ਵੀਰਪਾਲ ਭਗਤਾ, ਭਗਤਾ ਭਾਈਕਾ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਬਠਿੰਡਾ ਦਾ ਮੁੜ ਪ੍ਰਧਾਨ ਚੁਣੇ ਜਾਣ 'ਤੇ ਸੋਮਵਾਰ ਨੂੰ ਨਾਮਵਰ ਕਬੱਡੀ ਖਿਡਾਰੀਆਂ ਵੱਲੋਂ ਭਗਤਾ ਭਾਈ ਵਿਖੇ ਸਿਕੰਦਰ ਸਿੰਘ ਮਲੂਕਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਸਮੇਂ ਸਮਾਗਮ ਨੂੰ ਸੰਬੋਧਨ ਕਰਦਿਆਂ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਪੰਜਾਬ ਦੀ ਪਿਛਲੀ ਅਕਾਲੀ ਸਰਕਾਰ ਨੇ ਕਬੱਡੀ ਨੂੰ ਪ੍ਰਫੁਲਿੱਤ ਕਰਨ ਲਈ ਅਥਾਹ ਯਤਨ ਕੀਤੇ ਤੇ ਵਰਲਡ ਕਬੱਡੀ ਕੱਪ ਦੀ ਸ਼ੁਰੂਆਤ ਕਰਨਾ ਅਕਾਲੀ-ਭਾਜਪਾ ਸਰਕਾਰ ਦੀ ਵੱਡੀ ਪ੍ਰਾਪਤੀ ਸੀ। ਪਰ ਅਫਸੋਸ ਹੈ ਕਿ ਮਾੜੀ ਸਿਆਸੀ ਸੋਚ ਕਾਰਨ ਪੰਜਾਬ ਦੀ ਕਾਂਗਰਸ ਸਰਕਾਰ ਨੇ ਇਸ ਕੱਪ ਨੂੰ ਬੰਦ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 300 ਸਾਲਾ ਗੁਰਤਾ ਦਿਵਸ 'ਤੇ ਕਰਵਾਏ ਗਏ ਕਬੱਡੀ ਕੱਪ ਮੁਕਾਬਲਿਆਂ ਦੇ ਜੇਤੂ ਨੂੰ ਇਨਾਮੀ ਰਾਸ਼ੀ ਜੋ ਕਿ ਕੇਵਲ 25 ਲੱਖ ਰੁਪਏ ਸੀ ਹਾਲੇ ਤਕ ਨਹੀਂ ਅਦਾ ਕੀਤੀ।

ਮਲੂਕਾ ਨੇ ਐਲਾਨ ਕੀਤਾ ਕਿ ਪੰਜਾਬ ਵਿਚ ਅਕਾਲੀ ਸਰਕਾਰ ਆਉਣ 'ਤੇ ਵਰਲਡ ਕਬੱਡੀ ਕੱਪ ਦੀ ਮੁੜ ਸ਼ੁਰੂਆਤ ਕੀਤੀ ਜਾਵੇਗੀ ਤੇ ਇਸ ਵਰਲਡ ਕਬੱਡੀ ਕੱਪ ਜੇਤੂ ਟੀਮ ਨੂੰ ਮਿਲਣ ਵਾਲੀ ਇਨਾਮੀ ਰਾਸ਼ੀ 5 ਕਰੋੜ ਰੁਪਏ ਕਰਾਂਗੇ। ਇਸ ਮੌਕੇ ਕਬੱਡੀ ਖਿਡਾਰੀਆਂ ਦੀ ਮੰਗ 'ਤੇ ਮਲੂਕਾ ਨੇ ਕਿਹਾ ਕਿ ਭਵਿੱਖ 'ਚ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਕਬੱਡੀ ਖਿਡਾਰੀਆਂ ਨੂੰ ਇਕ ਵਿਸ਼ੇਸ਼ ਸਕੀਮ ਤਹਿਤ ਲਿਆ ਕੇ ਉਨ੍ਹਾਂ ਦੇ ਸਰਕਾਰੀ ਤੌਰ 'ਤੇ ਇਲਾਜ ਦਾ ਪ੍ਰਬੰਧ ਕੀਤਾ ਜਾਵੇਗਾ ਤੇ ਕਬੱਡੀ ਨੂੰ ਪ੍ਰਫੂਲਤ ਕਰਨ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਮੌਕੇ ਰਾਕੇਸ਼ ਕੁਮਾਰ ਗੋਇਲ ਸੀਨੀਅਰ ਮੀਤ ਪ੍ਰਧਾਨ ਕਬੱਡੀ ਐਸੋਸੀਏਸ਼ਨ ਜ਼ਿਲ੍ਹਾ ਬਠਿੰਡਾ ਦਾ ਵੀ ਕਬੱਡੀ ਖਿਡਾਰੀਆਂ ਨੇ ਸਨਮਾਨ ਕੀਤਾ।

ਇਸ ਮੌਕੇ ਨਾਮਵਰ ਕਬੱਡੀ ਖਿਡਾਰੀ ਵਜੀਦ ਕੈਨੇਡਾ, ਸੋਨੀ ਧੂਰਕੋਟ, ਅੰਤਰਾਸ਼ਟਰੀ ਅੰਪਾਇਰ ਦੇਵ ਦਿਆਲਪੁਰਾ, ਬਲਜੀਤ ਸੈਦੋਕੇ, ਆਤਮਾ ਧੂਰਕੋਟ, ਖੈਰਾ ਰਾਊੇਂਕੇ, ਗੁਰਲਾਲ ਗੰਗਾ, ਰਾਜੂ ਸੈਦੋ, ਸੁਖਮਨ ਸਿੱਧੂ, ਕੇਵਲ ਭਗਤਾ, ਗੁਰਪ੍ਰਰੀਤ ਭਗਤਾ, ਰਮਨਾ, ਹਰਮਨ ਭਗਤਾ, ਲੱਖਾ ਜਲਾਲ, ਕੰਤਾ ਭਾਈਰੂਪਾ, ਦੌਲੀ ਅਲਕੜਾ, ਜੀਵਨ ਜਲਾਲ, ਗੱਗੂ ਜਲਾਲ, ਸਿਕੰਦਰ ਜਲਾਲ, ਸੁੱਖੀ ਭਗਤਾ, ਕੁਲਦੀਪ ਕੋਠਾ ਗੁਰੂ, ਕੋਚ ਮਨੀ ਜਲਾਲ ਤੋ ਇਲਾਵਾ ਸਰਕਲ ਪ੍ਰਧਾਨ ਜਗਮੋਹਨ ਲਾਲ ਭਗਤਾ, ਗਗਨਦੀਪ ਸਿੰਘ ਗਰੇਵਾਲ, ਕਰਮਜੀਤ ਸਿੰਘ ਕਾਂਗੜ, ਗੋਲੂ ਸਿੰਘ ਕੋਇਰ ਸਿੰਘ ਵਾਲਾ, ਸਤਵਿੰਦਰਪਾਲ ਪਿੰਦਰ, ਸੁਖਜਿੰਦਰ ਸਿੰਘ ਖਾਨਦਾਨ, ਰਘਬੀਰ ਸਿੰਘ ਕਾਕਾ, ਸੇਮੀ ਭਾਈਰੂਪਾ, ਹਰਦੇਵ ਸਿੰਘ ਗੋਗੀ, ਹਰਜਿੰਦਰ ਸਿੰਘ ਕੌਸਲਰ ਆਦਿ ਹਾਜ਼ਰ ਸਨ।