ਵੀਰਪਾਲ ਭਗਤਾ, ਭਗਤਾ ਭਾਈਕਾ : ਹਾਲੇ ਕੁਝ ਦਿਨ ਪਹਿਲਾ ਨਗਰ ਪੰਚਾਇਤ ਕੋਠਾਗੁਰੂ ਲਈ ਕਾਂਗਰਸ ਨਾਲ ਸਬੰਧਤ ਚੁਣੇ ਗਏ 6 ਕੌਸਲਰਾਂ ਸਮੇਤ ਇਕ ਦਰਜਨ ਨਾਮੀ ਟਕਸਾਲੀ ਕਾਂਗਰਸੀ ਆਗੂਆਂ ਨੇ ਪਾਰਟੀ ਵਿਚ ਪੁਰਾਣੇ ਵਰਕਰਾਂ ਦੀ ਕੋਈ ਸੁਣਵਾਈ ਨਾ ਹੋਣ ਦੇ ਰੋਸ ਵਜੋਂ ਕਾਂਗਰਸ ਪਾਰਟੀ ਤੋਂ ਅਸਤੀਫਾ ਦੇਣ ਦਾ ਐਲਾਨ ਕਰਕੇ ਹਲਕੇ ਵਿਚ ਸਿਆਸੀ ਭੂਚਾਲ ਲਿਆ ਦਿੱਤਾ ਹੈ। ਜਿਕਰਯੋਗ ਹੈ ਕਿ 11 ਮੈਂਬਰੀ ਨਗਰ ਪੰਚਾਇਤ ਕੋਠਾਗੁਰੂ ਲਈ ਸਾਰੇ ਦੇ ਸਾਰੇ ਕੌਂਸਲਰ ਕਾਂਗਰਸ ਨਾਲ ਸਬੰਧਤ ਚੁਣੇ ਗਏ ਸਨ, ਜਿਨ੍ਹਾਂ ਵਿੱਚੋਂ 6 ਨੇ ਅੱਜ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ।

ਟਕਸਾਲੀ ਕਾਂਗਰਸੀ ਆਗੂ ਹਾਕਮ ਸਿੰਘ ਜੱਸੜ ਦੀ ਅਗਵਾਈ ਵਿਚ ਪਿੰਡ ਕੋਠਾ ਗੁਰੂ ਵਿਖੇ ਕਾਂਗਰਸੀ ਕੌਸਲਰ ਸੁਖਜੀਤ ਕੌਰ ਦੇ ਘਰ ਇਕੱਤਰ ਹੋਏ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਸਮੇਤ ਵਾਰਡ ਨੰਬਰ ਇਕ ਤੋਂ ਕਾਂਗਰਸੀ ਕੌਸਲਰ ਸੁਖਜੀਤ ਕੌਰ, ਵਾਰਡ ਨੰਬਰ 3 ਤੋਂ ਸ਼ਰਨਜੀਤ ਕੌਰ ਕੌਸਲਰ, ਵਾਰਡ ਨੰਬਰ 4 ਤੋਂ ਅੰਮ੍ਰਿਤਪਾਲ ਸਿੰਘ ਕੌਸਲਰ, ਵਾਰਡ ਨੰਬਰ 6 ਤੋਂ ਗੁਰਜੀਤ ਸਿੰਘ ਕੌਸਲਰ, ਵਾਰਡ ਨੰਬਰ 7 ਤੋਂ ਜਸਵਿੰਦਰ ਕੌਰ, ਵਾਰਡ 10 ਤੋਂ ਅਵਤਾਰ ਸਿੰਘ ਤਾਰਾ ਨੇ ਕਾਂਗਰਸ ਨੂੰ ਛੱਡਣ ਦਾ ਐਲਾਨ ਕੀਤਾ। ਇਸ ਮੌਕੇ ਕਾਂਗਰਸੀ ਆਗੂ ਹਾਕਮ ਸਿੰਘ ਜੱਸੜ ਅਤੇ ਅਵਤਾਰ ਸਿੰਘ ਤਾਰਾ ਕੌਂਸਲਰ ਨੇ ਦੋਸ਼ ਲਾਇਆ ਕਿ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਟਕਸਾਲੀ ਕਾਂਗਰਸੀਆਂ ਨੂੰ ਨਜ਼ਰ ਅੰਦਾਜ਼ ਕਰਕੇ ਅਕਾਲੀ ਦਲ ਵਿਚੋਂ ਹਾਲੇ ਕੁਝ ਦਿਨ ਪਹਿਲਾ ਆਏ ਵਿਅਕਤੀ ਨੂੰ ਧੱਕਸ਼ਾਹੀ ਨਾਲ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ।

ਉਨ੍ਹਾਂ ਐਲਾਨ ਕੀਤਾ ਕਿ ਹਲਕੇ ਦੇ ਪਿੰਡਾਂ ਵਿਚਲੇ ਨਜ਼ਰਅੰਦਾਜ ਕੀਤੇ ਗਏ ਟਕਸਾਲੀ ਕਾਂਗਰਸੀਆਂ ਨੂੰ ਲਾਮਬੰਦ ਕੀਤਾ ਜਾਵੇਗਾ ਅਤੇ ਜੇਕਰ ਉਨ੍ਹਾਂ ਦੀ ਹਾਲੇ ਵੀ ਕੋਈ ਸੁਣਵਾਈ ਨਾ ਹੋਈ ਤਾ ਉਹ 15 ਮਈ ਨੂੰ ਹਲਕੇ ਦਾ ਵੱਡਾ ਇਕੱਠ ਕਰਕੇ ਤਿੱਖੇ ਸੰਘਰਸ਼ ਦਾ ਐਲਾਨ ਕਰਨਗੇ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਵਿਚ ਟਕਸਾਲੀ ਕਾਂਗਰਸੀਆਂ ਦੀ ਬਜਾਏ ਦੂਜੀਆਂ ਪਾਰਟੀਆਂ ਵਿਚੋਂ ਆਏ ਵਿਆਕਤੀਆਂ ਨੂੰ ਦਿੱਤੇ ਜਾ ਰਹੇ ਅਹੁਦੇ ਕਾਂਗਰਸੀ ਵਰਕਰਾਂ ਲਈ ਚਿੰਤਾ ਦਾ ਵਿਸ਼ਾ ਹਨ।

ਇਸੇ ਦੌਰਾਨ ਜਸਵਿੰਦਰ ਕੌਰ ਜੱਸੜ ਕੌਂਸਲਰ ਨੇ ਦੋਸ਼ ਲਾਇਆ ਕਿ ਚੋਣ ਪ੍ਰਕਿਰਿਆ ਸਮੇਂ ਉਨ੍ਹਾ ਨੂੰ ਗੁੰਮਰਾਹ ਕਰਕੇ ਦਸਤਖਤ ਕਰਵਾਏ ਗਏ ਹਨ ਜਦ ਕਿ ਉਹ ਪ੍ਰਧਾਨਗੀ ਦੇ ਉਮੀਦਵਾਰ ਨਾਲ ਸਹਿਮਤ ਨਹੀ ਹਨ, ਜਿਸ ਕਾਰਨ ਉਨ੍ਹਾਂ ਨੇ ਉਸੇ ਦਿਨ ਨਗਰ ਪੰਚਾਇਤ ਦੀ ਮੀਤ ਪ੍ਰਧਾਨਗੀ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਸੀ। ਜਿਕਰਯੋਗ ਹੈ ਕੁਝ ਆਗੂਆਂ ਅਤੇ ਵਰਕਰਾਂ ਵਿਚਲੇ ਗੁੱਸੇ ਨੂੰ ਸਾਂਤ ਕਰਨ ਲਈ ਸੱਤਾਧਾਰੀ ਆਗੂ ਆਪਣਾ ਸਿਆਸੀ ਪੈਂਤੜਾ ਖੇਡਣ ਦੀ ਵਿਉਂਤਬੰਦੀ ਬਣਾ ਰਹੇ ਹਨ, ਪਰ ਉਹ ਸਫਲ ਕਿੰਨ੍ਹਾ ਕੁ ਹੁੰਦੇ ਹਨ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

ਇਸ ਮੌਕੇ ਕਾਂਗਰਸੀ ਆਗੂ ਰਛਪਾਲ ਸਿੰਘ ਨੀਲਾ ਪੰਨੂੰ, ਜੀਤਾ ਸਿੰਘ ਜੱਸੜ, ਡਾ. ਜਗਤਾਰ ਸਿੰਘ ਕੋਠਾ, ਅਜੈਬ ਸਿੰਘ ਭਗਤਾ ਸਾਬਕਾ ਕੌਸਲਰ, ਰਣਧੀਰ ਸਿੰਘ ਧੀਰਾ ਸਾਬਕਾ ਪ੍ਰਧਾਨ ਯੂਥ ਵਿੰਗ, ਦਰਸਨ ਕੁਮਾਰ ਕੇਸਰਵਾਲਾ ਸਾਬਕਾ ਸਰਪੰਚ, ਦਰਸਨ ਸਿੰਘ ਢਿੱਲੋਂ, ਭਿੰਦਰ ਸਿੰਘ ਮਲੂਕਾ, ਲਾਭ ਸਿੰਘ ਕੋਠਾ ਆਦਿ ਹਾਜ਼ਰ ਸਨ।

Posted By: Jagjit Singh