ਦਿਲਬਾਗ ਜ਼ਖ਼ਮੀ, ਬੱਲੂਆਣਾ : ਬਿਠੰਡਾ ਦੇ ਪਿੰਡ ਬੱਲੂਆਣਾ ਦੀ ਦਲਿਤ ਕਾਲੋਨੀ ਦੇ ਈਜੀਐੱਸ ਅਪਗਰੇਡ ਪ੍ਰਾਇਮਰੀ ਸਕੂਲ ਦੇ ਰਸਤੇ ਦਾ ਮਾਮਲਾ ਪਿਛਲੇ ਦਿਨਾਂ ਤੋਂ ਲਟਕਦਾ ਆ ਰਿਹਾ ਸੀ, ਜੋ ਕੱਲ੍ਹ ਕਿਰਨਜੀਤ ਗਹਿਰੀ ਲੋਕ ਜਨ ਸਕਤੀ ਪਾਰਟੀ ਦੇ ਪ੍ਰਧਾਨ ਤੇ ਐੱਫਸੀਆਈ ਮੈਂਬਰ ਭਾਰਤ ਸਰਕਾਰ ਦੇ ਯਤਨਾਂ ਸਦਕਾ ਖਤਮ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਬੱਲੂਆਣਾ ਦੀ ਦਲਿਤ ਬਸਤੀ ਦੇ ਪ੍ਰਾਇਮਰੀ ਸਕੂਲ, ਜਿਸ 'ਚ 46 ਬੱਚੇ ਪੜ੍ਹਦੇ ਹਨ, ਜਿਸ ਸਮੇਂ ਤੋਂ ਸਕੂਲ ਹੋਂਦ ਵਿਚ ਆਇਆ ਹੈ, ਉਸ ਸਮੇਂ ਤੋਂ ਹੀ ਸਕੂਲ ਦਾ ਕੋਈ ਵੀ ਪੱਕਾ ਰਾਹ ਨਹੀਂ ਹੈ ਅਤੇ ਸਕੂਲ ਨੂੰ ਜਾਂਦੇ ਦੋਵੇਂ ਗੇਟ ਆਰਜੀ ਬਣੇ ਹੋਏ ਸਨ। ਪਿਛਲੇ ਦਿਨੀਂ ਦਲਿਤ ਕਾਲੋਨੀ ਦੇ ਕੁਝ ਵਿਅਕਤੀਆਂ ਵੱਲੋਂ ਸਕੂਲ ਦੇ ਗੇਟਾਂ ਅੱਗੇ ਰਾਹ 'ਚ ਕੰਧ ਕੱਢ ਦਿੱਤੀ ਗਈ ਸੀ, ਜਿਸ ਕਰਕੇ ਪਿਛਲੇ ਚਾਰ ਦਿਨਾਂ ਤੋਂ ਸਕੂਲ ਦੇ ਅਧਿਆਪਕ ਬੱਚਿਆਂ ਸਮੇਤ ਸਕੂਲ ਦੇ ਰਾਹ ਬੰਦ ਹੋਣ ਕਾਰਨ ਸਕੂਲ ਦੇ ਬਾਹਰ ਗਲੀ 'ਚ ਅਤੇ ਧਰਮਸ਼ਾਲਾ 'ਚ ਹੀ ਕਲਾਸਾਂ ਲਾਉਂਦੇ ਰਹੇ ਸਨ। ਪਰ ਕਿਰਨਜੀਤ ਸਿੰਘ ਗਹਿਰੀ ਨੇ ਸਰਪੰਚ ਟਹਿਲ ਸਿੰਘ, ਸਮੂਹ ਪੰਚਾਇਤ ਅਤੇ ਸਕੂਲ ਦੇ ਰਸਤੇ ਕੰਧ ਕੱਢਣ ਵਾਲੇ ਗੁਰਮੀਤ ਸਿੰਘ ਸਾਬਕਾ ਪੰਚ ਦਾ ਆਪਸ ਵਿਚ ਸਮਝੌਤਾ ਕਰਵਾ ਕੇ ਗੁਰਮੀਤ ਸਿੰਘ ਨੂੰ ਪਿੰਡ ਦੀ ਪੰਚਾਇਤ ਨੇ ਲਿਖਤੀ ਤੌਰ 'ਤੇ ਉਸ ਦੀ ਕਾਲੋਨੀ ਦੇ ਸਾਹਮਣੇ ਪਈ ਪੰਚਾਇਤ ਦੀ ਜਗ੍ਹਾ ਵਰਤਣ ਦੀ ਸਹਿਮਤੀ ਦੇ ਦਿੱਤੀ ਹੈ ਤੇ ਉਸ ਨੇ ਜੋ ਸਕੂਲ ਦੇ ਗੇਟ ਦੇ ਰਸਤੇ ਕੰਧ ਕੱਢੀ ਸੀ, ਉਸ ਨੂੰ ਢਾਹ ਕੇ ਸਕੂਲੀ ਬੱਚਿਆਂ ਨੂੰ ਧਰਮਸ਼ਾਲਾ ਤੋਂ ਸਕੂਲ 'ਚ ਕਲਾਸਾਂ ਲਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਇਸ ਮੌਕੇ ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਕਿ ਸਕੂਲ ਦੇ ਰਾਹ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਸਾਬਕਾ ਮੈਂਬਰ ਗੁਰਮੀਤ ਸਿੰਘ ਅਤੇ ਪਿੰਡ ਦੀ ਮੌਜੂਦਾ ਪੰਚਾਇਤ ਤੇ ਦਲਿਤ ਕਾਲੋਨੀ ਦੇ ਵਸਨੀਕਾਂ ਵਿਚਕਾਰ ਵਿਵਾਦ ਚੱਲ ਰਿਹਾ ਸੀ। ਉਹ ਦੋਨਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਖਤਮ ਹੋ ਗਿਆ ਹੈ। ਉਨ੍ਹਾਂ ਗੁਰਮੀਤ ਸਿੰਘ ਸਾਬਕਾ ਪੰਚ, ਸਰਪੰਚ ਟਹਿਲ ਸਿੰਘ ਤੇ ਐੱਸਸੀ ਵਿੰਗ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਟਹਿਲ ਸਿੰਘ ਸਰਪੰਚ ਨੇ ਗਹਿਰੀ, ਅਕਾਲੀ ਦਲ ਐੱਸਸੀ ਵਿੰਗ ਦੇ ਅਹੁਦੇਦਾਰਾਂ, ਪੰਚਾਇਤ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪੰਚਾਇਤ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਠਾਣਾ ਸਿੰਘ ਬੁਰਜ ਮਹਿਮਾ ਸਾਬਕਾ ਮੈਂਬਰ ਬਲਾਕ ਸੰਮਤੀ, ਅੰਗਰੇਜ਼ ਸਿੰਘ ਦਿਉਣ, ਡਾ: ਗੁਰਦੀਪ ਸਿੰਘ ਬਾਹੋ ਯਾਤਰੀ, ਅੰਮਿ੍ਰਤਪਾਲ ਸਿੰਘ ਬੀੜ ਤਲਾਬ ਤੋਂ ਇਲਾਵਾ ਨਾਇਬ ਸਿੰਘ ਪੰਚ, ਲਾਲ ਚੰਦ ਪੰਚ, ਬਬਲੀ ਰਾਮ ਪੰਚ, ਜੁਗਰਾਜ ਸਿੰਘ ਡੀਪੀਈ, ਬਲਜਿੰਦਰ ਕੌਰ, ਕੁਲਦੀਪ ਕੌਰ, ਕਰਮਜੀਤ ਕੌਰ, ਜਰਨੈਲ ਸਿੰਘ ਸਾਬਕਾ ਸਰਪੰਚ, ਜਗਦੇਵ ਸਿੰਘ, ਇਕਬਾਲ ਸਿੰਘ ,ਗੁਰਮੀਤ ਸਿੰਘ ਸਾਬਕਾ ਪੰਚ ਅਤੇ ਗੁਰਤੇਜ ਸਿੰਘ ਆਦਿ ਹਾਜ਼ਰ ਸਨ।