ ਗਰੀਬ ਕਿਸਾਨ ਹੈ ਅਤੇ ਕਰਜ਼ੇ ਕਾਰਨ ਉਹ ਆਪਣੇ ਬੱਚਿਆਂ ਨੂੰ ਪੜ੍ਹਾਉਣ 'ਚ ਅਸਮਰਥਤਾ ਜ਼ਾਹਿਰ ਕਰ ਰਿਹਾ ਸੀ। ਬੁੱਧ ਸਿੰਘ ਦੀ ਉਕਤ ਮਾਲੀ ਅਤੇ ਪਰਿਵਾਰਕ ਹਾਲਤ ਨੂੰ ਵੇਖਦਿਆਂ ਉਨ੍ਹਾਂ ਨੇ ਫੈਸਲਾ ਕੀਤਾ ਕਿ ਬੁੱਧ ਸਿੰਘ ਦੇ ਕੁੱਲ ਕਰਜ਼ 3 ਲੱਖ 80 ਹਜ਼ਾਰ ਰੁਪਏ ਵਿੱਚੋਂ 2 ਲੱਖ ਰੁਪਏ ਉਹ ਅਦਾ ਕਰਨਗੇ। ਡਾ. ਨਿੱਝਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਈ ਜਾ ਰਹੀ ਕਰਜ਼ ਮਾਫੀ ਯੋਜਨਾ ਦੀ ਤਾਰੀਫ ਕਰਦਿਆਂ ਅਪੀਲ ਕੀਤੀ ਕਿ ਉਹ ਇਸ ਯੋਜਨਾ ਨੂੰ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾਉਣ। ਡਾ. ਨਿੱਝਰ ਨੇ ਬੁੱਧ ਸਿੰਘ ਨੇ ਸਰਕਾਰ ਵੱਲੋਂ ਚਲਾਈ ਯੋਜਨਾ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਕਿਸਾਨਾਂ ਦਾ 2 ਲੱਖ ਤਕ ਦਾ ਕਰਜ਼ਾ ਮਾਫ ਕੀਤਾ ਜਾਣਾ ਹੈ ਪਰ ਬੁੱਧ ਸਿੰਘ ਕੋਲ ਕੁਲ 31 ਕਨਾਲ ਜ਼ਮੀਨ ਹੈ ਅਤੇ ਕਰਜ਼ ਦੀ ਕੁੱਲ ਰਾਸ਼ੀ 3 ਲੱਖ 80 ਹਜ਼ਾਰ ਰੁਪਏ ਹੋ ਚੁੱਕੀ ਸੀ, ਜਿਸ ਕਾਰਨ ਉਹ ਕਰਜ਼ ਮਾਫੀ ਦੀਆਂ ਸ਼ਰਤਾਂ ਦੇ ਯੋਗ ਨਹੀਂ ਸੀ ਹੋ ਰਿਹਾ। ਡਾ. ਨਿਝਰ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਚਾਹੇ ਤਾਂ ਬੁੱਧ ਸਿੰਘ ਦਾ ਸਾਰਾ ਕਰਜ ਮਾਫ ਕਰ ਸਕਦੀ ਸੀ ਕਿਉਂਕਿ ਉਕਤ ਕਰਜ਼ਾ ਮਾਫੀ ਯੋਜਨਾ ਦੀ ਸ਼ੁਰੂਆਤ ਕੈਪਟਨ ਅਮਰਿੰਦਰ ਸਿੰਘ ਨੇ ਆਪ ਬੁੱਧ ਸਿੰਘ ਕੋਲੋਂ ਫਾਰਮ ਭਰਵਾ ਕੇ ਕੀਤੀ ਸੀ।

ਪੁੱਤਾਂ ਵਰਗਾ ਟਰੈਕਟਰ ਵੇਚ ਕੇ ਅਦਾ ਕੀਤਾ ਵਿਆਜ

ਬੁੱਧ ਸਿੰਘ ਨੇ ਡਾ. ਸਤਨਾਮ ਸਿੰਘ ਨਿੱਝਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸ ਨੇ ਬੈਂਕ ਕੋਲੋਂ 3 ਲੱਖ 80 ਹਜ਼ਾਰ ਰੁਪਏ ਦਾ ਕਰਜ਼ ਲਿਆ ਸੀ। ਬੁੱਧ ਸਿੰਘ ਨੇ ਦੱਸਿਆ ਕਿ ਉਕਤ ਕਰਜ਼ੇ ਦੇ ਦਬਾਅ ਕਾਰਨ ਉਸ ਨੇ ਬੀਤੇ ਸਮੇਂ ਦੌਰਾਨ ਆਪਣਾ ਟਰੈਕਟਰ ਵੇਚ ਕੇ 80 ਹਜ਼ਾਰ ਰੁਪਏ ਵਿਆਜ ਅਦਾ ਕੀਤਾ ਸੀ ਪਰ ਇਸ ਦੇ ਬਾਵਜੂਦ ਉਸ ਦਾ ਮੌਜੂਦਾ ਕਰਜ਼ 4 ਲੱਖ ਦੇ ਕਰੀਬ ਖੜ੍ਹਾ ਹੈ। ਬੁੱਧ ਸਿੰਘ ਨੇ ਕਿਹਾ ਕਿ ਭਾਵੇਂ ਉਸ ਨੇ ਆਪਣੀ ਖਸਤਾ ਮਾਲੀ ਹਾਲਤ ਕਾਰਨ ਆਪਣਾ ਕੀਮਤੀ ਸਮਾਨ ਵੇਚ ਕੇ ਥੋੜ੍ਹਾ ਬਹੁਤ ਵਿਆਜ ਮੋੜ ਦਿੱਤਾ ਸੀ ਪਰ ਉਹ ਬੈਂਕ ਦਾ ਬਾਕੀ ਕਰਜ਼ ਮੋੜਨ ਵਿੱਚ ਪੂਰੀ ਤਰਾਂ ਅਸਮਰੱਥ ਹੈ।

ਕੈਪਟਨ ਨੂੰ ਕਰਵਾਇਆ ਵਾਅਦਾ ਯਾਦ

ਬੱੁਧ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਸ ਕੋਲੋਂ 5 ਲੱਖ ਤਕ ਦਾ ਕਰਜ਼ ਮਾਫ ਕੀਤੇ ਜਾਣ ਦੇ ਫਾਰਮ ਭਰਵਾਏ ਸਨ। ਬੱੁਧ ਸਿੰਘ ਨੇ ਭਰੇ ਮਨ ਨਾਲ ਕਿਹਾ ਕਿ ਕੈਪਟਨ ਦੇ ਧਰਵਾਸੇ 'ਤੇ ਸੂਬੇ ਦੇ ਕਿਸਾਨਾਂ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਤਕ ਪਹੁੰਚਾ ਦਿੱਤਾ ਪਰ ਜਦੋਂ ਕੈਪਟਨ ਵੱਲੋਂ ਵਾਅਦਾ ਪੂਰਾ ਕਰਨ ਦਾ ਸਮਾਂ ਆਇਆ ਤਾਂ ਉਨ੍ਹਾਂ ਨੇ ਉਕਤ ਸਕੀਮ ਸਬੰਧੀ ਸ਼ਰਤਾਂ ਲਾਗੂ ਕਰ ਕੇ ਕਰਜ਼ ਦੀ ਮਾਰ ਝੱਲ ਰਹੇ ਕਿਸਾਨਾਂ ਨਾਲ ਵਾਅਦਾ ਖ਼ਿਲਾਫ਼ੀ ਕੀਤੀ। ਬੁੱਧ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਕਰਜ਼ਾ ਮਾਫ ਕਰਨ ਦੀ ਗੱਲ ਨਹੀਂ ਕਹੀ ਸੀ, ਬਲਕਿ ਕੈਪਟਨ ਅਮਰਿੰਦਰ ਸਿੰਘ ਨੇ ਆਪ ਉਨ੍ਹਾਂ ਕੋਲ ਪਹੁੰਚ ਕੇ ਕਰਜ਼ ਮਾਫੀ ਦੇ ਫਾਰਮ ਭਰਾਉਣ ਉਪਰੰਤ ਕਰਜ਼ ਮਾਫੀ ਜਾ ਵਾਅਦਾ ਕੀਤਾ ਸੀ। ਇਸ ਲਈ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨਾਲ ਕੀਤਾ ਗਿਆ ਆਪਣਾ ਵਾਅਦਾ ਪੂਰਾ ਕਰਨ।