ਹਰਮੇਲ ਸਾਗਰ, ਭੁੱਚੋ ਮੰਡੀ : ਬਾਜ਼ਾਰ ਵਿਚ ਦੁਕਾਨਾਂ ਦੇ ਬਿਲਕੁੱਲ ਨਜ਼ਦੀਕ ਲੀਕ ਹੋ ਰਹੇ ਸੀਵਰੇਜ ਦੇ ਪਾਣੀ ਤੋਂ ਪਰੇਸ਼ਾਨ ਦੁਕਾਨਦਾਰਾਂ ਵੱਲੋਂ ਵਿਭਾਗ ਖਿਲਾਫ ਰੋਸ ਜ਼ਾਹਿਰ ਕਰਦਿਆਂ ਪ੍ਰਦਸ਼ਨ ਕੀਤਾ ਗਿਆ। ਜਾਣਕਾਰੀ ਦਿੰਦਿਆਂ ਹੀਰਾ, ਜੀਤਾ, ਸੁਮਨ ਕੁਮਾਰ ਅਤੇ ਜੋਨੀ ਨੇ ਦੱਸਿਆ ਕਿ ਪਿਛਲੇ ਲਗਭਗ ਹਫਤੇ ਭਰ ਤੋਂ ਪੰਜਾਬ ਬੁੱਕ ਡਿਪੂ ਦੇ ਕੋਲ ਲੀਕ ਹੋ ਰਹੇ ਸੀਵਰੇਜ ਦੇ ਗੰਦੇ ਪਾਣੀ ਵਿਚੋਂ ਆਉਂਦੀ ਬਦਬੂ ਨੇ ਉਨ੍ਹਾਂ ਦੇ ਨੱਕ ਵਿਚ ਦਮ ਕਰ ਰੱਖਿਆ ਹੈ, ਜਿਸ ਕਾਰਨ ਉਨ੍ਹਾਂ ਦਾ ਦੁਕਾਨਾਂ ਵਿਚ ਕੰਮ ਕਰਨਾ ਤੇ ਗਾਹਕਾਂ ਦਾ ਵੀ ਖੜਨਾ ਬੈਠਣਾ ਮੁਸ਼ਕਿਲ ਹੋ ਗਿਆ ਹੈ। ਦੁਕਾਨਦਾਰਾਂ ਨੇ ਦੋਸ਼ ਲਾਇਆ ਕਿ ਉਹ ਇਸ ਮਾਮਲੇ ਨੂੰ ਹਰ ਰੋਜ ਇਕ ਵਾਰ ਜ਼ਰੂਰ ਫੋਨ ਕਰਕੇ ਸੀਵਰੇਜ ਵਿਭਾਗ ਦੇ ਧਿਆਨ 'ਚ ਲਿਆਉਂਦੇ ਹਨ, ਪ੍ਰੰਤੂ ਅਧਿਕਾਰੀਆਂ ਵੱਲੋਂ ਇਸ ਨੂੰ ਦਰੁਸਤ ਕਰਨ ਸਬੰਧੀ ਕੋਈ ਦਿਲਚਸਪੀ ਨਹੀਂ ਵਿਖਾਈ ਜਾ ਰਹੀ। ਦੁਕਾਨਦਾਰਾਂ ਨੇ ਚਿਤਾਵਨੀ ਦਿਤੀ ਕਿ ਜੇ ਇਸ ਮਸਲੇ ਦਾ ਜਲਦ ਕੋਈ ਹਲ ਨਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਸੰਘਰਸ਼ ਸ਼ੁਰੂ ਕਰ ਦਿੱਤਾ ਜਾਵੇਗਾ। ਸੰਪਰਕ ਕਰਨ 'ਤੇ ਜੇਈ ਮਨਜਿੰਦਰ ਸਿੰਘ ਨੇ ਕਿਹਾ ਕਿ ਬੁਰਜ ਕਾਹਨ ਸਿੰਘ ਵਾਲਾ ਵਿਖੇ ਸੀਵਰੇਜ ਪਾਈਪ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਸੀਵਰੇਜ ਲਾਈਨ ਵਿਚੋਂ ਪਾਣੀ ਖਿੱਚਣ ਵਾਲੀ ਮੋਟਰ ਬੰਦ ਪਈ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਜਲਦ ਹੀ ਦੁਕਾਨਦਾਰਾਂ ਨੂੰ ਆ ਰਹੀ ਪ੍ਰਰੇਸ਼ਾਨੀ ਦਾ ਹੱਲ ਕਰ ਦਿੱਤਾ ਜਾਵੇਗਾ।