ਪੰਜਾਬੀ ਜਾਗਰਣ ਪ੍ਰਤੀਨਿਧੀ, ਬਠਿੰਡਾ :ਜ਼ਿਲ੍ਹਾ ਬਠਿੰਡਾ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ 'ਤੇ ਛੇ ਲੋਕਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਕਥਿੱਤ ਦੋਸ਼ੀਆਂ ਕੋਲੋਂ ਲਾਹਣ, ਨਸ਼ੀਲੀਆਂ ਗੋਲ਼ੀਆਂ ਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।

ਥਾਣਾ ਕੈਂਟ ਦੇ ਹੌਲਦਾਰ ਅਮਰੀਕ ਸਿੰਘ ਨੇ ਭੁੱਚੋ ਕਲਾਂ ਦੇ ਰੂਮੀ ਵਾਲਾ ਗੇਟ ਹਾਈਵੇ 'ਤੇ ਇਕ ਵਿਅਕਤੀ ਨੂੰ ਕਾਬੂ ਕਰ ਉਸ ਦੇ ਕੋਲੋਂ 30 ਲੀਟਰ ਲਾਹਣ ਬਰਾਮਦ ਕੀਤੀ ਹੈ। ਕਥਿੱਤ ਦੋਸ਼ੀਆਂ ਦੀ ਸ਼ਨਾਖ਼ਤ ਪਿੰਡ ਭੁੱਚੋ ਕਲਾਂ ਦੇ ਬੂਟਾ ਸਿੰਘ ਵਜੋਂ ਹੋਈ ਹੈ। ਇਸ ਦੇ ਇਲਾਵਾ ਥਾਣਾ ਨੇਹੀਆਂਵਾਲਾ ਦੇ ਸਹਾਇਕ ਥਾਣੇਦਾਰ ਗੁਰਨੈਬ ਸਿੰਘ ਨੇ ਪਿੰਡ ਜ਼ੀਦਾ 'ਚ ਗੁਪਤ ਸੂਚਨਾ ਦੇ ਅਧਾਰ 'ਤੇ ਛਾਪੇਮਾਰੀ ਕਰ ਇਕ ਵਿਅਕਤੀ ਨੂੰ ਕਾਬੂ ਕਰ ਉਸ ਕੋਲੋਂ 50 ਲੀਟਰ ਲਾਹਣ ਅਤੇ ਇਕ ਬੱਠਲ ਬਰਾਮਦ ਕੀਤਾ ਹੈ। ਪੁਲਿਸ ਦੁਆਰਾ ਫੜੇ ਗਏ ਵਿਅਕਤੀ ਦੀ ਪਛਾਣ ਪਿੰਡ ਜ਼ੀਦਾ ਦੇ ਗੁਰਨਾਮ ਸਿੰਘ ਵਜੋਂ ਹੋਈ ਹੈ। ਇਸ ਪ੍ਰਕਾਰ ਥਾਣਾ ਨੇਹੀਆਂਵਾਲਾ ਦੇ ਸਹਾਇਕ ਥਾਣੇਦਾਰ ਗੁਰਪ੍ਰਰੀਤ ਸਿੰਘ ਨੇ ਗੋਨਿਆਣਾ ਮੰਡੀ ਤੋਂ ਪਿੰਡ ਬਲਾਹੜ ਵਿੰਝੂ ਦੇ ਰਵਿੰਦਰ ਸਿੰਘ ਨੂੰ ਕਾਬੂ ਕਰ ਉਸ ਦੇ ਕੋਲੋਂ 9 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।

ਇਕ ਹੋਰ ਮਾਮਲੇ 'ਚ ਥਾਣਾ ਸਦਰ ਰਾਮਪੁਰਾ ਦੇ ਅੱੈਸਆਈ ਬਲਜੀਤ ਸਿੰਘ ਨੇ ਪਿੰਡ ਬਦਿਆਲਾ ਤੋਂ ਬੇਅੰਤ ਸਿੰਘ ਨੂੰ ਕਾਬੂ ਕਰ ਉਸ ਦੇ ਕੋਲੋਂ 1650 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਥਾਣਾ ਤਲਵੰਡੀ ਸਾਬੋ ਦੇ ਸਹਾਇਕ ਥਾਣੇਦਾਰ ਨਿਰਮਲ ਸਿੰਘ ਨੇ ਪਿੰਡ ਭਾਗੀਵਾਂਦਰ ਤੋਂ ਸੁਖਦੇਵ ਸਿੰਘ ਨੂੰ 200 ਲੀਟਰ ਲਾਹਣ ਦੇ ਨਾਲ ਕਾਬੂ ਕੀਤਾ ਹੈ, ਜਦੋਂਕਿ ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਪਿੰਡ ਗੁਰਥੜੀ 'ਚ ਲਗਾਏ ਗਏ ਨਾਕੇ ਦੌਰਾਨ ਇਕ ਮਹਿਲਾ ਨੂੰ 9 ਬੋਤਲਾਂ ਹਰਿਆਣਾ ਮਾਰਕਾ ਸ਼ਰਾਬ ਦੇ ਨਾਲ ਕਾਬੂ ਕੀਤਾ ਹੈ। ਮਹਿਲਾ ਦੀ ਪਛਾਣ ਪਿੰਡ ਗਹਿਰੀ ਬੁੱਟਰ ਦੀ ਮਨਜੀਤ ਕੌਰ ਵਜੋਂ ਹੋਈ ਹੈ। ਪੁਲਿਸ ਨੇ ਸਾਰੇ ਕਥਿੱਤ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।