ਗੁਰਤੇਜ ਸਿੱਧੂ, ਬਠਿੰਡਾ : ਬਠਿੰਡਾ ਜ਼ਿਲ੍ਹੇ ਦੀ ਮੌੜ ਮੰਡੀ ਥਾਣੇ ਦੇ ਐੱਸਐੱਚਓ ਖੇਮ ਚੰਦ ਪਰਾਸ਼ਰ ਨੂੰ ਦੋ ਕਿੱਲੋ ਸੋਨਾ ਗ਼ਾਇਬ ਕਰਨ ਦੇ ਮਾਮਲੇ 'ਚ ਕੇਸ ਦਰਜ ਕਰਨ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਥਾਣੇਦਾਰ ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਿਮਨ ਦੀਵਾਨਾਂ 'ਚ ਨਾਕੇਬੰਦੀ ਕਰ ਕੇ ਦੁਬਈ ਤੋਂ ਆ ਰਹੇ ਇਕ ਵਿਅਕਤੀ ਨੂੰ ਡਰਾ ਧਮਕਾ ਕੇ ਆਪਣੇ ਦੋ ਸਾਥੀਆਂ ਸਮੇਤ ਉਸ ਦਾ ਦੋ ਕਿੱਲੋ ਸੋਨਾ ਹੜੱਪ ਲਿਆ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਹੰਮਦ ਰਫੀਕ ਵਾਸੀ ਨਗੌਰ ਰਾਜਸਥਾਨ ਨੇ ਦੱਸਿਆ ਕਿ ਉਹ ਦੁਬਈ ਤੋਂ ਵਾਪਸ ਆਏ ਆਪਣੇ ਦੋਸਤ ਮੁਹੰਮਦ ਇਮਰਾਨ ਨਾਲ ਗੱਡੀ 'ਚ ਜਾ ਰਿਹਾ ਸੀ। ਪਿੰਡ ਬਹਿਮਣ ਦੀਵਾਨਾ ਨੇੜੇ ਇਕ ਕਾਲੇ ਰੰਗ ਦੀ ਇਨੋਵਾ ਕਾਰ ਨੇ ਉਨ੍ਹਾਂ ਨੂੰ ਰੋਕ ਲਿਆ। ਗੱਡੀ 'ਚੋਂ ਬਾਹਰ ਨਿਕਲੇ ਤਾਂ ਐੱਸਐੱਚਓ ਥਾਣਾ ਮੌੜ ਦੇ ਇੰਸਪੈਕਟਰ ਕੇ ਸੀ ਪਰਾਸ਼ਰ ਨੇ ਕਿਹਾ ਕਿ ਉਨ੍ਹਾਂ ਕੋਲ ਗ਼ੈਰ-ਕਾਨੂੰਨੀ ਸਾਮਾਨ ਹੈ, ਇਸ ਲਈ ਗੱਡੀ ਦੀ ਤਲਾਸ਼ੀ ਲੈਣੀ ਹੈ। ਇਸੇ ਦੌਰਾਨ ਅਵਤਾਰ ਸਿੰਘ ਤੇ ਗਰੋਵਰ ਨਾਂ ਦੇ ਹੋਰ ਵਿਅਕਤੀ ਅਲਟੋ ਕਾਰ ਸਮੇਤ ਮੌਕੇ 'ਤੇ ਪੁੱਜੇ। ਉਨ੍ਹਾਂ ਰਾਜਸਥਾਨ ਦੇ ਉਕਤ ਵਿਅਕਤੀਆਂ ਨੂੰ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ। ਕੇਸੀ ਪਰਾਸ਼ਰ ਦੋਵਾਂ ਨੂੰ ਥਾਣਾ ਮੌੜ ਮੰਡੀ ਲੈ ਗਿਆ ਜਿੱਥੇ ਉਨ੍ਹਾਂ ਨੂੰ ਹਵਾਲਾਤ 'ਚ ਬੰਦ ਕਰ ਦਿੱਤਾ। ਇਸ ਦੌਰਾਨ ਐੱਸਐੱਚਓ ਨੇ ਉਨ੍ਹਾਂ ਦਾ ਦੋ ਕਿੱਲੋ ਸੋਨਾ ਹੜੱਪ ਲਿਆ। ਐਸਐਚਓ ਨੇ ਪੁਲਿਸ ਨਿਯਮਾਂ ਦਾ ਉਲੰਘਣ ਕਰ ਕੇ ਦੂਜੇ ਥਾਣੇ ਦੀ ਹੱਦ 'ਚੋਂ ਉਕਤ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ। ਬਠਿੰਡਾ ਪੁਲਿਸ ਨੇ ਥਾਣਾ ਮੌੜ ਦੇ ਐੱਸਐੱਚਓ ਕੇ ਸੀ ਪਰਾਸ਼ਰ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕਰਨ ਤੋਂ ਬਾਅਦ ਸੋਨੇ ਦੀ ਰਿਕਵਰੀ ਲਈ ਖੋਜਬੀਣ ਸ਼ੁਰੂ ਕਰ ਦਿੱਤੀ ਹੈ।

Posted By: Seema Anand