ਇਸ ਤੋਂ ਇਲਾਵਾ ਜਿੱਥੇ ਪ੍ਰਸ਼ਾਸਨ ਇਸ ਵੇਲੇ ਗਰਭਵਤੀ ਔਰਤਾਂ ਜਾਂ ਡੇਢ ਸਾਲ ਤੋਂ ਘੱਟ ਉਮਰ ਦੇ ਬੱਚੇ ਵਾਲੀਆਂ ਔਰਤਾਂ ਨੂੰ ਡਿਊਟੀ ਤੋਂ ਛੋਟ ਦੇ ਰਿਹਾ ਹੈ, ਉੱਥੇ ਹੀ 40 ਫੀਸਦੀ ਤੋਂ ਵੱਧ ਉਮਰ ਦੇ ਅਪਾਹਜਤਾ ਵਾਲੇ ਕਰਮਚਾਰੀਆਂ ਨੂੰ ਵੀ ਡਿਊਟੀ ਤੋਂ ਛੋਟ ਦਿੱਤੀ ਗਈ ਹੈ। ਜ਼ਿਲ੍ਹੇ ਵਿਚ ਚੋਣਾਂ ਲਈ 826 ਪੋਲਿੰਗ ਬੂਥ ਬਣਾਏ ਗਏ ਹਨ, ਜਿੱਥੇ ਲਗਪਗ 6 ਹਜ਼ਾਰ ਦੇ ਕਰੀਬ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ। ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੀ ਰਹਿਸਲ ਦੌਰਾਨ ਕਈ ਸਰਕਾਰੀ ਮੁਲਾਜ਼ਮ ਗੈਰ ਹਾਜ਼ਰ ਰਹੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 14 ਦਸੰਬਰ ਨੂੰ ਹੋਣ ਵਾਲੀਆਂ ਇਨ੍ਹਾਂ ਚੋਣਾਂ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਚੋਣਾਂ ਦੌਰਾਨ ਡਿਊਟੀ ਦੇਣ ਦੀ ਰਹਿਸਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੱਖੀ ਗਈ ਸੀ, ਜਿਸ ਵਿਚ ਸ਼ਾਮਲ ਨਾ ਹੋਣ ਵਾਲੇ ਮੁਲਾਜ਼ਮਾਂ ਨੂੰ ਸ਼ੋਅ ਕਾਜ ਨੋਟਿਸ ਜਾਰੀ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਗੌਰਮਿੰਟ ਹਾਈ ਸਕੂਲ ਬੁਰਜ ਲੱਧਾ ਦੀ ਅੰਗਰੇਜ਼ੀ ਟੀਚਰ ਹਰਚਰਨ ਕੌਰ ਚੋਣ ਰਹਿਸਲ ਵਿੱਚੋਂ ਗੈਰ ਹਾਜ਼ਰ ਰਹੀ, ਜਿਸ ਕਾਰਨ ਐਡੀਸ਼ਨਲ ਡਿਪਟੀ ਕਮਿਸ਼ਨਰ-ਕਮ-ਵਧੀਕ ਚੋਣ ਅਫਸਰ ਬਠਿੰਡਾ ਵੱਲੋਂ ਸ਼ੋਅ ਕਾਜ ਨੋਟਿਸ ਜਾਰੀ ਕੀਤਾ ਗਿਆ ਹੈ।
ਰਿਹਰਸਲ ਵਿੱਚੋਂ ਗੈਰ ਹਾਜ਼ਰ ਰਹਿਣ ਵਾਲੀ ਅਧਿਆਪਕਾ ਹਰਚਰਨ ਕੌਰ ਤੋਂ ਚੋਣ ਅਧਿਕਾਰੀ ਨੇ ਜਵਾਬ ਮੰਗਿਆ ਹੈ। ਇਸ ਤਰ੍ਹਾਂ ਹੀ ਚੋਣ ਰਹਿਸਲ ਵਿੱਚੋਂ ਗੈਰ ਹਾਜ਼ਰ ਰਹਿਣ ਵਾਲੀ ਸਰਕਾਰੀ ਹਾਈ ਸਕੂਲ ਬੰਗੀ ਰੁਘੂ ਦੀ ਮੈਥ ਟੀਚਰ ਗੁਰਪ੍ਰੀਤ ਕੌਰ ਨੂੰ ਵੀ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਸ਼ੋਅ ਕਾਜ ਨੋਟਿਸ ਜਾਰੀ ਕੀਤਾ ਗਿਆ ਹੈ। ਨੋਟਿਸ ’ਚ ਵਧੀਕ ਚੋਣ ਅਧਿਕਾਰੀ ਨੇ ਕਿਹਾ ਹੈ ਕਿ ਇਹ ਦੋਵੇਂ ਅਧਿਆਪਕਾਂ ਲਿਖਤੀ ਰੂਪ ਵਿੱਚ ਜਵਾਬ ਦੇਣ ਕਿ ਉਹ 7 ਦਸੰਬਰ ਨੂੰ ਕਰਵਾਈ ਗਈ ਰਹਿਸਲ ਵਿੱਚ ਸ਼ਾਮਲ ਕਿਉਂ ਨਹੀਂ ਹੋਈਆਂ।
ਜੇਕਰ ਅਧਿਆਪਕਾਂ ਨੇ ਸਮੇਂ ਸਿਰ ਜਵਾਬ ਨਾ ਦਿੱਤਾ ਜਾਂ ਚੋਣ ਅਧਿਕਾਰੀ ਸੰਤੁਸ਼ਟ ਨਾ ਹੋਏ ਤਾਂ ਉਨ੍ਹਾਂ ਖਿਲਾਫ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਐਕਟ 1994 ਦੇ ਸੈਕਸ਼ਨ 120 ਤਹਿਤ ਕਾਰਵਾਈ ਕੀਤੀ ਜਾਵੇਗੀ। ਇਸ ਤਰ੍ਹਾਂ ਗੈਰ ਹਾਜ਼ਰ ਰਹਿਣ ਵਾਲੇ ਹੋਰਨਾਂ ਮੁਲਾਜ਼ਮਾਂ ਨੂੰ ਚੋਣ ਅਧਿਕਾਰੀ ਨੇ ਨੋਟਿਸ ਜਾਰੀ ਕੀਤੇ ਹਨ।
ਪਹਿਲੀ ਟ੍ਰੇਨਿੰਗ ਐਤਵਾਰ ਨੂੰ ਹੋ ਚੁੱਕੀ ਹੈ ਅਤੇ ਦੂਜੀ ਤਿੰਨ ਦਿਨਾਂ ਬਾਅਦ ਹੋਣੀ ਹੈ। ਕਈ ਕਰਮਚਾਰੀ ਪਹਿਲੀ ਟ੍ਰੇਨਿੰਗ 'ਚ ਹਾਜ਼ਰੀ ਲਗਾਉਣ ਤੋਂ ਬਾਅਦ ਹੀ ਡਿਊਟੀ ਕਟਵਾਉਣ ਦੇ ਲਈ ਦਫ਼ਤਰਾਂ ਦੇ ਚੱਕਰ ਲਗਾਉਣ ਲੱਗ ਪਏ ਹਨ, ਕਿਉਂਕਿ ਦੂਜੀ ਟ੍ਰੇਨਿੰਗ ਹੋ ਜਾਣ ਤੋਂ ਬਾਅਦ ਡਿਊਟੀ ਕਰਨੀ ਲਾਜ਼ਮੀ ਹੋ ਜਾਂਦੀ ਹੈ। ਤੀਜੀ ਟ੍ਰੇਨਿੰਗ ਵਿਚ ਸਟਾਫ਼ ਨੂੰ ਚੋਣ ਸਮੱਗਰੀ ਦੇ ਨਾਲ ਪੋਲਿੰਗ ਬੂਥਾਂ 'ਤੇ ਭੇਜਿਆ ਜਾਂਦਾ ਹੈ।
ਇਸ ਤੋਂ ਇਲਾਵਾ ਜਿੱਥੇ ਪ੍ਰਸ਼ਾਸਨ ਇਸ ਵੇਲੇ ਗਰਭਵਤੀ ਔਰਤਾਂ ਜਾਂ ਡੇਢ ਸਾਲ ਤੋਂ ਘੱਟ ਉਮਰ ਦੇ ਬੱਚੇ ਵਾਲੀਆਂ ਔਰਤਾਂ ਨੂੰ ਡਿਊਟੀ ਤੋਂ ਛੋਟ ਦੇ ਰਿਹਾ ਹੈ, ਉੱਥੇ ਹੀ 40 ਫੀਸਦੀ ਤੋਂ ਵੱਧ ਉਮਰ ਦੇ ਅਪਾਹਜਤਾ ਵਾਲੇ ਕਰਮਚਾਰੀਆਂ ਨੂੰ ਵੀ ਡਿਊਟੀ ਤੋਂ ਛੋਟ ਦਿੱਤੀ ਗਈ ਹੈ। ਜ਼ਿਲ੍ਹੇ ਵਿਚ ਚੋਣਾਂ ਲਈ 826 ਪੋਲਿੰਗ ਬੂਥ ਬਣਾਏ ਗਏ ਹਨ, ਜਿੱਥੇ ਲਗਪਗ 6 ਹਜ਼ਾਰ ਦੇ ਕਰੀਬ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ। ਇਨ੍ਹਾਂ ਵਿਚ ਸਰਕਾਰੀ ਕਰਮਚਾਰੀਆਂ ਦੇ ਨਾਲ ਅਧਿਆਪਕ ਵੀ ਸ਼ਾਮਲ ਹਨ। ਡਿਊਟੀ ਤੋਂ ਬਚਣ ਵਾਲਿਆਂ ਵਿਚ ਸਭ ਤੋਂ ਵੱਧ ਗਿਣਤੀ ਅਧਿਆਪਕਾਂ ਦੀ ਹੈ। ਕਈ ਸਟਾਫ਼ ਮੈਂਬਰਾਂ ਦਾ ਕਹਿਣਾ ਹੈ ਕਿ ਪੋਲਿੰਗ ਬੂਥਾਂ 'ਤੇ ਕਈ ਵਾਰ ਲੜਾਈ ਝਗੜੇ ਹੋ ਜਾਂਦੇ ਹਨ , ਜਿਸ ਕਾਰਨ ਉਨ੍ਹਾਂ ਨੂੰ ਡਰ ਲੱਗਦਾ ਹੈ।