style="text-align: justify;"> ਸੀਨੀਅਰ ਸਟਾਫ ਰਿਪੋਰਟਰ, ਬਠਿੰਡਾ : ਜੇਲ੍ਹ 'ਚ ਲੁਕਾ ਕੇ ਮੋਬਾਈਲ ਤੇ ਪਾਵਰ ਬੈਂਕ ਲੈ ਜਾ ਰਹੇ ਪੰਜਾਬ ਪੁਲਿਸ ਦੇ ਇਕ ਏਐੱਸਆਈ ਨੂੰ ਜੇਲ੍ਹ ਅਧਿਕਾਰੀਆਂ ਨੇ ਰੰਗੇ ਹੱਥੀ ਕਾਬੂ ਕੀਤਾ ਹੈ। ਉਕਤ ਏਐੱਸਆਈ ਪਵਨ ਕੁਮਾਰ ਬਠਿੰਡਾ ਕੇਂਦਰੀ ਜੇਲ੍ਹ 'ਚ ਤਾਇਨਾਤ ਹੈ। ਜਾਣਕਾਰੀ ਅਨੁਸਾਰ ਦਿਨ ਸਮੇਂ ਏਐੱਸਆਈ ਪਵਨ ਕੁਮਾਰ ਦੀ ਜੇਲ੍ਹ 'ਚ ਬੰਦ ਗੈਂਗਸਟਰਾਂ ਦੀ ਬੈਰਕ ਬਾਹਰ ਡਿਊਟੀ 'ਤੇ ਤਾਇਨਾਤ ਹੈ। ਉਹ ਸ਼ੁੱਕਰਵਾਰ ਨੂੰ ਜਦੋਂ ਡਿਊਟੀ 'ਤੇ ਜਾਣ ਲਈ ਜੇਲ੍ਹ ਦੀ ਡਿਓਢੀ 'ਚ ਪੁੱਜਾ ਤਾਂ ਉਥੇ ਜੇ੍ਹਲ ਵਿਭਾਗ ਦੇ ਅਧਿਕਾਰੀਆਂ ਨੇ ਉਸਦੀ ਤਲਾਸ਼ੀ ਕੀਤੀ। ਜਦੋਂ ਜੇਲ੍ਹ ਅਧਿਕਾਰੀਆਂ ਨੇ ਉਸਨੂੰ ਟੋਪੀ ਉਤਾਰਣ ਲਈ ਕਿਹਾ ਤਾਂ ਉਸ ਵਿਚ ਉਸਨੇ ਦੋ ਮੋਬਾਈਲ ਤੇ ਇਕ ਪਾਵਰ ਬੈਂਕ ਲੁਕਾ ਰੱਖਿਆ ਸੀ। ਸ਼ੱਕ ਕੀਤਾ ਜਾ ਰਿਹਾ ਹੈ ਕਿ ਪਵਨ ਕੁਮਾਰ ਨੇ ਉਕਤ ਮੋਬਾਈਲ ਗੈਂਗਸਟਰਾਂ ਨੂੰ ਦੇਣਾ ਸੀ। ਜੇਲ੍ਹ ਸੁਪਰਡੰਟ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕਰਨ ਲਈ ਬਠਿੰਡਾ ਪੁਲਿਸ ਨੂੰ ਪੱਤਰ ਭੇਜਿਆ ਗਿਆ ਹੈ। ਥਾਣਾ ਕੈਂਟ ਦੇ ਐੱਸਐੱਚਓ ਹਰਜੀਤ ਸਿੰਘ ਦਾ ਕਹਿਣਾ ਸੀ ਕਿ ਅਜਿਹੇ ਮਾਮਲੇ ਸਬੰਧੀ ਉਨ੍ਹਾਂ ਕੋਲ ਕੋਈ ਪੱਤਰ ਨਹੀਂ ਪੁੱਜਾ।