ਗੁਰਤੇਜ ਸਿੰਘ ਸਿੱਧੂ, ਬਠਿੰਡਾ : ਦਿੱਲੀ 1947 ਤੋਂ ਹੀ ਸਿੱਖਾਂ ਨਾਲ ਦੋਹਰੇ ਮਾਪਦੰਡ ਅਪਣਾਉਦੀ ਰਹੀ ਹੈ ਤੇ ਹੁਣ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਮਾਫ਼ੀ ਦੇ ਐਲਾਨ ਤੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਮੁਕਰਨ ਨਾਲ ਇਕ ਵਾਰ ਫਿਰ ਦਿੱਲੀ ਦੀ ਸਿੱਖਾਂ ਪ੍ਰਤੀ ਬੇਗਾਨਗੀ ਦੀ ਨੀਤੀ ਸਾਹਮਣੇ ਆ ਗਈ ਹੈ।

ਉਕਤ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਵੱਲੋਂ ਸੰਸਦ ਵਿਚ ਦਿੱਤੇ ਗਏ ਬਿਆਨ ਤੋਂ ਬਾਅਦ ਸਮੁੱਚੇ ਸਿੱਖ ਜਗਤ ਨੂੰ ਭਾਰੀ ਠੇਸ ਪੁੱਜੀ ਹੈ।

ਸਿੰਘ ਸਾਹਿਬ ਨੇ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਵੱਲੋਂ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮਾਫ਼ ਕਰਨ ਦੇ ਐਲਾਨ ਨਾਲ ਜਿੱਥੇ ਖ਼ੁਸ਼ੀ ਹੋਈ ਸੀ ਉੱਥੇ ਹੈਰਾਨੀ ਵੀ ਹੋਈ ਸੀ ਕਿ ਦਿੱਲੀ ਸਿੱਖਾਂ 'ਤੇ ਮਿਹਰਬਾਨ ਕਿਵੇਂ ਹੋਈ ਪਰ ਹੁਣ ਅਮਿਤ ਸ਼ਾਹ ਵੱਲੋਂ ਸਪੱਸ਼ਟ ਸ਼ਬਦਾਂ ਵਿਚ ਰਾਜੋਆਣਾ ਦੀ ਫਾਂਸੀ ਮਾਫ਼ੀ ਤੋਂ ਪਲਟ ਜਾਣ ਨਾਲ ਭਾਜਪਾ ਦਾ ਕਿਰਦਾਰ ਸਿੱਖਾਂ ਸਾਹਮਣੇ ਨੰਗਾ ਹੋ ਗਿਆ ਹੈ।

ਸਿੰਘ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਨਿਰਦੇਸ਼ ਦਿੱਤੇ ਕਿ ਉਹ ਭਾਈ ਰਾਜੋਆਣਾ ਦੀ ਸਜ਼ਾ ਮਾਫ਼ੀ ਅਤੇ ਜੇਲ੍ਹਾਂ ਵਿਚ ਬੰਦ ਸਜ਼ਾਵਾਂ ਪੂਰੀਆਂ ਕਰ ਚੁੱਕੇ ਬਾਕੀ ਸਿੱਖ ਕੈਦੀਆਂ ਦੀ ਰਿਹਾਈ ਲਈ ਪੈਰਵਾਈ ਕਰਨ।