ਗੁਰਤੇਜ ਸਿੰਘ ਸਿੱਧੂ, ਬਠਿੰਡਾ : ਸ਼ਹਿਰ ਦੇ ਵਪਾਰੀ ਰਾਜਿੰਦਰ ਕੁਮਾਰ ਮੰਗਲਾ ਤੋਂ ਫਿਰੌਤੀ ਲੈਣ ਲਈ ਘਰ ਦੇ ਗੇਟ ਨੂੰ ਅੱਗ ਲਗਾਉਣ ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਪੁਲਿਸ ਨੇ ਗੈਂਗਸਟਰ ਰਵਿੰਦਰ ਸਿੰਘ ਉਰਫ਼ ਲਾਲੀ ਸਮੇਤ ਛੇ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ। ਸੋਮਵਾਰ ਨੂੰ ਸੀਆਈਏ ਸਟਾਫ਼ ਇਕ ਦੀ ਟੀਮ ਵੱਲੋਂ ਉਕਤ ਸਾਰੇ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ।

ਐੱਸਐੱਸਪੀ ਬਠਿੰਡਾ ਅਜੇ ਮਲੂਜਾ ਨੇ ਦੱਸਿਆ ਕਿ 5 ਸਤੰਬਰ 2021 ਨੂੰ ਕਰੀਬ 9 ਵਜੇ ਰਾਤ ਨੂੰ ਰਜਿੰਦਰ ਕੁਮਾਰ ਮੰਗਲਾ ਪੁੱਤਰ ਦੇਵ ਪ੍ਰਕਾਸ ਵਾਸੀ ਮਕਾਨ ਨੰਬਰ 1366 ਫੇਸ 4/5 ਮਾਡਲ ਟਾਊਨ ਬਠਿੰਡਾ ਦੇ ਘਰ ’ਤੇ ਕੁੱਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਸੀ। ਗੇਟ ਨੂੰ ਅੱਗ ਲਗਾ ਕੇ ਵਪਾਰੀ ‘ਤੇ ਗੋਲੀਆਂ ਚਲਾਈਆਂ ਸਨ। ਇਸ ਵਿਚ ਆਪਣੇ ਹੀ ਚਚੇਰੇ ਭਰਾ ਦੀ ਹੱਤਿਆ ਦੇ ਮਾਮਲੇ ਵਿਚ ਕੇਂਦਰੀ ਜੇਲ੍ਹ ਵਿਚ ਬੰਦ ਲਾਲੀ ਮੌੜ ਨੂੰ ਵੀ ਪੁਲਿਸ ਨੇ ਇਸ ਮਾਮਲੇ ਵਿਚ ਨਾਮਜ਼ਦ ਕੀਤਾ ਹੈ, ਜਦੋਂ ਕਿ ਮੇਅਰ ਦੇ ਨਜ਼ਦੀਕੀ ਚਿੰਕੀ ਨੂੰ ਵੀ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਸ ਦੇ ਨਾਲ ਹੀ ਬਠਿੰਡਾ ਦੇ ਰਹਿਣ ਵਾਲੇ ਸੰਦੀਪ ਸਿੰਘ ਉਰਫ ਸੋਨੂੰ ਵਾਸੀ ਪਰਸਰਾਮ ਨਗਰ, ਰਮਨਦੀਪ ਸਿੰਘ ਉਰਫ਼ ਰਮਨਾ ਵਾਸੀ ਪ੍ਰਤਾਪ ਨਗਰ, ਕਮਲ ਚੋਪੜਾ ਉਰਫ ਗੰਜੂ ਵਾਸੀ ਆਵਾ ਬਸਤੀ ਅਤੇ ਸੁੰਦਰ ਲਾਲ ਵਾਸੀ ਦੁਰਗਾ ਕਲੋਨੀ ਭਵਾਨੀ ਹਰਿਆਣਾ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੁਲਿਸ ਅਨੁਸਾਰ ਰਮਨਦੀਪ ਸਿੰਘ ਨੇ ਮਾਮਲੇ ਵਿਚ ਨਾਮਜ਼ਦ ਕਥਿਤ ਦੋਸ਼ੀ ਪੰਕਜ ਕੁਮਾਰ ਉਰਫ ਚਿੰਕੀ, ਕਮਲ ਚੋਪੜਾ, ਸੁੰਦਰ ਲਾਲ ਅਤੇ ਸੰਦੀਪ ਸਿੰਘ ਦੇ ਨਾਲ ਮਿਲ ਕੇ ਰਾਜਿੰਦਰ ਕੁਮਾਰ ਦੇ ਘਰ ਦੀ ਰੈਕੀ ਕੀਤੀ ਅਤੇ ਉਸ ਦੀ ਜਾਣਕਾਰੀ ਰਵਿੰਦਰ ਸਿੰਘ ਉਰਫ ਲਾਲੀ ਮੌੜ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਰਵਿੰਦਰ ਲਾਲੀ ਨੇ ਪੂਰੀ ਜਾਣਕਾਰੀ ਗੈਂਗਸਟਰ ਗੋਲਡੀ ਬਰਾੜ ਨੂੰ ਦਿੱਤੀ।

ਇਸ ਤੋਂ ਇਲਾਵਾ ਰਮਨਦੀਪ ਅਤੇ ਉਸ ਦੇ ਸਾਥੀਆਂ ਨੇ ਹਰਵਿੰਦਰ ਲਾਲੀ ਅਤੇ ਗੋਲਡੀ ਬਰਾੜ ਦੇ ਕਹਿਣ ’ਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਵੀ ਘਰ ਦੀ ਰੈਕੀ ਕਰਵਾਈ। ਇਸ ਮਾਮਲੇ ਵਿਚ ਹੁਣ ਤਕ ਛੇ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਸਪੈਸ਼ਲ ਸਟਾਫ ਵਲੋਂ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਪੁੱਛਗਿੱਛ ਲਈ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪੂਰੇ ਮਾਮਲੇ ਦਾ ਮਾਸਟਰਮਾਈਂਡ ਜੇਲ੍ਹ ਵਿਚ ਬੰਦ ਕਤਲ ਦਾ ਦੋਸ਼ੀ ਰਵਿੰਦਰ ਸਿੰਘ ਉਰਫ ਲਾਲੀ ਬਰਾਡ਼ ਹੈ।

ਰਵਿੰਦਰ ਸਿੰਘ ਉਰਫ ਲਾਲੀ ਬਰਾਡ਼ ਨੂੰ ਸਪੈਸ਼ਲ ਸਟਾਫ ਪ੍ਰੋਡਕਸ਼ਨ ਵਾਰੰਟ ’ਤੇ ਚੰਡੀਗਡ਼੍ਹ ਤੋਂ ਲੈ ਕੇ ਗਈ, ਜਿੱਥੇ ਓਕੇ ਆਰਗੇਨਾਈਜ਼ ਕਰਾਈਮ ਕੰਟਰੋਲ ਯੂਨਿਟ ਟੀਮ ਵੱਲੋਂ ਕੀਤੀ ਇੰਟਰੋਗੇਸ਼ਨ ਵਿਚ ਦੱਸਿਆ ਸੀ ਕਿ ਉਸ ਨੇ ਜੇਲ੍ਹ ਦੇ ਅੰਦਰ ਤੋਂ ਹੀ ਕੈਨੇਡਾ ਵਿਚ ਬੈਠੇ ਗੈਂਗਸਟਰ ਗੋਲਡੀ ਬਰਾੜ ਨਾਲ ਵ੍ਹੱਟਸਐਪ ਕਾਲ ਅਤੇ ਮੈਸੇਜ ਨਾਲ ਸੰਪਰਕ ਕਰਕੇ ਰਜਿੰਦਰ ਮੰਗਲਾ ਨੂੰ ਫਿਰੌਤੀ ਲਈ ਫੋਨ ਕਰਵਾਇਆ ਸੀ ਅਤੇ ਧਮਕੀਆਂ ਦਿਵਾਈਆਂ ਸਨ। ਇਸ ਤੋਂ ਬਾਅਦ ਉਸ ਨੇ ਦੋ ਲੋਕਾਂ ਨੂੰ ਭੇਜ ਕੇ ਮੰਗਲਾ ਦੇ ਘਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਦੱਸਣਯੋਗ ਹੈ ਕਿ ਪੰਜ ਸਤੰਬਰ ਦੀ ਰਾਤ ਕਰੀਬ ਨੌਂ ਵਜੇ ਇਕ ਸਪਲੈਂਡਰ ਮੋਟਰਸਾਈਕਲ ’ਤੇ ਆਏ ਦੋ ਨੌਜਵਾਨ ਮਾਡਲ ਟਾਊਨ ਫੇਸ ਚਾਰ ਪੰਜ ਵਾਸੀ ਰਾਜਿੰਦਰ ਕੁਮਾਰ ਮੰਗਲਾ ਦੇ ਘਰ ਦੇ ਮੇਨ ਗੇਟ ’ਤੇ ਪੈਟਰੋਲ ਨਾਲ ਅੱਗ ਲਾਉਣ ਤੋਂ ਬਾਅਦ ਫਾਇਰਿੰਗ ਕਰਕੇ ਫ਼ਰਾਰ ਹੋ ਗਏ ਸਨ। ਇਸ ਮਾਮਲੇ ਵਿਚ ਰਾਜਿੰਦਰ ਮੰਗਲਾ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਥਰਮਲ ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ, ਮੇਅਰ ਪਰਿਵਾਰ ਦੇ ਕਰੀਬੀ ਚਿੰਕੀ ਤੋਂ ਇਲਾਵਾ ਦੋ ਅਣਪਛਾਤੇ ਹਮਲਾਵਰ ਲੋਕਾਂ ਨੂੰ ਨਾਮਜ਼ਦ ਕੀਤਾ ਸੀ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਸਪੈਸ਼ਲ ਸਟਾਫ ਨੂੰ ਸੌਂਪ ਦਿੱਤੀ ਗਈ ਸੀ। ਮਾਮਲੇ ਦੀ ਜਾਂਚ ਕਰਨ ਸਮੇਂ ਪੁਲਿਸ ਨੇ ਲਾਲੀ ਬਰਾਡ਼ ਨੂੰ ਕੇਸ ਵਿਚ ਨਾਮਜ਼ਦ ਕੀਤਾ ਸੀ।

Posted By: Jagjit Singh